ਅਸ਼ੋਕ ਵਰਮਾ
ਬਠਿੰਡਾ, 26 ਜਨਵਰੀ 2020 - ਜਨਤਕ ਜਥੇਬੰਦੀਆਂ ਵੱਲੋਂ ਨਾਗਰਿਕਤਾ ਸੋਧ ਕਾਨੂੰਨ ਖਿਲਾਫ਼ ਮਲੇਰਕੋਟਲਾ ਵਿੱਚ 16 ਫਰਵਰੀ ਨੂੰ ਹੋ ਰਹੇ ਵਿਸ਼ਾਲ ਰੋਸ ਪ੍ਰਦਰਸ਼ਨ ਦੀ ਤਿਆਰੀ ਵਿੱਚ ਨੌਜਵਾਨ ਭਾਰਤ ਸਭਾ ਅਤੇ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਵੱਲੋਂ ਆਪਣੇ ਕਾਰਕੁੰਨਾਂ ਦੀ ਵੱਧਵੀਂ ਸੂਬਾਈ ਮੀਟਿੰਗ ਕੀਤੀ ਗਈ। ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਨੌਜਵਾਨ ਭਾਰਤ ਸਭਾ ਦੇ ਸੂਬਾ ਆਗੂ ਅਸ਼ਵਨੀ ਘੁੱਦਾ ਅਤੇ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੇ ਸੂਬਾ ਆਗੂ ਹੁਸ਼ਿਆਰ ਸਲੇਮਗੜ੍ਹ ਨੇ ਕਿਹਾ ਕਿ ਮੁਲਕ ਭਰ ਦੇ ਲੋਕਾਂ ਦੀ ਰੋਸ ਲਹਿਰ ਨਾਲ ਅਵਾਜ਼ ਮਿਲਾਉਂਦਿਆਂ ਉਹ ਪੰਜਾਬ ਦੇ ਵਿਦਿਆਰਥੀ ਨੌਜਵਾਨਾਂ ਨੂੰ ਕੇਂਦਰੀ ਭਾਜਪਾ ਹਕੂਮਤ ਦੇ ਇਸ ਹਮਲੇ ਖਿਲਾਫ਼ ਲਾਮਬੰਦ ਕਰਨਗੇ ਤੇ ਇਸਨੂੰ ਰੋਕਣ ਲਈ ਹੋ ਰਹੇ ਸੰਘਰਸ਼ ਵਿੱਚ ਸਰਗਰਮ ਸ਼ਮੂਲੀਅਤ ਕਰਨਗੇ।
ਸੁਨਾਮ ਦੇ ਵਿਸ਼ਵਕਰਮਾ ਭਵਨ ਵਿੱਚ ਹੋਈ ਇਸ ਸਾਂਝੀ ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਅੱਜ ਭਾਜਪਾ ਹਕੂਮਤ ਵੱਲੋਂ ਲਿਆਂਦਾ ਗਿਆ ਨਵਾਂ ਨਾਗਰਿਕਤਾ ਸੋਧ ਕਾਨੂੰਨ ਧਰਮ ਨਿਰਪੱਖ ਤੇ ਜਮਹੂਰੀ ਕਦਰਾਂ ਕੀਮਤਾਂ 'ਤੇ ਤਿੱਖਾ ਹਮਲਾ ਹੈ ਕਿਉਂਕਿ ਇਹ ਨਾਗਰਿਕਤਾ ਦੇ ਅਧਿਕਾਰ ਨੂੰ ਧਰਮ ਨਾਲ ਜੋੜਦਾ ਹੈ ਤੇ ਵਿਸ਼ੇਸ਼ ਕਰਕੇ ਮੁਸਲਮਾਨ ਧਾਰਮਿਕ ਫਿਰਕੇ ਨੂੰ ਨਿਸ਼ਾਨਾ ਬਣਾਉਂਦਾ ਹੈ। ਨਾਗਰਿਕਤਾ ਕਾਨੂੰਨ ਕੌਮੀ ਨਾਗਰਿਕ ਰਜਿਸ਼ਟਰ ਨੂੰ ਮੁਲਕ ਭਰ ਵਿੱਚ ਲਾਗੂ ਕਰਨ ਦੇ ਫੈਸਲੇ ਨਾਲ ਜੁੜਕੇ ਅਜਿਹਾ ਮਾਰੂ ਹਥਿਆਰ ਬਣਦਾ ਹੈ ਜੋ ਭਾਜਪਾ ਦੇ ਫਿਰਕੂ ਕੌਮਵਾਦ ਦੀ ਫਿਰਕੂ ਧਾਰ ਨੂੰ ਹੋਰ ਤਿੱਖਾ ਕਰਦਾ ਹੈ। ਮੁਲਕ ਦੀ ਮੁਸਲਮਾਨ ਧਾਰਮਿਕ ਘੱਟ ਗਿਣਤੀ ਨੂੰ ਨਿਸ਼ਾਨਾ ਬਣਾ ਕੇ ਮੁਲਕ ਵਿੱਚ ਫਿਰਕੂ ਲਾਮਬੰਦੀਆ ਦਾ ਜ਼ਰੀਆ ਬਣਾਉਣ ਦਾ ਸਾਧਨ ਹੈ। ਇਹ ਲੋਕਾਂ ਵਿੱਚ ਫਿਰਕੂ ਪਾਟਕ ਖੜੇ ਕਰਨ ਦਾ ਹਥਿਆਰ ਹੈ। ਇਹ ਕਾਨੂੰਨ ਲੋਕਾਂ ਦੀ ਨਾਗਰਿਕਤਾ ਤੈਅ ਕਰਨ ਦੇ ਮਾਮਲੇ ਵਿੱਚ ਸਰਕਾਰਾਂ ਨੂੰ ਮਨਚਾਹੇ ਅਧਿਕਾਰ ਮਿਲਣ ਦੀ ਅਜਿਹੀ ਪਿਛਾਖੜੀ ਪਿਰਤ ਪਾਉਂਦਾ ਹੈ, ਜਿਸਨੂੰ ਸਰਕਾਰਾਂ ਨੇ ਲੋਕਾਂ ਨੂੰ ਦਬਾਉਣ, ਪਾਟਕ ਪਾਉਣ ਤੇ ਵੋਟਾਂ ਖਾਤਰ ਮੁਥਾਜਗੀਆਂ ਬਣਾਉਣ ਲਈ ਵਰਤਣਾ ਹੈ ਅਤੇ ਪਹਿਲਾਂ ਤੋਂ ਹੀ ਲੋਕਾਂ ਦੀ ਜਸੂਸੀ ਕਰ ਰਹੀਆਂ ਹਾਕਮ ਜਮਾਤਾਂ ਨੂੰ ਲੋਕਾਂ ਉੱਤੇ ਹੋਰ ਵੱਧ ਜਕੜ ਪੰਜਾ ਵਧਾਉਣ ਦਾ ਅਖਤਿਆਰ ਦੇਣਾ ਹੈ।
ਉਹਨਾਂ ਕਿਹਾ ਕਿ ਨਾਗਰਿਕਤਾ ਸੋਧ ਕਾਨੂੰਨ ਰੱਦ ਕਰਨ, ਐਨ.ਆਰ.ਸੀ. ਤੇ ਐਨ.ਪੀ.ਆਰ. ਦੇ ਕਦਮ ਵਾਪਸ ਲੈਣ, ਇਸਦਾ ਵਿਰੋਧ ਕਰ ਰਹੇ ਲੋਕਾਂ 'ਤੇ ਪਾਏ ਝੂਠੇ ਕੇਸ ਰੱਦ ਕਰਨ, ਗ੍ਰਿਫਤਾਰ ਕੀਤੇ ਲੋਕ ਰਿਹਾਅ ਕਰਨ, ਜੇ.ਐਨ.ਯੂ. ਤੇ ਜਾਮੀਆ ਸਮੇਤ ਮੁਲਕ ਭਰ ਵਿੱਚ ਲੋਕਾਂ 'ਤੇ ਜਬਰ ਢਾਹੁਣ ਵਾਲੇ ਅਧਿਕਾਰੀਆਂ ਖਿਲਾਫ਼ ਸਖਤ ਕਾਰਵਾਈ ਕਰਨ ਤੇ ਕੇਸ ਦਰਜ ਕਰਨ, ਜੇ.ਐਨ.ਯੂ. ਵਿੱਚ ਨਕਾਬ ਪਾ ਕੇ ਆਏ ਸੰਘੀ ਗੁੰਡਿਆਂ ਨੂੰ ਗ੍ਰਿਫਤਾਰ ਕਰਨ ਅਤੇ ਮੁਲਕ ਵਿੱਚ ਗ੍ਰਿਫਤਾਰ ਕੀਤੇ ਹੋਏ ਬੁੱਧੀਜੀਵੀਆਂ ਨੂੰ ਰਿਹਾਅ ਕਰਨ, ਨਜ਼ਰਬੰਦੀ ਕੈਂਪ ਖਤਮ ਕਰਨ ਅਤੇ ਉੱਥੇ ਡੱਕੇ ਲੋਕਾਂ ਨੂੰ ਰਿਹਾਅ ਕਰਨ ਸਮੇਤ ਸਭਨਾਂ ਕਾਲੇ ਕਨੂੰਨਾਂ ਖ਼ਿਲਾਫ਼ ਹਜਾਰਾਂ ਲੋਕ ਮਲੇਰਕੋਟਲਾ ਵਿਖੇ ਇਕੱਠੇ ਹੋ ਰਹੇ ਹਨ। ਆਗੂਆਂ ਨੇ ਆਖਿਆ ਕਿ ਅਸਾਮ ਦੀ ਵਿਸ਼ੇਸ਼ ਸਮੱਸਿਆ ਵਿੱਚੋਂ ਨਿਕਲੇ ਕੌਮੀ ਨਾਗਰਿਕਤਾ ਰਜਿਸ਼ਟਰ ਨੂੰ ਮੁਲਕ ਭਰ ਵਿੱਚ ਲਾਗੂ ਕਰਨ ਦੇ ਕਦਮ ਭਾਜਪਾ ਦੀਆਂ ਫਿਰਕੂ-ਫਾਸ਼ੀ ਲਾਮਬੰਦੀਆਂ ਦੀ ਜ਼ਰੂਰਤ ਵਿੱਚੋਂ ਉਪਜੇ ਹਨ।
ਨਾਗਰਿਕਤਾ ਦੇ ਮਸਲੇ 'ਤੇ ਲਏ ਜਾ ਰਹੇ ਇਹ ਕਦਮ ਸਭਨਾਂ ਲੋਕਾਂ ਦੇ ਵਿਰੋਧ ਦੇ ਹੱਕਦਾਰ ਹਨ। ਮੋਦੀ ਸਰਕਾਰ ਵੱਲੋਂ ਆਪਣੀਆਂ ਲੁਟੇਰੇ ਸਰਮਾਏਦਾਰਾਂ ਤੇ ਕਾਰਪੋਰੇਟ ਪੱਖੀ ਨੀਤੀਆਂ ਤੋਂ ਧਿਆਨ ਤਿਲਕਾਉਣ ਲਈ ਤੇ ਬੇ-ਰੁਜ਼ਗਾਰੀ, ਮਹਿੰਗਾਈ, ਗਰੀਬੀ ਦੇ ਪੁੜਾਂ ਵਿੱਚ ਪਿਸ ਰਹੀ ਲੋਕਾਈ ਦਾ ਧਿਆਨ ਅਸਲ ਮੁੱਦਿਆਂ ਤੋਂ ਭਟਕਾਉਣ ਲਈ ਵਿਦੇਸ਼ੀ ਘੁਸਪੈਠੀਆਂ ਦਾ ਮੁੱਦਾ ਉਭਾਰਿਆ ਜਾ ਰਿਹਾ ਹੈ। ਇਹ ਸਾਰੀ ਕਸਰਤ ਮੁਲਕ ਦੀਆਂ ਸਮੱਸਿਆਵਾਂ ਨੂੰ ਸ਼ਰਨਾਰਥੀਆਂ ਕਰਕੇ ਆਈਆਂ ਸਮੱਸਿਆਵਾਂ ਦਿਖਾਉਣ ਦੀ ਕੋਸ਼ਿਸ਼ ਹੈ ਤੇ ਇਸ ਆੜ ਹੇਠ ਲੋਕਾਂ 'ਤੇ ਨਿੱਜੀਕਰਨ ਤੇ ਵਪਾਰੀਕਰਨ ਦੀਆਂ ਨੀਤੀਆਂ ਦਾ ਹਮਲਾ ਹੋਰ ਤੇਜ ਕੀਤਾ ਜਾ ਰਿਹਾ ਹੈ। ਸਰਕਾਰੀ ਸਿੱਖਿਆ ਨਿੱਜੀ ਹੱਥਾਂ ਵਿੱਚ ਦੇਣ, ਰੁਜ਼ਗਾਰ ਮਾਰੂ ਨੀਤੀਆਂ ਲਾਗੂ ਕਰਨ, ਸਰਕਾਰੀ ਅਦਾਰੇ ਵੇਚਣ, ਕਿਰਤ ਕਾਨੂੰਨਾਂ ਨੂੰ ਹੋਰ ਵਧੇਰੇ ਮਜ਼ਦੂਰ ਦੋਖੀ ਬਣਾਉਣ, ਆਦਿਵਾਸੀਆਂ ਤੇ ਕਿਸਾਨਾਂ ਤੋਂ ਜੰਗਲ-ਜ਼ਮੀਨਾਂ ਖੋਹਣ ਤੇ ਦਲਿਤਾਂ ਨੂੰ ਜ਼ਮੀਨਾਂ ਤੋਂ ਵਾਂਝੇ ਰੱਖ ਕੇ ਜਬਰ ਹੋਰ ਤੇਜ ਕਰਨ ਦੇ ਕਦਮ ਲਏ ਜਾ ਰਹੇ ਹਨ।
ਉਹਨਾਂ ਕਿਹਾ ਕਿ ਭਾਜਪਾ ਹਕੂਮਤ ਦੇ ਇਹਨਾਂ ਕਦਮਾਂ ਖਿਲਾਫ਼ ਸੰਘਰਸ਼ ਵਿੱਚ ਨਿਤਰ ਲੋਕਾਂ ਨੂੰ ਝਕਾਨੀ ਦੇਣ ਲਈ ਇੱਕ ਪਾਸੇ ਪ੍ਰਧਾਨ ਮੰਤਰੀ ਵੱਲੋਂ ਐਨ.ਆਰ.ਸੀ. ਲਾਗੂ ਕਰਨ ਬਾਰੇ ਸ਼ਰੇਆਮ ਝੂਠ ਬੋਲੇ ਜਾ ਰਹੇ ਹਨ ਤੇ ਦੂਜੇ ਪਾਸੇ ਐਨ.ਪੀ.ਆਰ. ਦੇ ਜ਼ਰੀਏ ਐਨ.ਆਰ.ਸੀ. ਲਈ ਅੰਕੜੇ ਇਕੱਠੇ ਕਰਨ ਦਾ ਅਮਲ ਤੋਰਿਆ ਜਾ ਰਿਹਾ ਹੈ। ਅਵਾਜ ਬੁਲੰਦ ਕਰ ਰਹੇ ਵਿਦਿਆਰਥੀਆਂ, ਬੁੱਧੀਜੀਵੀਆਂ ਤੇ ਕਿਰਤੀ ਲੋਕਾਂ ਨੂੰ ਜੇਲ੍ਹਾਂ ਵਿੱਚ ਸੁੱਟਿਆ ਜਾ ਰਿਹਾ ਹੈ। ਜੇ.ਐਨ.ਯੂ. ਅਤੇ ਜਾਮੀਆ ਯੂਨੀਵਰਸਿਟੀ ਵਿੱਚ ਪੁਲਿਸ ਤੇ ਆਰ.ਐਸ.ਐਸ. ਦੇ ਗੁੰਡਾ ਗ੍ਰੋਹਾਂ ਵੱਲੋਂ ਸ਼ਰੇਆਮ ਢਾਹੇ ਗਏ ਜਬਰ ਨੇ ਭਾਜਪਾ ਦੇ ਜਾਬਰ ਤੇ ਫਾਸ਼ੀ ਮਨਸੂਬਿਆਂ ਨੂੰ ਹੋਰ ਵਧੇਰੇ ਜੱਗ-ਜ਼ਾਹਰ ਕਰ ਦਿੱਤਾ ਹੈ। ਭਾਜਪਾ ਹਕੂਮਤ ਵੱਲੋਂ ਬੋਲੇ ਗਏ ਇਸ ਜਾਬਰ ਹਮਲੇ ਖਿਲਾਫ਼ ਨਿਤਰੇ ਲੋਕਾਂ ਵੱਲੋਂ ਮੁਲਕ ਭਰ ਵਿੱਚ ਫਿਰਕੂ ਏਕਤਾ ਦਾ ਕੀਤਾ ਜਾ ਰਿਹਾ ਮੁਜ਼ਾਹਰਾ ਵਿਸ਼ੇਸ਼ ਕਰਕੇ ਸ਼ਲਾਘਾਯੋਗ ਹੈ ਤੇ ਹਾਕਮ ਜਮਾਤਾਂ ਦੀਆਂ ਪਾਟਕ ਪਾਊ ਚਾਲਾਂ ਨੂੰ ਮਾਤ ਦੇਣ ਵਾਲਾ ਹੈ।
ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਤੇ ਵਿਸ਼ੇਸ਼ ਕਰਕੇ ਮੁਸਲਮਾਨ ਧਾਰਮਿਕ ਫਿਰਕੇ ਦੀਆਂ ਔਰਤਾਂ ਦੀ ਲਾਮਬੰਦੀ ਤੇ ਟਾਕਰੇ ਦੀ ਭਾਵਨਾ ਕੇਂਦਰੀ ਹਾਕਮਾਂ ਦੇ ਗਲੇ ਦੀ ਹੱਡੀ ਬਣ ਗਈ ਹੈ ਅਤੇ ਮੁਲਕ ਭਰ ਦੀ ਵਿਰੋਧ ਲਹਿਰ ਦਾ ਕੇਂਦਰ ਬਣਕੇ ਉੱਭਰੀਆਂ ਇਹ ਔਰਤਾਂ ਮੁਲਕ ਦੇ ਸਭਨਾਂ ਲੋਕਾਂ ਲਈ ਟਾਕਰੇ ਦੇ ਰਾਹ ਪੈਣ ਦੀ ਪ੍ਰੇਰਨਾ ਬਣ ਰਹੀਆਂ ਹਨ। ਥਾਂ-ਥਾਂ ਬਣ ਰਹੇ ਸ਼ਾਹੀਨ ਬਾਗ਼ ਲੋਕਾਂ ਅੰਦਰ ਉੱਬਲ ਰਹੇ ਰੋਹ ਦੇ ਫੁਟਾਰੇ ਦੀ ਸ਼ਕਲ ਧਾਰ ਗਏ ਹਨ। ਕੇਂਦਰੀ ਹਕੂਮਤ ਲੋਕਾਂ ਦੀ ਅਵਾਜ਼ ਸੁਣਨ ਦੀ ਥਾਂ ਜਬਰ 'ਤੇ ਉਤਾਰੂ ਹੈ ਤੇ ਇਸ ਫਿਰਕੂ ਕਾਨੂੰਨ ਨੂੰ ਲਾਗੂ ਕਰਵਾਉਣ ਲਈ ਲੋਕਾਂ ਦੀ ਆਵਾਜ਼ ਨੂੰ ਝੂਠੇ ਕੇਸਾਂ ਤੇ ਕਤਲਾਂ ਨਾਲ ਕੁਚਲ ਰਹੀ ਹੈ। ਮੁਲਕ ਵਿੱਚ ਦੋ ਦਰਜਨ ਤੋਂ ਉੱਪਰ ਲੋਕ ਪੁਲਿਸ ਦੀਆਂ ਗੋਲੀਆਂ ਦਾ ਸ਼ਿਕਾਰ ਹੋਏ ਹਨ।
ਸਰਬਜੀਤ ਮੌੜ ਨੇ ਕਿਹਾ ਕਿ 16 ਫਰਵਰੀ ਦੇ ਰੋਸ ਪ੍ਰਦਰਸ਼ਨ ਦੀ ਤਿਆਰੀ ਵਿੱਚ ਦੋਨਾਂ ਜਥੇਬੰਦੀਆਂ ਵੱਲੋਂ ਸੂਬੇ ਭਰ ਦੇ ਵਿਦਿਆਰਥੀ ਨੌਜਵਾਨਾਂ ਨੂੰ ਲਾਮਬੰਦ ਕਰਨ ਲਈ ਸਕੂਲਾਂ, ਕਾਲਜਾਂ ਅਤੇ ਪਿੰਡਾਂ ਵਿੱਚ ਪ੍ਰਚਾਰ ਮੁਹਿੰਮ ਚਲਾਈ ਜਾਵੇਗੀ। ਮੀਟਿੰਗਾਂ, ਰੈਲੀਆਂ, ਮਾਰਚਾਂ, ਨੁੱਕੜ ਨਾਟਕਾਂ ਆਦਿ ਸ਼ਕਲਾਂ ਰਾਹੀਂ ਚਲਾਈ ਜਾਣ ਵਾਲੀ ਇਸ ਮੁਹਿੰਮ ਵਿੱਚ ਵਿਦਿਆਰਥੀ ਨੌਜਵਾਨਾਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਇਸ ਰੋਸ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਣ ਲਈ ਵਿਆਪਕ ਪੱਧਰ 'ਤੇ ਲਾਮਬੰਦ ਕੀਤਾ ਜਾਵੇਗਾ।