10ਵੇਂ ਰਾਸ਼ਟਰੀ ਵੋਟਰ ਦਿਵਸ ਮੌਕੇ ਹੋਇਆ ਜ਼ਿਲਾ ਪੱਧਰੀ ਸਮਾਗਮ
ਵਿਸ਼ੇਸ਼ ਪ੍ਰਤੀਨਿਧ ਅੰਮ੍ਰਿਤ ਪਾਲ ਬਰਾੜ
ਕਪੂਰਥਲਾ, 25 ਜਨਵਰੀ :
10ਵੇਂ ਰਾਸ਼ਟਰੀ ਵੋਟਰ ਦਿਵਸ ਮੌਕੇ ਜ਼ਿਲਾ ਪੱਧਰੀ ਸਮਾਗਮ ਅੱਜ ਸਥਾਨਕ ਨਵਾਬ ਜੱਸਾ ਸਿੰਘ ਆਹਲੂਵਾਲੀਆ ਸਰਕਾਰੀ ਕਾਲਜ ਵਿਖੇ ਕਰਵਾਇਆ ਗਿਆ। ਕਾਲਜ ਦੇ ਜੁਬਲੀ ਹਾਲ ਵਿਖੇ ਕਰਵਾਏ ਗਏ ਇਸ ਸਮਾਗਮ ਦੀ ਪ੍ਰਧਾਨਗੀ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਕੀਤੀ।
ਇਸ ਮੌਕੇ ਵੋਟਰ ਦਿਵਸ ਦੇ ਸਬੰਧ ਵਿਚ ਕਰਵਾਏ ਗਏ ਮੁਕਾਬਲਿਆਂ ਦੇ ਜੇਤੂ ਬੱਚਿਆਂ ਨੂੰ ਇਨਾਮ ਵੰਡੇ ਗਏ ਅਤੇ ਨਵੇਂ ਵੋਟਰਾਂ ਨੂੰ ਬੈਜ ਅਤੇ ਫੋਟੋ ਵੋਟਰ ਕਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਵੋਟਰਾਂ ਨੂੰ ਬਿਨਾਂ ਕਿਸੇ ਡਰ-ਭੈਅ, ਜਾਤ, ਮਜ਼ਹਬ ਤੋਂ ਉਪਰ ਉੱਠ ਕੇ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਦੀ ਸਹੁੰ ਵੀ ਚੁਕਾਈ ਗਈ।
ਇਸ ਮੌਕੇ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਦਾ ਸੰਦੇਸ਼ ਵੀ ਪ੍ਰਾਜੈਕਟਰ ’ਤੇ ਵਿਖਾਇਆ ਗਿਆ ਅਤੇ ਈ. ਵੀ. ਐਮਜ਼ ਅਤੇ ਵੀ. ਵੀ. ਪੈਟਜ਼ ਬਾਰੇ ਜਾਣੂ ਕਰਵਾਇਆ ਗਿਆ। ਇਸ ਮੌਕੇ ਬਣਾਇਆ ਗਿਆ ਡੰਮੀ ਪੋਲਿੰਗ ਕੇਂਦਰ ਵਿਸ਼ੇਸ਼ ਖਿੱਚ ਦਾ ਕੇਂਦਰ ਰਿਹਾ, ਜਿਸ ਰਾਹੀਂ ਵਿਦਿਆਰਥੀਆਂ ਨੂੰ ਵੋਟ ਪਾਉਣ ਦੀ ਪ੍ਰਕਿਰਿਆ ਸਬੰਧੀ ਜਾਣਕਾਰੀ ਦਿੱਤੀ ਗਈ।
ਸਮਾਗਮ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਦੀਪਤੀ ਉੱਪਲ ਨੇ ਕਿਹਾ ਕਿ ਲੋਕਤੰਤਰ ਦੀ ਸਫਲਤਾ ਲਈ ਸਾਨੂੰ ਸਾਰਿਆਂ ਨੂੰ ਅਤੇ ਖਾਸ ਕਰਕੇ ਨੌਜਵਾਨ ਵਰਗ ਨੂੰ ਵੋਟ ਦੇ ਅਧਿਕਾਰ ਦਾ ਸਹੀ ਇਸਤੇਮਾਲ ਕਰਨਾ ਚਾਹੀਦਾ ਹੈ। ਉਨਾਂ ਕਿਹਾ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਜਿਥੇ ਲੋਕਾਂ ਵਲੋਂ ਚੋਣਾਂ ਦੌਰਾਨ ਆਪਣੇ ਮਤ ਦੇ ਪ੍ਰਯੋਗ ਰਾਹੀਂ ਆਪਣੀ ਮਰਜ਼ੀ ਦੀਆਂ ਸਰਕਾਰਾਂ ਚੁਣੀਆਂ ਜਾਂਦੀਆਂ ਹਨ। ਉਨਾਂ ਕਿਹਾ ਕਿ ਇਕ-ਇਕ ਵੋਟ ਵੱਡਾ ਮਹੱਤਵ ਰੱਖਦੀ ਹੈ ਅਤੇ ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਸਾਡੀ ਇਕ ਵੋਟ ਨਾਲ ਕੀ ਫਰਕ ਪੈਣਾ ਹੈ। ਉਨਾਂ ਕਿਹਾ ਕਿ ਮੁਲਕ ਦਾ ਭਵਿੱਖ ਨੌਜਵਾਨਾਂ ਦੇ ਹੱਥ ਹੈ ਕਿਉਂਕਿ ਇਥੇ ਬਹੁਗਿਣਤੀ ਨੌਜਵਾਨ ਵੋਟਰਾਂ ਦੀ ਹੈ, ਜਿਹੜੇ ਨਵੀਂ ਅਤੇ ਨਰੋਈ ਸੋਚ ਰੱਖਦੇ ਹਨ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਰਾਹੁਲ ਚਾਬਾ ਨੇ ਇਸ ਦਿਨ ਦੀ ਮਹੱਤਤਾ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਅੱਜ ਦਾ ਦਿਨ ਸਾਨੂੰ ਅਹਿਸਾਸ ਕਰਵਾਉਂਦਾ ਹੈ ਕਿ ਵੋਟਰ ਚੋਣਾਂ ਵਾਲੇ ਦਿਨ ਆਪਣੇ ਮਤ ਦਾ ਵੱਧ ਤੋਂ ਵੱਧ ਪ੍ਰਯੋਗ ਕਰਨ ਅਤੇ ਨੌਜਵਾਨ ਵੋਟਰ ਵੋਟ ਦੀ ਰਜਿਸਟਰੇਸ਼ਨ ਜ਼ਰੂਰ ਕਰਵਾਉਣ। ਉਨਾਂ ਦੱਸਿਆ ਕਿ ਅੱਜ ਦੇ ਦਿਨ ਜ਼ਿਲੇ ਵਿਚ ਸਬ-ਡਵੀਜ਼ਨ ਅਤੇ ਬੂਥ ਪੱਧਰ ’ਤੇ ਵੀ ਰਾਸ਼ਟਰੀ ਵੋਟਰ ਦਿਵਸ ਸਬੰਧੀ ਸਮਾਗਮ ਆਯੋਜਿਤ ਕਰਕੇ ਵੋਟਰਾਂ ਨੂੰ ਵੋਟ ਦੀ ਮਹੱਤਤਾ ਸਬੰਧੀ ਜਾਣੂ ਕਰਵਾਇਆ ਜਾ ਰਿਹਾ ਹੈ।
ਇਸ ਦੌਰਾਨ ਵਿਦਿਆਰਥੀਆਂ ਵੱਲੋਂ ਗੀਤਾਂ, ਕਵਿਤਾਵਾਂ, ਨਾਟਕਾਂ ਅਤੇ ਗਿੱਧੇ ਰਾਹੀਂ ਵੋਟ ਦੇ ਹੱਕ ਪ੍ਰਤੀ ਜਾਗਰੂਕ ਕੀਤਾ ਗਿਆ। ਇਸ ਮੌਕੇ ਐਸ. ਡੀ. ਐਮ ਕਪੂਰਥਲਾ ਵਰਿੰਦਰ ਪਾਲ ਸਿੰਘ ਬਾਜਵਾ ਨੂੰ ਸਰਬੋਤਮ ਈ. ਆਰ. ਓ, ਪ੍ਰੋ. ਸਰਬਜੀਤ ਸਿੰਘ ਧੀਰ, ਪ੍ਰੋ. ਬੀ. ਐਸ ਵਿਰਕ ਅਤੇ ਜ਼ਿਲਾ ਗਾਈਡੈਂਸ ਕਾੳਂਸਲਰ ਪਰਮਜੀਤ ਸਿੰਘ ਨੂੰ ਸਰਬੋਤਮ ਨੋਡਲ ਅਫ਼ਸਰ ਅਤੇ ਆਨੰਦ ਪ੍ਰਕਾਸ਼ ਨੂੰ ਸਰਬੋਤਮ ਬੀ. ਐਲ. ਓ ਦਾ ਸਨਮਾਨ ਮਿਲਿਆ।