ਸ਼ਹੀਦੀ ਸਮਾਰਕ ਵਿਖੇ ਫੁੱਲ ਮਾਲਾਵਾਂ ਭੇਂਟ ਕਰਦੇ ਹੋਏ ਮੁੱਖ ਮਹਿਮਾਨ ਡਿਪਟੀ ਕਮਿਸ਼ਨਰ , ਨਾਲ ਹਨ ਐਸ ਐਸ ਪੀ ਫਾਜ਼ਿਲਕਾ ਅਤੇ ਹੋਰ ਅਧਿਕਾਰੀ
ਜਗਦੀਸ਼ ਥਿੰਦ
ਫ਼ਾਜ਼ਿਲਕਾ, 26 ਜਨਵਰੀ
ਫ਼ਾਜ਼ਿਲਕਾ ਦੇ ਐਮ.ਆਰ. ਕਾਲਜ ਦੇ ਬਹੁਮੰਤਵੀ ਖੇਡ ਸਟੇਡੀਅਮ ਵਿਖੇ ਦੇਸ਼ ਦੇ 71ਵੇਂ ਗਣਤੰਤਰ ਦਿਵਸ ਮੌਕੇ ਆਯੋਜਿਤ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਸ. ਮਨਪ੍ਰੀਤ ਸਿੰਘ ਛੱਤਵਾਲ ਨੇ ਬਤੌਰ ਮੁੱਖ ਮਹਿਮਾਨ ਪਹੰੁਚ ਕੇ ਕੌਮੀ ਝੰਡਾ ਲਹਿਰਾਇਆ।
ਵਹੀਲ ਚੇਅਰ ਦੇਣ ਮੌਕੇ ਇੱਕ ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚੇ ਨੂੰ ਲਾਡ ਪਿਆਰ ਦਿੰਦੇ ਹੋਏ ਡਿਪਟੀ ਕਮਿਸ਼ਨਰ ਅਤੇ ਐੱਸ ਐੱਸ ਪੀ ਫ਼ਾਜ਼ਿਲਕਾ
ਇਸ ਮੌਕੇ ਉਨ੍ਹਾਂ ਦੇਸ਼-ਵਿਦੇਸ਼ ਵਿੱਚ ਵੱਸਦੇ ਸਾਰੇ ਭਾਰਤੀਆਂ, ਪੰਜਾਬੀਆਂ ਅਤੇ ਫ਼ਾਜਿਲਕਾ ਨਿਵਾਸੀਆਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੱਤੀ।
ਉਨ੍ਹਾਂ ਅੱਜ ਦੇ ਇਸ ਮੁਬਾਰਕਬਾਦ ਮੌਕੇ ਆਪਣੇ ਸੰਬੋਧਨ ਦੌਰਾਨ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਦਕਰ ਨੂੰ ਸਿਜਦਾ ਕੀਤਾ। ਉਨ੍ਹਾਂ ਕਿਹਾ ਇਹ ਦਿਹਾੜਾ ਸਾਨੂੰ ਸਾਡੇ ਆਜ਼ਾਦੀ ਘੁਲਾਟੀਆਂ ਵੱਲੋਂ ਭਾਰਤ ਦੇ ਭਵਿੱਖ ਬਾਰੇ ਲਏ ਗਏ ਸੁਪਨਿਆਂ ਨੂੰ ਸਾਕਾਰ ਕਰਨ ਦੀ ਯਾਦ ਦਿਵਾਉਂਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਆਜ਼ਾਦੀ ਸੰਘਰਸ਼ ਦੌਰਾਨ 80 ਫ਼ੀਸਦੀ ਤੋਂ ਵਧੇਰੇ ਕੁਰਬਾਨੀਆਂ ਦਾ ਇਤਿਹਾਸ ਪੰਜਾਬੀਆਂ ਦਾ ਰਿਹਾ ਹੈ। ਉਨ੍ਹਾਂ ਕਿਹਾ ਪੰਜਾਬੀਆਂ ਦੀਆਂ ਕੁਰਬਾਨੀਆਂ ਅਤੇ ਸਾਡੇ ਮਹਾਨ ਸ਼ਹੀਦਾਂ ਦੇ ਸਦਕਾ ਹੀ ਅੱਜ ਅਸੀਂ ਆਜ਼ਾਦੀ ਦੀ ਫਿਜ਼ਾ ਵਿੱਚ ਜ਼ਿੰਦਗੀ ਬਿਤਾ ਰਹੇ ਹਾਂ। ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ਦਾ ਇਤਿਹਾਸ ਖੂਨੀ ਸਾਕਿਆਂ ਦਾ ਇਤਿਹਾਸ ਹੈ ਅਤੇ ਆਜ਼ਾਦੀ ਦੇ ਪਰਵਾਨਿਆਂ ਨੇ ਦੇਸ਼ ਦੇ ਭਵਿੱਖ ਲਈ ਜੋ ਸੁਪਨਾ ਵੇਖਿਆ ਸੀ ਉਸਦੇ ਲਈ ਸਾਨੂੰ ਸਾਰਿਆਂ ਨੂੰ ਸਾਰਥਕ ਹੰਭਲੇ ਮਾਰਨੇ ਪੈਣਗੇ।
ਉਨ੍ਹਾਂ ਕਿਹਾ ਕਿ ਫ਼ਾਜ਼ਿਲਕਾ ਸ਼ਹਿਰ ਨਿਵਾਸੀਆਂ ਨੂੰ ਟਰੈਫਿਕ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ ਪੁਰਾਣਾ ਕਚਹਿਰੀ ਰੋਡ ’ਤੇ 2 ਕਰੋੜ 62 ਲੱਖ ਦੀ ਲਾਗਤ ਨਾਲ ਅੰਡਰਬਿ੍ਰਜ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ਹਿਰ ਵਾਸੀਆਂ ਦੀ ਵਿਸ਼ੇਸ਼ ਸਹੂਲਤ ਲਈ ਆਬਾਦੀ ਵਾਲੇ ਇਲਾਕੇ ਤੋਂ ਬਾਹਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨੇੜੇ 5 ਕਰੋੜ ਰੁਪਏ ਦੀ ਲਾਗਤ ਨਾਲ ਆਧੁਨਿਕ ਬੱਸ ਸਟੈਂਡ ਦੀ ਉਸਾਰੀ ਕਰਵਾਈ ਜਾ ਰਹੀ ਹੈ। ਬਸ ਸਟੈਂਡ ਦੇ ਚੱਲ ਰਹੇ ਕਾਰਜਾਂ ਨੂੰ ਹਰ ਹੀਲੇ ਅਗਸਤ 2020 ਤੱਕ ਮੁਕੰਮਲ ਕਰਕੇ ਸ਼ਹਿਰ ਵਾਸੀਆਂ ਨੂੰ ਸੌਂਪ ਦਿੱਤਾ ਜਾਵੇਗਾ। ਉਨ੍ਹਾਂ ਸਰਕਾਰ ਦੀ ਮਹੱਤਵਪੂਰਨ ਸਕੀਮ ਸਰਬਤ ਸਿਹਤ ਬੀਮਾ ਯੋਜਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਜ਼ਿਲੇ੍ਹ ਵਿੱਚ ਹੁਣ ਤੱਕ ਲੋੜਵੰਦ ਲੋਕਾਂ ਦੇ 2 ਲੱਖ 38 ਹਜ਼ਾਰ ਤੋਂ ਵਧੇਰੇ ਈ-ਕਾਰਡ ਬਣਾਏ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਹਿੰਸਾ ਦਾ ਸ਼ਿਕਾਰ ਮਹਿਲਾਵਾਂ ਤੇ ਕੁੜੀਆਂ ਨੂੰ ਇਕੋ ਛੱਤ ਹੇਠਾਂ ਸਹਾਇਤਾ ਤੇ ਸਹਿਯੋਗ ਪ੍ਰਦਾਨ ਕਰਨ ਲਈ ਸਿਵਲ ਹਸਪਤਾਲ ਫ਼ਾਜ਼ਿਲਕਾ ਵਿਖੇ ਵਨ ਸਟਾਪ ਸੈਂਟਰ ਦੀ ਉਸਾਰੀ ਦਾ ਕੰਮ 60 ਫ਼ੀਸਦੀ ਮੁਕੰਮਲ ਹੋ ਚੁੱਕਿਆ ਹੈ, ਜਿਸ ’ਤੇ ਪੰਜਾਬ ਸਰਕਾਰ ਵੱਲੋਂ 45 ਲੱਖ 90 ਹਜਾਰ ਰੁਪਏ ਖਰਚ ਕੀਤੇ ਜਾ ਰਹੇ ਹਨ।
ਇਸ ਤੋਂ ਪਹਿਲਾਂ ਮੁੱਖ ਮਹਿਮਾਨ ਜੀ ਦੀ ਤਰਫੋਂ ਆਸਫ ਵਾਲਾ ਸ਼ਹੀਦੀ ਸਮਾਰਕ ’ਤੇ ਸ਼ਹੀਦਾਂ ਨੂੰ ਸਰਧਾਂਜਲੀਆਂ ਭੇਂਟ ਕੀਤੀਆਂ। ਇਸ ਉਪਰੰਤ ਸ. ਛੱਤਵਾਲ ਵੱਲੋਂ ਐਮ.ਆਰ. ਕਾਲਜ ਦੇ ਸਟੇਡੀਅਮ ਵਿਖੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨ ਮਗਰੋਂ ਪਰੇਡ ਟੁਕੜੀਆਂ ਦਾ ਨਿਰੀਖਣ ਕੀਤਾ ਗਿਆ ਅਤੇ ਮਾਰਚ ਪਾਸਟ ਤੋਂ ਸਲਾਮੀ ਲਈ ਗਈ। ਇਸ ਮੌਕੇ ਜ਼ਿਲ੍ਹਾ ਪੁਲਿਸ ਮੁੱਖੀ ਸ. ਭੁਪਿੰਦਰ ਸਿੰਘ ਅਤੇ ਪਰੇਡ ਕਮਾਂਡਰ ਡੀ.ਐਸ.ਪੀ. ਸ੍ਰੀ ਰਾਹੁਲ ਭਾਰਦਵਾਜ ਵੀ ਉਨ੍ਹਾਂ ਦੇ ਨਾਲ ਸਨ। ਬਾਅਦ ਵਿੱਚ ਪੰਜਾਬ ਸਰਕਾਰ ਦੀਆਂ ਫਲੈਗਸ਼ਿਪ ਸਕੀਮਾਂ/ਯੋਜਨਾਵਾਂ ’ਤੇ ਅਧਾਰਿਤ ਝਾਕੀਆਂ ਦੀ ਪੇਸ਼ਕਾਰੀ ਹੋਈ, ਜਿਸ ਵਿੱਚ ਨਸ਼ਾ ਮੁਕਤੀ ਯੋਜਨਾ, ਤੰਦਰੁਸਤ ਪੰਜਾਬ ਮਿਸ਼ਨ ਤੇ ਆਯੁਸ਼ਮਾਨ ਭਾਰਤ ਸਰਬਤ ਸਿਹਤ ਬੀਮਾ ਯੋਜਨਾ, ਪੜ੍ਹੋ ਪੰਜਾਬ ਸਮਾਰਟ ਸਕੂਲ, ਕਰਜ਼ਾ ਮੁਆਫੀ ਸਬੰਧੀ, ਬਾਗਬਾਨੀ ਵਿਭਾਗ ਦੀਆਂ ਸਕੀਮਾਂ, ਪੀ.ਐਸ.ਪੀ.ਸੀ.ਐਲ, ਮਾਰਕਫੈਡ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਪਰਾਲੀ ਆਦਿ ਨੂੰ ਅੱਗ ਨਾ ਲਗਾਉਣ ਸਬੰਧੀ ਅਤੇ ਘਰ-ਘਰ ਹਰਿਆਲੀ ਦੀਆਂ ਝਾਕੀਆਂ ਸ਼ਾਮਿਲ ਸਨ। ਇਸ ਤੋਂ ਬਾਅਦ ਸਭਿਆਚਾਰਕ ਪ੍ਰੋਗਰਾਮ ਵਿੱਚ ਵੱਖ-ਵੱਖ ਸਕੂਲਾਂ ਅਤੇ ਜ਼ਿਲੇ੍ਹ ਦੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਵੱਲੋਂ ਦੇਸ਼ ਭਗਤੀ ’ਤੇ ਆਧਾਰਿਤ ਗੀਤ, ਨਾਟਕ ਅਤੇ ਹੋਰ ਪੇਸ਼ਕਾਰੀਆਂ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਡਿਪਟੀ ਕਮਿਸ਼ਨਰ ਸ. ਛੱਤਵਾਲ ਨੇ ਆਜ਼ਾਦੀ ਘੁਲਾਟੀਆਂ ਤੇ ਕਾਰਗਿਲ ਸ਼ਹੀਦਾਂ ਦੇ ਪਰਿਵਾਰਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ। ਮੁੱਖ ਮਹਿਮਾਨ ਜੀ ਵੱਲੋਂ ਇਸ ਤੋਂ ਬਾਅਦ ਲੋੜਵੰਦਾਂ ਨੂੰ 30 ਸਲਾਈ ਮਸ਼ੀਨਾਂ, 15 ਟਰਾਈਸਾਇਕਲ ਅਤੇ 5 ਵਹੀਲ ਚੇਅਰਾਂ ਦੀ ਵੰਡ ਕੀਤੀ ਅਤੇ ਵੱਖ-ਵੱਖ ਖੇਤਰਾਂ ਵਿਚ ਨਾਮਨਾ ਖੱਟਣ ਵਾਲੀਆਂ ਸ਼ਖਸੀਅਤਾਂ ਨੂੰ ਜ਼ਿਲ੍ਹਾ ਪੱਧਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਸ ਉਪਰੰਤ ਮੁੱਖ ਮਹਿਮਾਨ ਜੀ ਵੱਲੋਂ ਪਰੇਡ ਕਮਾਂਡਰ ਤੇ ਵੱਖ-ਵੱਖ ਟੁਕੜੀਆਂ ਦੇ ਕਮਾਂਡਰਾਂ ਨੂੰ ਸਨਮਾਨਿਤ ਕੀਤਾ ਗਿਆ ਤੇ ਯਾਦਗਾਰੀ ਤਸਵੀਰਾਂ ਖਿਚਵਾਈਆਂ ਗਈਆਂ। ਸਮਾਰੋਹ ਦੇ ਅੰਤ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫ਼ਾਜ਼ਿਲਕਾ ਦੀਆਂ ਵਿਦਿਆਰਥਣਾਂ ਅਤੇ ਜ਼ਿਲੇ ਦੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਵੱਲੋਂ ਰਾਸ਼ਟਰੀ ਗਾਣ ਪੇਸ਼ ਕੀਤਾ ਗਿਆ। ਡਿਪਟੀ ਕਮਿਸ਼ਨਰ ਸ. ਮਨਪ੍ਰੀਤ ਸਿੰਘ ਛੱਤਵਾਲ ਨੇ ਸਭਿਆਚਾਰ ਪ੍ਰੋਗਰਾਮ ਦੀ ਪੇਸ਼ਕਾਰੀ ਤੋਂ ਪ੍ਰਭਾਵਿਤ ਹੁੰਦਿਆਂ ਸਮਾਗਮ ਵਿੱਚ ਭਾਗ ਲੈਣ ਵਾਲੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਸੋਮਵਾਰ ਦੀ ਛੁੱਟੀ ਦਾ ਐਲਾਨ ਕੀਤਾ ਹੈ। ਮੁੱਖ ਮਹਿਮਾਨ ਜੀ ਵੱਲੋਂ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀਆਂ ਯੋਜਨਾਂਵਾਂ ਸਬੰਧੀ ਕਿਤਾਬ ਰਿਲੀਜ਼ ਕੀਤੀ ਗਈ।
ਇਸ ਮੌਕੇ ਵਿਧਾਇਕ ਫ਼ਾਜ਼ਿਲਕਾ ਦਵਿੰਦਰ ਸਿੰਘ ਘੁਬਾਇਆ, ਜ਼ਿਲ੍ਹਾ ਤੇ ਸੈਸ਼ਨ ਜੱਜ ਤਰਸੇਮ ਮੰਗਲਾ, ਐਡੀਸ਼ਨਲ ਸੈਸ਼ਨ ਜੱਜ ਸੰਦੀਪ ਸਿੰਘ ਜੋਸਨ , ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰਾਜਪਾਲ ਰਾਵਲ, ਚੈਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਹੰਸ ਰਾਜ ਜੋਸਨ, ਵਧੀਕ ਡਿਪਟੀ ਕਮਿਸ਼ਨਰ (ਵਿ) ਨਵਲ ਰਾਮ, ਐਸ.ਡੀ.ਐਮ. ਸੁਭਾਸ਼ ਖੱਟਕ, ਵਾਈਸ ਚੇਅਰਮੈਨ ਯੂਥ ਡਿਵੈਲਪਮੈਂਟ ਬੋਰਡ ਪੰਜਾਬ ਐਡਵੋਕੇਟ ਵਿਕਰਮ ਕੰਬੋਜ , ਸੀਨੀਅਰ ਕਾਂਗਰਸੀ ਆਗੂ ਬੀ.ਡੀ. ਕਾਲੜਾ, ਤਹਿਸੀਲਦਾਰ ਡੀ.ਪੀ. ਪਾਂਡੇ ਸਮੇਤ ਵੱਡੀ ਗਿਣਤੀ ’ਚ ਹੋਰ ਅਧਿਕਾਰੀ,ਆਗੂ, ਅਧਿਆਪਕ, ਸ਼ਹਿਰਵਾਸੀ ਅਤੇ ਵੱਖ-ਵੱਖ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀ ਹਾਜ਼ਰ ਸਨ।