ਹਰਜਿੰਦਰ ਸਿੰਘ ਬਸਿਆਲਾ
- ਭਾਰਤ ਦੇ 70ਵੇਂ ਗਣਤੰਤਰ ਦਿਵਸ ਮੌਕੇ ਵਲਿੰਗਟਨ ਅਤੇ ਔਕਲੈਂਡ ਵਿਖੇ ਲਹਿਰਾਏ ਤਿੰਰਗੇ - ਹੋਈ ਭਾਰਤ ਮਾਤਾ ਕੀ ਜੈ
ਔਕਲੈਂਡ, 26 ਜਨਵਰੀ - ਭਾਰਤ ਅੱਜ ਆਪਣੇ ਗਣਤੰਤਰ ਦਿਵਸ ਦੇ 70 ਸਾਲ ਪੂਰੇ ਕਰਕੇ 71ਵੇਂ ਸਾਲ ਵਿਚ ਦਾਖਲ ਹੋ ਗਿਆ ਹੈ। ਨਿਊਜ਼ੀਲੈਂਡ ਜਿੱਥੇ ਵਿਸ਼ਵਾਸ਼ ਕੀਤਾ ਜਾਂਦਾ ਹੈ ਕਿ ਦੁਨੀਆ ਦੇ ਵਿਚ ਇਥੇ ਸਭ ਤੋਂ ਪਹਿਲਾਂ ਸੂਰਜ ਦੀ ਕਿਰਨ ਧਰਤੀ ਉੱਤੇ ਸਿਜਦਾ ਕਰਨ ਪੁੱਜਦੀ ਹੈ, ਵਿਖੇ ਵੀ ਭਾਰਤ ਦਾ ਗਣਤੰਤਰ ਦਿਵਸ ਦੇਸ਼ ਦੀ ਰਾਜਧਾਨੀ ਵਲਿੰਗਟਨ ਵਿਖੇ ਭਾਰਤੀ ਦੂਤਾਵਾਸ ਵੱਲੋਂ ਅਤੇ ਔਕਲੈਂਡ ਵਿਖੇ ਆਨਰੇਰੀ ਕੌਂਸਲੇਟ ਸ. ਭਵਦੀਪ ਸਿੰਘ ਢਿੱਲੋਂ ਵੱਲੋਂ ਮਨਾਇਆ ਗਿਆ। ਵਲਿੰਗਟਨ ਵਿਖੇ ਭਾਰਤੀ ਹਾਈ ਕਮਿਸ਼ਨਰ ਸ੍ਰੀ ਮੁਕਤੇਸ਼ ਪ੍ਰਦੇਸ਼ੀ ਹੋਰਾਂ ਨੇ ਝੰਡੇ ਦੀ ਰਸਮ ਅਦਾ ਕੀਤੀ ਜਦ ਕਿ ਔਕਲੈਂਡ ਵਿਖੇ ਸ੍ਰੀ ਭਵਦੀਪ ਸਿੰਘ ਢਿੱਲੋਂ ਹੋਰਾਂ ਸੈਂਕੜੇ ਤੋਂ ਵੱਧ ਭਾਰਤੀਆਂ ਦੀ ਹਾਜ਼ਰੀ ਵਿਚ ਆਪਣੇ ਗ੍ਰਹਿ ਦੇ ਮੁੱਖ ਦੁਆਰ ਉਤੇ ਤਿਰੰਗਾ ਝੰਡਾ ਲਹਿਰਾ ਕੇ ਦੇਸ਼ ਦਾ ਰਾਸ਼ਟਰੀ ਗੀਤ ਜਨ ਗਨ ਮਨ ਗਾਇਆ। ਜਿੱਥੇ ਬੰਦੇ ਮਾਤਰਮ ਦੇ ਨਾਅਰੇ ਗੂੰਜੇ ਉਥੇ ਭਾਰਤੀ ਮਾਤਾ ਕੀ ਜੈ ਵੀ ਜ਼ਜਬਿਆਂ ਦੇ ਵਿਚ ਸੁਣਾਈ ਦਿੱਤੀ। ਇਸ ਮੌਕੇ ਭਾਰਤੀ ਸੰਸਦ ਮੈਂਬਰ ਸ. ਕੰਵਲਜੀਤ ਸਿੰਘ ਬਖਸ਼ੀ, ਸਾਂਸਦ ਡਾ. ਪਰਮਜੀਤ ਕੌਰ ਪਰਮਾਰ, ਮਾਣਯੋਗ ਜੱਜ ਅਜੀਤ ਸਵਰਨ ਸਿੰਘ, ਪੁਲਿਸ ਇੰਸਪੈਕਟਰ ਸ੍ਰੀ ਰਾਕੇਸ਼ ਨਾਇਡੂ ਸਮੇਤ ਭਾਰਤੀ ਕਮਿਊਨਿਟੀ ਅਤੇ ਭਾਰਤੀ ਮੀਡੀਆ ਕਰਮੀ ਖਾਸ ਤੌਰ 'ਤੇ ਪੁੱਜੇ ਹੋਏ ਸਨ। ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨ ਬਾਅਦ ਦੇਸ਼ ਭਗਤੀ ਦੇ ਗੀਤ ਗਾਏ ਗਏ। ਆਪਣੇ ਸੰਖੇਪ ਭਾਸ਼ਣ ਦੇ ਵਿਚ ਸ੍ਰੀ ਭਵਦੀਪ ਸਿੰਘ ਢਿੱਲੋਂ ਹੋਰਾਂ ਕਿਹਾ ਕਿ ਅਸੀਂ ਜਿਸ ਵੀ ਦੇਸ਼ ਦੇ ਵਿਚ ਚਲੇ ਜਾਈਏ ਅਸੀਂ ਭਾਰਤੀ ਮੂਲ ਦੇ ਅਖਵਾਉਣ ਵਿਚ ਮਾਣ ਮਹਿਸੂਸ ਕਰਾਂਗੇ। ਉਨ੍ਹਾਂ ਆਖਿਆ ਕਿ ਦੇਸ਼ ਤੋਂ ਬਾਹਰ ਹਰ ਭਾਰਤੀ ਆਪਣੇ ਦੇਸ਼ ਦਾ ਰਾਜਦੂਤ ਹੈ ਅਤੇ ਦੇਸ਼ ਦੇ ਨਾਲ ਇਮਾਨਦਾਰੀ ਅਤੇ ਭਾਵਨਾ ਨਾਲ ਜੁੜੇ ਰਹਿਣਾ ਸਾਡਾ ਫਰਜ ਹੈ। ਇਸ ਮੌਕੇ ਸ੍ਰੀ ਭਵਦੀਪ ਸਿੰਘ ਢਿੱਲੋਂ ਦੀ ਪਤਨੀ ਸ੍ਰੀਮਤੀ ਰੂਬੀ ਢਿੱਲੋਂ ਵੀ ਉਨ੍ਹਾਂ ਦੇ ਨਾਲ ਖੜ੍ਹੇ ਸਨ। ਸੋ ਅੱਜ ਭਾਰਤ ਤੋਂ ਵੀ ਪਹਿਲਾਂ ਇਥੇ ਝੰਡਾ ਲਹਿਰਾਇਆ ਗਿਆ।