ਹਰੀਸ਼ ਕਾਲੜਾ
ਸਕੂਲਾਂ ਲਈ 27 ਜਨਵਰੀ ਨੂੰ ਕੀਤਾ ਛੁੱਟੀ ਦਾ ਐਲਾਨ
ਰੂਪਨਗਰ, 26 ਜਨਵਰੀ 2020 - ਭਾਰਤ ਦਾ ਸੰਵਿਧਾਨ ਦੁਨੀਆਂ ਦਾ ਬੇਹਤਰੀਨ ਸੰਵਿਧਾਨ ਹੈ । ਸਾਰੀ ਦੁਨੀਆਂ ਦੇ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ ਅਤੇ ਬਾਰੀਕੀਆਂ ਨੂੰ ਧਿਆਨ ਵਿੱਚ ਰੱਖ ਕੇ ਹੀ ਭਾਰਤ ਦਾ ਸੰਵਿਧਾਨ ਬਣਾਇਆ ਗਿਆ ਹੈ।ਇਹ ਪ੍ਰਗਟਾਵਾ ਰਾਣਾ ਗੁਰਮੀਤ ਸਿੰਘ ਸੋਢੀ ਖੇਡ ਅਤੇ ਯੁਵਕ ਸੇਵਾਵਾਂ ਅਤੇ ਐਨ.ਆਰ.ਆਈ ਮਾਮਲੇ ਮੰਤਰੀ ਪੰਜਾਬ ਨੇ ਅੱਜ ਇਥੇ ਨਹਿਰੂ ਸਟੇਡੀਅਮ ਵਿਚ ਜਿਲਾ ਪੱਧਰੀ ਗਣਤੰਤਰਤਾ ਦਿਵਸ ਦੋਰਾਨ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨ ਉਪਰੰਤ ਪਰੇਡ ਦਾ ਨਿਰੀਖਣ ਉਪਰੰਤ ਆਪਣੇ ਸੰਬੋਧਨ ਵਿਚ ਕੀਤਾ।ਉਨਾਂ ਕਿਹਾ ਕਿ ਆਜ਼ਾਦੀ ਤੋਂ ਪਹਿਲਾਂ ਸਾਰਿਆਂ ਨੂੰ ਵੋਟ ਦਾ ਬਰਾਬਰ ਹੱਕ ਨਹੀਂ ਸੀ, ਪਰ ਸੰਵਿਧਾਨ ਨੇ ਹੀ ਬਰਾਬਰੀ ਦਾ ਦਰਜਾ ਦਿੰਦਿਆਂ ਹਰੇਕ ਵਿਅਕਤੀ ਨੂੰ ਵੋਟ ਦਾ ਅਧਿਕਾਰ ਦਿੱਤਾ ਹੈ। ਹੁਣ ਲੋੜ ਹੈ ਸਾਰੇ ਮੁਲਕ ਦੇ ਲੋਕਾਂ ਨੂੰ ਸੰਵਿਧਾਨ ਮੁਤਾਬਕ ਰਲ ਮਿਲ ਕੇ ਕੰਮ ਕਰਨ ਦੀ, ਤਾਂ ਜੋ ਸਮਾਜਿਕ ਅਤੇ ਆਰਥਿਕ ਤੌਰ 'ਤੇ ਹੋਰ ਮਜ਼ਬੂਤੀ ਪ੍ਰਦਾਨ ਹੋ ਸਕੇ। ਉਨਾਂ ਕਿਹਾ ਕਿ ਭਾਰਤ ਦੇ ਬੇਹਤਰ ਸੰਵਿਧਾਨ ਤੋਂ ਇਲਾਵਾ ਹੋਰ ਕੋਈ ਵੀ ਸੰਵਿਧਾਨ ਨਹੀਂ ਹੋ ਸਕਦਾ।
ਸਮਾਰੋਹ ਦੌਰਾਨ ਰਾਣਾ ਗੁਰਮੀਤ ਸਿੰਘ ਸੋਢੀ ਮੰਤਰੀ ਪੰਜਾਬ ਵਲੋਂ ਆਜ਼ਾਦੀ ਘੁਲਾਟੀਆਂ ਅਤੇ ਉਨਾਂ ਦੇ ਪਰਿਵਾਰਾਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ। ਇਸ ਤੋਂ ਇਲਾਵਾ ਵਿਲੱਖਣ ਪ੍ਰਾਪਤੀ ਵਾਲੀਆਂ ਸਖਸ਼ੀਅਤਾਂ ਨੂੰ ਵੀ ਸਨਮਾਨਿਆ ਗਿਆ। ਉਨਾਂ ਵਲੋਂ ਸਿਲਾਈ ਮਸ਼ੀਨਾਂ, ਖੇਡਾਂ ਅਤੇ ਸਿੱਖਿਆ ਵਿੱਚ ਮੱਲਾਂ ਮਾਰਨ ਵਾਲੀਆਂ ਵਿਦਿਆਰਥਣਾਂ ਨੂੰ ਕੈਸ਼ ਪਰਾਇਜ਼ ਅਤੇ ਲੈਪਟਾਪ ਵੀੰ ਸੌਂਪੇ ਗਏ। ਇਸ ਮੌਕੇ ਰਾਣਾ ਗੁਰਮੀਤ ਸਿੰਘ ਸੋਢੀ ਮੰਤਰੀ ਪੰਜਾਬ ਵਲੋਂ ਸਮਾਰੋਹ ਵਿੱਚ ਹਿੱਸਾ ਲੈਣ ਵਾਲੇ ਸਕੂਲਾਂ ਲਈ ਇੱਕ- ਇੱਕ ਲੱਖ ਦੀ ਰਾਸ਼ੀ ਦੇਣ ਦਾ ਐਲਾਨ ਵੀ ਕੀਤਾ ਅਤੇ 27 ਜਨਵਰੀ ਨੂੰ ਸਕੂਲਾਂ ਲਈ ਛੁੱਟੀ ਦਾ ਐਲਾਨ ਵੀ ਕੀਤਾ ਗਿਆ।
ਸਮਾਰੋਹ ਵਿੱਚ ਪਰੇਡ ਕਮਾਂਡਰ ਏ.ਐਸ.ਪੀ. ਰਵੀ ਕੁਮਾਰ ਦੀ ਅਗਵਾਈ ਵਿੱਚ 12 ਟੁਕੜੀਆਂ ਵਲੋਂ ਸ਼ਾਨਦਾਰ ਮਾਰਚ ਪਾਸਟ ਕੀਤਾ ਗਿਆ ਅਤੇ ਮੁੱਖ ਮਹਿਮਾਨ ਨੂੰ ਸਲਾਮੀ ਦਿੱਤੀ ਗਈ। ਸਮਾਰੋਹ ਦੌਰਾਨ ਜਿਥੇ ਵੱਖ-ਵੱਖ ਸਕੂਲੀ ਵਿਦਿਆਰਥੀਆਂ ਵਲੋਂ ਸਭਿਆਚਾਰਕ ਅਤੇ ਦੇਸ਼ ਭਗਤੀ ਦਾ ਪ੍ਰੋਗਰਾਮ ਪੇਸ਼ ਕੀਤਾ ਗਿਆ ਹੈ, ਉਥੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ,ਸਿਹਤ ਵਿਭਾਗ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਮਾਰਕਫੈੱਡ,ਵਣ ਵਿਭਾਗ , ਮਗ-ਨਰੇਗਾ, ਪਸ਼ੂ ਪਾਲਣ ਵਿਭਾਗ , ਪੰਜਾਬ ਪੁਲਿਸ ਵਿਭਾਗ, ਮੱਛੀ ਪਾਲਣ, ਉਦਯੋਗਿਕ ਸਿਖਲਾਈ ਸੰਸਥਾ,ਜ਼ਿਲ੍ਹਾ ਸਿੱਖਿਆ ਵਿਭਾਗ , ਰੈਡ ਕਰਾਸ,ਬੇਟੀ ਬਚਾਓ ਬੇਟੀ ਪੜ੍ਹਾਓ, ਪਾਵਰ ਕਾਰਪੋਰੇਸ਼ਨ ਵਿਭਾਗਾਂ ਵਲੋਂ ਝਾਕੀਆਂ ਵੀ ਕੱਢੀਆਂ ਗਈਆਂ। ਜ਼ਿਲਾ ਪ੍ਰਸ਼ਾਸ਼ਨ ਵਲੋਂ ਮੁੱਖ ਮਹਿਮਾਨ ਨੂੰ ਯਾਦਗਾਰੀ ਸਨਮਾਨ ਚਿੰਨ ਵੀ ਸੌਂਪਿਆ ਗਿਆ।
ਇਸ ਮੌਕੇ ਰਾਜਨੀਤਿਕ ਸਖਸ਼ੀਅਤਾਂ ਵਿੱਚ ਹਲਕਾ ਵਿਧਾਇਕ ਸ਼੍ਰੀ ਅਮਰਜੀਤ ਸਿੰਘ ਸੰਦੋਆ, ਸ਼੍ਰੀ ਬਰਿੰਦਰ ਸਿੰਘ ਢਿਲ੍ਹੋ ਯੂਥ ਕਾਂਗਰਸ ਦੇ ਸੂਬਾ ਪ੍ਰਧਾਨ ਵੀ ਹਾਜ਼ਰ ਸਨ। ਸਮਾਰੋਹ ਵਿੱਚ ਜ਼ਿਲਾ ਅਤੇ ਸੈਸ਼ਨ ਜੱਜ ਸ੍ਰੀਮਤੀ ਹਰਪ੍ਰੀਤ ਕੌਰ , ਡਿਪਟੀ ਕਮਿਸ਼ਨਰ ਡਾ. ਸੁਮੀਤ ਜਾਰੰਗਲ ਅਤੇ ਐਸ.ਐਸ.ਪੀ. ਸ੍ਰੀ ਸਵਪਨ ਸ਼ਰਮਾ, ਏ.ਡੀ.ਸੀ. (ਜ) ਦੀਪ ਸ਼ੀਖਾ, ਏ.ਡੀ.ਸੀ. (ਵਿਕਾਸ ) ਅਮਰਦੀਪ ਸਿੰਘ ਗੁਜਰਾਲ, ਐਸ.ਡੀ.ਐਮ. ਰੂਪਨਗਰ ਹਰਜੋਤ ਕੌਰ, ਸਹਾਇਕ ਕਮਿਸ਼ਨਰ ਸ਼੍ਰੀ ਇੰਦਰਪਾਲ ਤੋਂ ਇਲਾਵਾ ਹੋਰ ਵੱਖ-ਵੱਖ ਧਾਰਮਿਕ, ਸਮਾਜਿਕ, ਰਾਜਨੀਤਿਕ ਸਖਸ਼ੀਅਤਾਂ , ਸਕੂਲੀ ਵਿਦਿਆਰਥੀ, ਅਧਿਆਪਕ ਅਤੇ ਭਾਰੀ ਗਿਣਤੀ ਵਿੱਚ ਜ਼ਿਲਾ ਵਾਸੀ ਹਾਜ਼ਰ ਸਨ।