ਪੰਜਾਬ ਦੇ ਮਾਲ ਮੰਤਰੀ ਨੇ ਮੋਗਾ ‘ਚ ਕੌਮੀ ਝੰਡਾ ਲਹਿਰਾਇਆ
ਆਜ਼ਾਦੀ ਦੇ ਘੋਲ ਵਿੱਚ ਪੰਜਾਬੀਆਂ ਦੇ ਲਾਸਾਨੀ ਯੋਗਦਾਨ ਦੀ ਮਿਸਾਲ ਦੁਨੀਆਂ ਦੇ ਇਤਿਹਾਸ 'ਚ ਕਿਧਰੇ ਵੀ ਨਹੀ ਮਿਲਦੀ-ਗੁਰਪ੍ਰੀਤ ਸਿੰਘ ਕਾਂਗੜ
26 ਲੋੜਵੰਦ ਔਰਤਾਂ ਨੂੰ ਸਿਲਾਈ ਮਸ਼ੀਨਾਂ ਅਤੇ 4 ਅੰਗਹੀਣ ਵਿਅਕਤੀਆਂ ਨੂੰ ਟਰਾਈ ਸਾਈਕਲ ਵੰਡੇ ਗਏ
ਮੰਤਰੀ ਨੇ ਆਪਣੇ ਅਖਤਿਆਰੀ ਫੰਡ ਵਿੱਚੋ ਸਪੈਸ਼ਲ ਬੱਚਿਆਂ ਦੀ ਆਈਟਮ ਦੇਖਦੇ ਹੋਏ 1 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਕੀਤਾ ਐਲਾਨ
ਜ਼ਿਲ੍ਹੇ ਨੂੰ ਰਾਸ਼ਟਰੀ ਪੱਧਰ ਤੇ ਸਵੱਛਤਾ ਦਰਪਣ 2020 ਐਵਾਰਡ ਮਿਲਣ ਤੇ ਦਿੱਤੀਆਂ ਵਧਾਈਆਂ
ਮੋਗਾ 27 ਜਨਵਰੀ, 2020 :
ਗਣਤੰਤਰ ਦਿਵਸ ਮੌਕੇ ਜ਼ਿਲਾ ਪੱਧਰੀ ਸਮਾਗਮ ਸਥਾਨਕ ਦਾਣਾ ਮੰਡੀ ਵਿਖੇ ਭਾਰੀ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਪੰਜਾਬ ਦੇ ਮਾਲ, ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧਨ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਕੌਮੀ ਝੰਡਾ ਲਹਿਰਾਇਆ ਅਤੇ ਪਰੇਡ ਤੋਂ ਸਲਾਮੀ ਲਈ। ਇਸ ਮੌਕੇ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਅਤੇ ਸੀਨੀਅਰ ਕਪਤਾਨ ਪੁਲਿਸ ਅਮਰਜੀਤ ਸਿੰਘ ਬਾਜਵਾ ਵੀ ਮੌਜੂਦ ਸਨ।
ਗੁਰਪ੍ਰੀਤ ਸਿੰਘ ਕਾਂਗੜ ਨੇ ਦੇਸ਼ ਦੇ 71ਵੇਂ ਗਣਤੰਤਰ ਦਿਵਸ ਦੇ ਮੌਕੇ 'ਤੇ ਦੇਸ਼-ਵਿਦੇਸ਼ 'ਚ ਵੱਸਦੇ ਸਾਰੇ ਭਾਰਤੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਆਜ਼ਾਦੀ ਤੋਂ ਬਾਅਦ 26 ਜਨਵਰੀ, 1950 ਨੂੰ ਭਾਰਤੀ ਸੰਵਿਧਾਨ ਲਾਗੂ ਹੋ ਜਾਣ ਨਾਲ ਸਹੀ ਮਾਅਨਿਆਂ ਵਿੱਚ ਗਣਰਾਜ ਦੀ ਸਥਾਪਨਾ ਹੀ ਲੋਕਾਂ ਦੇ ਸੁਪਨੇ ਸਾਕਾਰ ਹੋਣ ਵੱਲ ਪਹਿਲਾ ਮੀਲ ਪੱਥਰ ਸਾਬਤ ਹੋਇਆ। ਇਸ ਮੌਕੇ ਸ. ਕਾਂਗੜ ਨੇ ਹਥਿਆਰਬੰਦ ਫੌਜਾਂ ਦੇ ਉਨ੍ਹਾਂ ਬਹਾਦਰ ਸੂਰਬੀਰਾਂ ਨੂੰ ਵੀ ਵਧਾਈ ਦਿੱਤੀ, ਜੋ ਸਾਡੇ ਦੇਸ਼ ਦੀ ਅਖੰਡਤਾ ਅਤੇ ਏਕਤਾ ਦੀ ਰਾਖੀ ਕਰ ਰਹੇ ਹਨ। ਮੰਤਰੀ ਜੀ ਨੇ ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਵੱਲੋ ਗਣਤੰਤਰ ਦਿਵਸ ਮੌਕੇ ਕੀਤੇ ਸਮੁੱਚੇ ਪ੍ਰਬੰਧਨ ਨ੍ਵੰ ਦੇਖਦੇ ਮੋਗਾ ਪ੍ਰਸ਼ਾਸ਼ਨ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ 9, ਨਵੰਬਰ, 2019 ਨੂੰ ਪਾਕਿਸਤਾਨ ਵਿੱਚ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ, ਕਰਤਾਰਪੁਰ ਸਾਹਿਬ ਦਾ ਕੌਮਾਂਤਰੀ ਲਾਂਘਾ ਖੁੱਲ੍ਹਣ ਦੀ ਇਤਿਹਾਸਕ ਪ੍ਰਾਪਤੀ ਨਾਲ ਵੀਜੇ ਤੋ ਬਿਨ੍ਹਾਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰ ਨਾ ਪੰਜਾਬੀਆਂ ਦੀ ਚਿਰੋਕਣੀ ਮੰਗ ਪੂਰੀ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋ ਸੁਲਤਾਨਪੁਰ ਲੋਧੀ ਵਿਖੇ ਪਿੰਡ ਬਾਬੇ ਨਾਨਕ ਦਾ ਵਿਰਾਸਤੀ ਅਜਾਇਬ ਘਰ ਦਾ ਵਿਕਾਸ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਾਂਗਰਸ ਸਰਕਾਰ ਵੱਲੋ ਪਿਛਲੀ ਸਰਕਾਰ ਤੋ ਵਿਰਸੇ ਵਿੱਚ ਮਿਲੇ ਖਾਲੀ ਖਜ਼ਾਨੇ ਦੇ ਬਾਵਜੂਦ ਆਪਣੀਆਂ ਵਚਨਬੱਧਤਾਵਾਂ ਨੂੰ ਪੂਰਾ ਕਰਨ ਲਈ ਹਰ ਸੰਭਵ ਯਤਨ ਕੀਤਾ ਹੈ।
ਇਸ ਸਮਾਗਮ ਵਿੱਚ ਪਰੇਡ ਕਮਾਂਡਰ ਮਹਿਲਾ ਡੀ.ਐਸ.ਪੀ. ਹਰਪਿੰਦਰ ਕੌਰ ਗਿੱਲ ਦੀ ਅਗਵਾਈ ਹੇਠ ਪੰਜਾਬ ਪੁਲਿਸ , ਪੰਜਾਬ ਹੋਮਗਾਰਡ ਦੇ ਜਵਾਨਾਂ, ਸਾਬਕਾ ਫੌਜੀਆਂ ਅਤੇ ਸਕੂਲਾਂ/ਕਾਲਜਾਂ ਦੇ ਵਿਦਿਆਰਥੀਆਂ ਵੱਲੋ ਬਹੁਤ ਹੀ ਸ਼ਾਨਦਾਰ ਮਾਰਚ ਪਾਸਟ ਰਾਹੀ ਰਾਸ਼ਟੀ ਝੰਡੇ ਨੂੰ ਸਲਾਮੀ ਦਿੱਤੀ। ਜ਼ਿਲ੍ਹਾ ਪ੍ਰਸ਼ਾਸਨ ਵੱਲੋ ਮਾਰਚ ਪਾਸਟ ਦੀ ਕਮਾਂਡ ਮਹਿਲਾ ਉਪ ਕਪਤਾਨ ਪੁਲਿਸ ਦੇ ਹੱਥ ਵਿੱਚ ਦੇ ਕੇ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਕਿ ਲੜਕੀਆਂ ਨੂੰ ਵੀ ਮੌਕੇ ਮਿਲਣ ਤਾਂ ਉਹ ਵੀ ਲੜਕਿਆਂ ਵਾਂਗੂੰ ਕਿਸੇ ਵੀ ਮੰਜ਼ਿਲ ਨੂੰ ਸਰ ਕਰ ਸਕਦੀਆਂ ਹਨ।
ਸਮਾਗਮ ਵਿੱਚ ਕਾਂਗੜ ਨੇ ਕਿਹਾ ਕਿ ਸੂਬੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋ ਸਿੱਖਿਆ, ਈ-ਗਰਵਨੈਸ ਉਦਯੋਗਿਕ, ਖੇਤੀਬਾੜੀ, ਖੇਡਾਂ ਆਦਿ ਖੇਤਰਾਂ ਵਿੱਚ ਮਿਸਾਲੀ ਪੁਲਾਘਾਂ ਪੁੱਟੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋ ਮਹਾਤਮਾਂ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਲੋਕ ਭਲਾਈ ਸਕੀਮਾਂ ਤੋ ਵਾਂਝੇ ਲੋਕਾਂ ਨੂੰ ਇਨ੍ਹਾਂ ਸਕੀਮਾਂ ਦਾ ਹੇਠਲੇ ਪੱਧਰ ਤੱਕ ਲਾਭ ਦਿੱਤਾ ਜਾ ਰਿਹਾ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਧਰਮਾਂ, ਮਜਬਾਂ ਅਤੇ ਜਾਤ ਪਾਤ ਤੋ ਉੱਪਰ ਉੱਠ ਕੇ ਸੰਵਿਧਾਨ ਦੀ ਪਾਲਣਾ ਕਰਦੇ ਹੋਏ ਨਰੋਏ ਸਮਾਜ ਦੀ ਸਿਰਜਣਾ ਲਈ ਅੱਗੇ ਆਉਣ ਦੀ ਪ੍ਰੇਰਣਾ ਵੀ ਦਿੱਤੀ।
ਮਾਲ ਮੰਤਰੀ ਨੇ ਆਪਣੇ ਭਾਸ਼ਣ ਦੌਰਾਨ ਮੋਗਾ ਜ਼ਿਲ੍ਹੇ ਬਾਰੇ ਬੋਲਦਿਆਂ ਕਿਹਾ ਕਿ ਮੋਗਾ ਜ਼ਿਲ੍ਹਾ ਰਾਸ਼ਟਰ ਦਾ ਅਜਿਹਾ ਜ਼ਿਲ੍ਹਾ ਹੈ ਜਿਸ ਨੂੰ ਨੈਸ਼ਨਲ ਪੱਧਰ ਤੇ ਸਵੱਛਤਾ ਦਰਪਣ 2020 ਐਵਾਰਡ ਪ੍ਰਾਪਤ ਹੋਇਆ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋ ਫੱਕਰ ਬਾਬਾ ਦਾਮੂੰ ਸ਼ਾਹ ਵਿਖੇ ਚਲਾਈ ਜਾ ਰਹੀ ਟ੍ਰੇਨਿੰਗ ਅਕੈਡਮੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਵਿੱਚੋ ਸਿਖਿਆਰਥੀ ਟ੍ਰੇਨਿੰਗ ਲੈ ਕੇ ਫੌਂਜ ਅਤੇ ਬੀ.ਐਸ.ਐਫ. ਵਰਗੀਆਂ ਚੰਗੀਆਂ ਨੌਕਰੀਆਂ ਕਰ ਰਹੇ ਹਨ। ਉਨ੍ਹਾਂ ਮੋਗਾ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ ਵਿੱਚ ਤਬਦੀਲ ਕਰਨ ਦੇ ਇਸ ਉਦਮ ਨੂੰ ਵੀ ਇੱਕ ਚੰਗਾ ਉਦਮ ਮੰਨਿਆ। ਉਨ੍ਹਾਂ ਆਪਣੇ ਭਾਸ਼ਣ ਵਿੱਚ ਕਿਹਾ ਕਿ ਬੇਟੀ ਬਚਾਓ ਬੇਟੀ ਪੜ੍ਹਾਓ ਸਕੀਮ ਤਹਿਤ ਮੋਗਾ ਜ਼ਿਲ੍ਹੇ ਵਿੱਚ ਲੜਕਾ ਅਤੇ ਲੜਕੀ ਦੇ ਲਿੰਗ ਅਨੁਪਾਤ ਵਿੱਚ ਹੋਏ ਸੁਧਾਰ ਦਾ ਸਿਹਰਾ ਵੀ ਇਸ ਸਮੁੱਜੇ ਜ਼ਿਲ੍ਹਾ ਪ੍ਰਸ਼ਾਸ਼ਨ ਸਿਰ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮੋਗੇ ਵਿੱਚ ਸਿਹਤ ਸੇਵਾਵਾਂ ਵਿੱਚ ਵੀ ਕਾਫੀ ਸੁਧਾਰ ਹੋਇਆ ਹੈ ਅਤੇ ਇਸ ਵਿੱਚ ਬਣੇ ਵਨ ਸਟਾਪ ਸੈਟਰ ਜਿਸ ਵਿੱਚ ਔਰਤਾਂ ਨੂੰ 24 ਘੰਟੇ ਕਾਨੂੰਨੀ ਅਤੇ ਪੁਲਿਸ ਸੇਵਾਵਾਂ ਇੱਕੋ ਛੱਤ ਥੱਲੇ ਮੁਹੱਈਆ ਹੋ ਰਹੀਆਂ ਹਨ ਦੀ ਵੀ ਸਹਾਰਨਾ ਕੀਤੀ.
ਇਸ ਮੌਕੇ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਵੱਲੋਂ 24 ਲੋੜਵੰਦ ਔਰਤਾਂ ਨੂੰ ਸਿਲਾਈ ਮਸ਼ੀਨਾਂ ਅਤੇ 4 ਅੰਗਹੀਣ ਵਿਅਕਤੀਆਂ ਨੂੰ ਟਰਾਈ ਸਾਈਕਲ ਵੰਡੇ ਗਏ। ਇਸ ਤੋਂ ਇਲਾਵਾ ਸੁਤੰਤਰਤਾ ਸੰਗਰਾਮੀਆਂ ਤੇ ਉਨ੍ਹਾਂ ਦੇ ਪ੍ਰੀਵਾਰਕ ਮੈਂਬਰਾਂ ਦਾ ਸਨਮਾਨ ਵੀ ਕੀਤਾ ਗਿਆ। ਸ੍ਰੀ ਕਾਂਗੜ੍ਹ ਨੂੰ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਵੱਖ-ਵੱਖ ਖੇਤਰਾਂ 'ਚ ਵਿਲੱਖਣ ਪ੍ਰਾਪਤੀਆਂ ਵਾਲੇ ਅਗਾਂਹਵਧੂ ਕਿਸਾਨਾਂ, ਐਨ.ਜੀ.ਓਜ ਅਧਿਕਾਰੀਆਂ/ਕ੍ਰਮਚਾਰੀਆਂ ਅਤੇ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਵੱਖ-ਵੱਖ ਵਿਭਾਗਾਂ ਵੱਲੋਂ ਪ੍ਰੇਰਣਾਦਾਇਕ ਝਾਕੀਆਂ ਵੀ ਪੇਸ਼ ਕੀਤੀਆਂ ਗਈਆਂ। ਰੈਡ ਕਰਾਸ ਦੇ ਸਪੈਸ਼ਲ ਬੈੱਚਿਆਂ ਵੱਲੋ ਪੇਸ਼ ਕੀਤੇ ਡਾਂਸ ਨੂੰ ਸਭ ਤੋ ਉੱਤਮ ਸੱਭਿਆਚਾਰਕ ਆਈਟਮ ਅਤੇ ਨਗਰ ਨਿਗਮ ਦੇ ਸਵੱਛਤਾ ਰੱਥ ਨੂੰ ਉਤਮ ਝਾਕੀ ਵਜੋ ਸਨਮਾਨਿਆ ਗਿਆ। ਜ਼ਿਲੇ ਦੇ ਵੱਖ-ਵੱਖ 30 ਦੇ ਕਰੀਬ ਸਕੂਲਾਂ ਦੇ 1,300 ਤੋਂ ਵੀ ਜ਼ਿਆਦਾ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਵੰਨਗੀਆਂ ਰਾਹੀਂ ਹਾਜ਼ਰ ਲੋਕਾਂ ਦਾ ਮਨ ਮੋਹ ਲਿਆ।
ਇਸ ਮੌਕੇ ਮੰਤਰੀ ਨੇ ਆਪਣੇ ਅਖਤਿਆਰੀ ਫੰਡ ਵਿੱਚੋ ਸਪੈਸ਼ਲ ਬੱਚਿਆਂ ਦੀ ਆਈਟਮ ਦੇਖਦੇ ਹੋਏ 1 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਵੀ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਧਾਇਕ ਮੋਗਾ ਡਾ: ਹਰਜੋਤ ਕਮਲ, ਵਿਧਾਇਕ ਧਰਮਕੋਟ ਸੁਖਜੀਤ ਸਿੰਘ ਲੋਹਗੜ੍ਹ, ਮੁਨੀਸ਼ ਸਿੰਗਲ ਜ਼ਿਲ੍ਹਾ ਤੇ ਸੈਸ਼ਨ ਜੱਜ ਮੋਗਾ, ਜ਼ਿਲ੍ਹਾ ਕਾਂਗਰਸ ਕਮੇਟੀ ਪ੍ਰਧਾਨ ਮਹੇਸ਼ਇੰਦਰ ਸਿੰਘ, ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਚੇਅਰਮੈਨ ਜ਼ਿਲ੍ਹ ਪ੍ਰੀਸ਼ਦ, ਇੰਦਰਜੀਤ ਸਿੰਘ ਬੀੜਚੜਿੱਕ ਚੇਅਰਮੈਨ ਪਲੈਨਿੰਗ ਬੋਰਡ, ਵਿਨੋਦ ਕੁਮਾਰ ਬਾਂਸਲ ਚੇਅਰਮੈਨ ਨਗਰ ਸੁਧਾਰ ਟਰਸਟ,ਸਾਬਕਾ ਮੰਤਰੀ ਪੰਜਾਬ ਡਾ. ਮਾਲਤੀ ਥਾਪਰ, ਸਾਬਕਾ ਐਮ.ਐਲ.ਏ ਵਿਜੇ ਸਾਥੀ, ਵਧੀਕ ਡਿਪਟੀ ਕਮਿਸ਼ਨਰ (ਜ) ਅਨੀਤਾ ਦਰਸ਼ੀ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੁਭਾਸ਼ ਚੰਦਰ, ਐਸ.ਡੀ.ਐਮ ਮੋਗਾ ਸਤਵੰਤ ਸਿੰਘ ਸਮੇਤ ਜ਼ਿਲੇ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ/ਕਰਮਚਾਰੀ ਅਤੇ ਨਾਮੀਂ ਹਸਤੀਆਂ ਹਾਜ਼ਰ ਸਨ।