ਆਮ ਆਦਮੀ ਪਾਰਟੀ ਦੇ ਦੋਸ਼ ਨਿਰੇ ਰਾਜਸੀ ਹਿੱਤਾਂ ਤੋਂ ਪ੍ਰੇਰਿਤ: ਵਿਜੇ ਇੰਦਰ ਸਿੰਗਲਾ
ਕਿਹਾ, “ਕਦੇ ਵੀ ਗਲਤ ਕੰਮ ਨਹੀਂ ਕੀਤਾ ਤੇ ਨਾ ਹੀ ਗਲਤ ਕੰਮ ਦਾ ਸਮਰਥਨ ਕੀਤਾ ਮਾਣਯੋਗ ਅਦਾਲਤ ਕਰੇਗਾ ਪੂਰਾ ਇਨਸਾਫ਼”
ਚੰਡੀਗੜ੍ਹ, 25 ਜਨਵਰੀ, 2020 :
ਪੰਜਾਬ ਦੇ ਲੋਕ ਨਿਰਮਾਣ ਅਤੇ ਸਿੱਖਿਆ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਨੇ ਅੱਜ ਆਮ ਆਦਮੀ ਪਾਰਟੀ ਵੱਲੋਂ ਕੀਤੀ ਦੂਸ਼ਣਬਾਜੀ ਉਤੇ ਬੋਲਦਿਆਂ ਕਿਹਾ ਕਿ ਆਪ ਵੱਲੋਂ ਲਗਾਏ ਦੋਸ਼ ਨਿਰੇ ਰਾਜਸੀ ਹਿੱਤਾਂ ਤੋਂ ਪ੍ਰੇਰਿਤ ਹਨ।
ਸ੍ਰੀ ਸਿੰਗਲਾ ਨੇ ਕਿਹਾ ਕਿ ਜਿਸ ਤਰ੍ਹਾਂ ਮਾਨਯੋਗ ਅਦਾਲਤ ਨਾਲ ਸਬੰਧਤ ਮਾਮਲੇ ਵਿੱਚ ਅੱਜ ਆਪ ਆਗੂਆਂ ਨੇ ਦੂਸ਼ਣਬਾਜ਼ੀ ਕੀਤੀ ਹੈ ਉਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਇਹ ਰਾਜਸੀ ਹਿੱਤਾਂ ਤੋ ਪ੍ਰੇਰਿਤ ਹੈ।ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਕਦੇ ਵੀ ਗਲਤ ਕੰਮ ਨਹੀਂ ਕੀਤਾ ਅਤੇ ਨਾ ਹੀ ਕਿਸੇ ਗਲਤ ਕੰਮ ਦਾ ਸਮਰਥਨ ਕੀਤਾ ਹੈ। ਉਨ੍ਹਾਂ ਕਿਹਾ ਕਿ ਮਾਣਯੋਗ ਅਦਾਲਤ ਇਸ ਮਾਮਲੇ ਵਿੱਚ ਉਨ੍ਹਾਂ ਨਾਲ ਪੂਰਾ ਇਨਸਾਫ਼ ਕਰੇਗੀ ਕਿਉਕਿ ਉਹ ਇਸ ਦੇਸ਼ ਵਿੱਚ ਕਾਨੂੰਨ ਚ ਪੂਰਾ ਵਿਸ਼ਵਾਸ ਰੱਖਣ ਵਾਲੇ ਨਾਗਰਿਕ ਹਨ ਅਤੇ ਆਉਣ ਵਾਲੀ ਤਰੀਕ ਵਿੱਚ ਸਭ ਸਾਫ ਹੋ ਜਾਵੇਗਾ।
ਸ੍ਰੀ ਸਿੰਗਲਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਰਾਜਨੀਤੀ ਹੀ ਸ਼ੋਸ਼ੇਬਾਜੀ, ਝੂਠ ਅਤੇ ਤੱਥ ਰਹਿਤ ਗਲਤ ਬਿਆਨਬਾਜ਼ੀ ਉਤੇ ਟਿਕੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਮਾਮਲੇ ਵਿੱਚ ਕਿਸੇ ਮੰਤਰੀ ਨੂੰ ਪਾਰਟੀ ਬਣਾ ਕੇ ਕੋਈ ਨੋਟਿਸ ਕੱਢਿਆਂ ਜਾਂਦਾ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਉਹ ਦੋਸ਼ੀ ਹਨ। ਉਨ੍ਹਾਂ ਕਿਹਾ ਕਿ ਅੱਜ ਆਮ ਆਦਮੀ ਪਾਰਟੀ ਵੱਲੋਂ ਜਿਹੋ ਜਿਹੀ ਹੋਸ਼ੀ ਰਾਜਨੀਤੀ ਕਰਦਿਆਂ ਬੇਬੁਨਿਆਦ ਦੋਸ਼ ਲਗਾਏ ਹਨ, ਉਸ ਦਾ ਜਵਾਬ ਉਨ੍ਹਾਂ ਨੂੰ ਸੂਬੇ ਦੀ ਜਨਤਾ ਦੇਵੇਗੀ ਅਤੇ ਉਨ੍ਹਾਂ (ਮੰਤਰੀ) ਨੂੰ ਲੋਕਾਂ ਅਤੇ ਕਾਨੂੰਨ ਦੀ ਕਚਹਿਰੀ ਵਿੱਚੋਂ ਪੂਰਾ ਇਨਸਾਫ਼ ਮਿਲੇਗਾ।