ਅਸ਼ੋਕ ਵਰਮਾ
ਬਠਿੰਡਾ, 25 ਜਨਵਰੀ 2020 - ਮੁਲਕ ਦੇ ਗਣਤੰਤਰ ਦਿਵਸ ਮੌਕੇ ਭਾਰਤ ਦੇ ਰਾਸ਼ਟਰਪਤੀ ਕੋਲੋਂ ਸਨਮਾਨ ਹਾਸਲ ਕਰਨ ਵਾਲਾ ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਸ਼ਰਮਾ ਪੰਜਾਬੀ ਮਾਂ ਬੋਲੀ ’ਚ ਆਈਏਐਸ ਕਰਨ ਵਾਲਾ ਪਹਿਲਾ ਅਧਿਕਾਰੀ ਹੈ। ਮਾਤ ਭਾਸ਼ਾ ਨੂੰ ਪਰਣਾਏ ਹੋਣ ਦੀ ਪੁਖਤਾ ਮਿਸਾਲ ਹੈ ਕਿ ਉਹ ਸੱਚੀ ਮੁੱਚੀਂ ਮਾਂ ਬੋਲੀ ਦਾ ਸੱਚਾ ਪੁੱਤਰ ਹੈ। ਹੁਣ ਤਾਂ ਆਮ ਲੋਕ ਵੀ ਆਖਦੇ ਹਨ ਕਿ ਮਾਂ ਬੋਲੀ ਦੇ ਸਿਰ ਤੇ ਐਨੀ ਉੱਚੀ ਮੰਜਲ ਸਰ ਕਰਨ ਵਾਲਾ ਵਰਿੰਦਰ ਸ਼ਰਮਾ ਜਿਸ ਮੁਕਾਮ ਤੇ ਪੁੱਜਿਆ ਸ਼ਾਇਦ ਇਸ ਦਾ ਸੁਫਨਾ ਉਸ ਨੇ ਵੀ ਨਹੀਂ ਲਿਆ ਹੋਣਾ। ਬਠਿੰਡਾ ’ਚ ਵਧੀਕ ਡਿਪਟੀ ਕਮਿਸ਼ਨਰ, ਮੁੱਖ ਪ੍ਰਸ਼ਾਸ਼ਕ ਪੁੱਡਾ ਅਤੇ ਕਾਰਜਕਾਰੀ ਡਿਪਟੀ ਕਮਿਸ਼ਨਰ ਵਰਗੇ ਅਹਿਮ ਅਹੁਦਿਆਂ ਤੇ ਰਹਿੰਦਿਆਂ ਉਸ ਨੇ ਹਮੇਸ਼ਾ ਪੰਜਾਬੀ ’ਚ ਗੱਲਬਾਤ ਨੂੰ ਤਰਜੀਹ ਦਿੱਤੀ ਜਿਸ ਦਾ ਸਿੱਟਾ ਲੋਕਾਂ ਦੇ ਨੇੜੇ ਹੋਣ ’ਚ ਨਿੱਕਲਿਆ। ਹਾਲਾਂਕਿ ਇਸ ਦਾ ਇਹ ਮਤਲਬ ਨਹੀਂ ਕਿ ਵਰਿੰਦਰ ਸ਼ਰਮਾ ਨੂੰ ਹੋਰ ਭਾਸ਼ਾਵਾਂ ਦਾ ਗਿਆਨ ਨਹੀਂ ਬਲਕਿ ਅੰਗਰੇਜੀ ਭਾਸ਼ਾ ਤੇ ਵੀ ਉਸ ਦੀ ਪੂਰੀ ਪਕੜ ਸੀ ਪਰ ਸ਼ਰਮਾ ਨੇ ਪੱਜਾਬੀ ਮਾਂ ਬੋਲੀ ਦੀ ਪੂਜਾ ਕੀਤੀ।
ਵਰਿੰਦਰ ਸ਼ਰਮਾ ਨੇ ਮਾਤਾ ਰਾਮ ਮੂਰਤੀ ਦੀ ਕੁੱਖੋਂ ਪਿਤਾ ਜੀਤ ਰਾਮ ਸ਼ਰਮਾ ਦੇ ਘਰ ਜਨਮ ਲਿਆ। ਅੱਜ ਦੇ ਨੌਜਵਾਨ ਭਾਸ਼ਾ ਨੂੰ ਅੜਿੱਕਾ ਨਾ ਮੰਨਣ ਬਲਕਿ ਆਪਣੀ ਮਨਪਸੰਦ ਭਾਸ਼ਾ ‘ਚ ਪੜਾਈ ਕਰਦਿਆਂ ਪੂਰੀ ਤਨਦੇਹੀ ਨਾਲ ਮਿਹਨਤ ਕਰਨ , ਸਫਲਤਾ ਨਿਸਚੇ ਹੀ ਕਦਮ ਚੁੰਮੇਗੀ। ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾਂ ਨੇ ਖੁਦ ਮਾਂ ਬੋਲੀ ਪੰਜਾਬੀ ਨੂੰ ਆਪਣਾ ਮਾਧਿਅਮ ਬਣਾਇਆ ਅਤੇ ਮੰਜਿਲ ਸਰ ਕੀਤੀ ਹੈ। ਸ੍ਰੀ ਸ਼ਰਮਾਂ ਨਾਲ ਗੱਲਬਾਤ ਕਰਦਿਆਂ ਕਿਸੇ ਆਮ ਵਿਅਕਤੀ ਨੂੰ ਵੀ ਉਨਾਂ ਦੇ ਅਫਸਰ ਹੋਣ ਦੀ ਬਜਾਏ ਆਪਣਾ ਹਮਦਰਦ ਹੋਣ ਦਾ ਅਹਿਸਾਸ ਹੁੰਦਾ ਹੈ। ਮੋਹਾਲੀ ਤੋਂ 25 ਕਿਲੋਮੀਟਰ ਦੂਰ ਡੇਰਾਬਸੀ ਤੋਂ ਕਿ ਰੋਡ ਤੇ ਪੈਂਦੇ ਪਿੰਡ ਭਾਗਸੀ ਦੇ ਇਸ ਨੌਜਵਾਨ ਅਧਿਕਾਰੀ ਦਾ ਬਚਪਨ ਪਿੰਡਾਂ ਦੇ ਆਮ ਬਾਲਾਂ ਦੀ ਤਰਾਂ ਗੁਜਰਿਆ ਹੈ। ਦੋ ਸਾਲ ਦੀ ਉਮਰ ‘ਚ ਪੋਲੀਓ ਨਾਲ ਇੱਕ ਲੱਤ ‘ਚ ਰਤਾ ਫਰਕ ਆਉਣ ਨੂੰ ਉਸਨੇ ਕਦੇ ਵੀ ਆਪਣੇ ਰਾਹ ਦਾ ਰੋੜਾ ਨਹੀਂ ਬਨਣ ਦਿੱਤਾ। ਸ੍ਰੀ ਸ਼ਰਮਾਂ ਆਪਣੀ ਮਰਹੂਮ ਮਾਤਾ ਵੱਲੋਂ ਦਿਖਾਏ ਰਾਹ ਨੂੰ ਚੇਤੇ ਕਰਦਿਆਂ ਭਾਵੁਕ ਵੀ ਹੁੰਦੇ ਹਨ ਅਤੇ ਇਸ ਮੁਕਾਮ ਤੱਕ ਪੁਜਦਾ ਕਰਨ ਲਈ ਮਾਂ ਦੀ ਕੁਰਬਾਨੀ ਨੂੰ ਸਿਜਦਾ ਵੀ ਕਰਦੇ ਹਨ।
ਪੁਆਧ ਖਿੱਤੇ ਦੇ ਛੋਟੇ ਜਿਹੇ ਪਿੰਡ ਭਾਗਸੀ ਦੇ ਜੰਮਪਲ ਵਰਿੰਦਰ ਸ਼ਰਮਾ ਨੇ ਮੁਢਲੀ ਸਿੱਖਿਆ ਸਰਕਾਰੀ ਪ੍ਰਾਇਮਰੀ ਸਕੂਲ ਘਨੌਰ ਤੋਂ ਹਾਸਲ ਕੀਤੀ ਸੀ ਜਦੋਂਕਿ ਦਸਵੀ ਕਲਾਸ ਉਸ ਨੇ ਲਾਛੜੂ ਕਲਾਂ ਤੋਂ ਪ੍ਰਾਪਤ ਕੀਤੀ ਸੀ। ਹੰਸ ਰਾਜ ਸਕੂਲ ਅੱਬਾਲਾ ਤੋਂ 12 ਵੀਂ ਕਲਾਸ ਪਾਸ ਕਰਨ ਉਪਰੰਤ ਪੰਜਾਬ ਯੂਨੀਵਰਸਿਟੀ ਚੰਡੀਗੜ ਤੋਂ ਬੀਟੈਕ ਕੀਤੀ ਸੀ। ਵਰਿੰਦਰ ਸ਼ਰਮਾ ਨੇ ਪੰਜਾਬ ਰਾਜ ਬਿਜਲੀ ਬੋਰਡ ਵਿੱਚ ਐਸਡੀਓ ਵਜੋਂ ਸੇਵਾਵਾਂ ਸ਼ੁਰੂ ਕੀਤੀਆਂ ਪਰ ਇਸ ਨੌਕਰੀ ਨੂੰ ਆਪਣੀ ਮੰਜਿਲ ਨਹੀਂ ਬਣਾਇਆ। ਉਨਾਂ ਨੇ ਅੱਗੇ ਵਧਣ ਦਾ ਟੀਚਾ ਮਿਥਿਆ ਅਤੇ ਪੂਰੀ ਲਗਨ ਨਾਲ ਪੜਾਈ ਸ਼ੁਰੂ ਕਰ ਦਿੱਤੀ। ਪੰਜਾਬ ਸਿਵਲ ਸਰਵਿਸ (ਪੀ ਸੀ ਐਸ) ਦੀ ਪ੍ਰੀਖਿਆ ਪਾਸ ਕੀਤੀ ਅਤੇ ਜਿਲਾਂ ਖੁਰਾਕ ਤੇ ਸਪਲਾਈ ਅਫਸਰ ਵਜੋਂ ਲੁਧਿਆਣਾ ’ਚ ਤਾਇਨਾਤੀ ਹਾਸਲ ਕੀਤੀ। ਇਸ ਅਹਿਮ ਅਹੁਦੇ ਤੇ ਰਹਿੰਦਿਆਂ ਵਰਿੰਦਰ ਸ਼ਰਮਾ ਨੇ ਹੋਰ ਵੀ ਬੁਲੰਦੀਆਂ ਛੂਹਣ ਦਾ ਮਨ ਬਣਾ ਲਿਆ।
ਵਰਿੰਦਰ ਸ਼ਰਮਾ ਨੂੰ ਧਰਮਪਤਨੀ ਪਰਵੀਨ ਸ਼ਰਮਾ ਜੋ ਖੁਦ ਪੰਜਾਬੀ ਮਿਸਟਰੈਸ ਸਨ ਨੇ ਹੱਲਾਸ਼ੇਰੀ ਦਿੱਤੀ ਅਤੇ ਆਈਏਐਸ ਬਣਨ ਲਈ ਪ੍ਰੇਰਿਆ। ਨਿਯਮਾਂ ਮੁਤਾਬਿਕ ਆਈ.ਏ.ਐਸ. ਲਈ ਉਮਰ ਹੱਦ ਪਾਰ ਕਰ ਲਈ ਸੀ ਪਰ ਫਿਜੀਕਲ ਚੈਂਲੈਜ ਕੈਟਾਗਰੀ ਰਾਹੀਂ ਪ੍ਰੀਖਿਆ ਦੇਣ ਦਾ ਮੌਕਾ ਮਿਲਣ ਤੇ ਪੂਰੀ ਤਨਦੇਹੀ ਅਤੇ ਸਮਾਂਬੱਧ ਤਰੀਕੇ ਨਾਲ ਪੜਾਈ ਕੀਤੀ । ਉਸ ਵਕਤ ਪਤਨੀ ਵੱਲੋਂ ਕੀਤੀ ਹੌਂਸਲਾ ਅਫਜ਼ਾਈ ਨੇ ਹਿੰਮਤ ਦਿੱਤੀ। ਆਪਣੇ ਮਾਂ ਬੋਲੀ ਦੇ ਪਿਆਰ ਨੂੰ ਦਿਲ ’ਚ ਵਸਾਇਆ ਅਤੇ ਪੰਜਾਬ ’ਚ ਆਈਏਐਸ ਦੀ ਪ੍ਰੀਖਿਆ ਪਾਸ ਕਰਕੇ ਇਤਿਹਾਸ ਰਚ ਦਿੱਤਾ। ਵਰਿੰਦਰ ਸ਼ਰਮਾਂ ਨੇ ਅੰਡਰ ਟਰੇਨਿਗ ਆਈ.ਏ.ਐਸ. ਸ੍ਰੀ ਮੁਕਤਸਰ ਸਾਹਿਬ ਤੋਂ ਆਪਣਾ ਸਫਰ ਸ਼ੁਰੂ ਕੀਤਾ ਉਹ ਐਸ.ਡੀ.ਐਮ.ਜੈਤੋ ਤੇ ਮਾਨਸਾ, ਏ.ਡੀ.ਸੀ. ਮਾਨਸਾ ਤੇ ਅੰਮਿ੍ਰਤਸਰ, ਮੁੱਖ ਪ੍ਰਸ਼ਾਸ਼ਕ ਬਠਿੰਡਾ ਵਿਕਾਸ ਅਥਾਰਟੀ ਅਤੇ ਚੇਅਰਮੈਨ ਇੰਪਰੂਵਮੈਂਟ ਟਰਸਟ ਬਠਿੰਡਾ ਵਜੋਂ ਵੀ ਸੇਵਾਵਾਂ ਨਿਭਾ ਚੁੱਕੇ ਹਨ ਜਦੋਂਕਿ ਹੁਣ ਉੁਨਾਂ ਦੀ ਡਿਪਟੀ ਕਮਿਸ਼ਨਰ ਜਲੰਧਰ ਦੇ ਤੌਰ ਤੇ ਪਾਰੀ ਚੱਲ ਰਹੀ ਹੈ।