ਨਵੀਂ ਦਿੱਲੀ, 27 ਜਨਵਰੀ 2020 - ਅਮਰੀਕਾ ਦੇ ਕੈਲੀਫੋਰਨੀਆ 'ਚ ਇੱਕ ਹੈਲੀਕਾਪਟਰ ਕ੍ਰੈਸ਼ ਹੋ ਗਿਆ। ਇਸ ਹਾਦਸੇ 'ਚ ਕਰੀਬ 9 ਲੋਕਾਂ ਦੀ ਮੌਤ ਹੋ ਗਈ ਹੈ। ਇਸ ਹਾਦਸੇ 'ਚ ਰਿਟਾਇਰਡ ਬਾਸਕੇਟਬਾਲ ਸਟਾਰ ਕੋਬੀ ਬ੍ਰਾਇੰਟ ਅਤੇ ਉਸ ਦੀ ਧੀ ਗਿਆਨਾ ਦੀ ਵੀ ਮੌਤ ਹੋ ਗਈ ਹੈ। ਉਨ੍ਹਾਂ ਦੀ ਇਸ ਹਾਦਸੇ ਕਾਰਨ ਹੋਈ ਬੇ-ਵਕਤੀ ਮੌਤ 'ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਦੁੱਖ ਜ਼ਾਹਿਰ ਕੀਤਾ ਹੈ।
ਕੋਬੀ ਬ੍ਰਾਇੰਟ ਬਾਸਕਟਬਾਲ ਦੀ ਦੁਨੀਆ 'ਚ ਇੱਕ ਵੱਡਾ ਸਿਤਾਰਾ ਸੀ ਅਤੇ ਉਹ ਐਨਬੀਏ 'ਚ 20 ਸਾਲ ਖੇਡੇ ਅਤੇ ਇਸ ਦੌਰਾਨ ਉਨ੍ਹਾਂ ਨੇ 5 ਚੈਂਪਿਅਨਸ਼ਿਪ ਜਿੱਤੀਆਂ। 18 ਵਾਰ ਉਨ੍ਹਾਂ ਨੂੰ ਆਲ ਸਟਾਰ ਨਾਮ ਦਿੱਤਾ ਗਿਆ। ਉਨ੍ਹਾਂ ਨੇ 2008 ਤੇ 2012 ਓਲੰਪਿਕਸ 'ਚ ਯੂਐਸਏ ਟੀਮ ਦੇ ਲਈ ਦੋ ਸੋਨੇ ਦੇ ਮੈਡਲ ਵੀ ਜਿੱਤੇ ਸੀ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਵੀਟ ਕਰਦਿਆਂ ਲਿਖਿਆ ਕਿ, "ਉਹ ਦੁਨੀਆ ਦੇ ਮਹਾਨ ਬਾਸਕਟਬਾਲ ਖਿਡਾਰੀ ਸਨ ਅਤੇ ਆਪਣੇ ਜੀਵਨ ਦੀ ਨਵੀਂ ਸ਼ੁਰੂਆਤ ਕਰਨ ਜਾ ਰਹੇ ਸੀ। ਉਹ ਆਪਣੇ ਪਰਿਵਾਰ ਨੂੰ ਬੇਹਦ ਪਿਆਰ ਕਰਦੇ ਸਨ। ਉਹ ਭਵਿੱਖ ਲਈ ਸਦਾ ਹੀ ਆਸ਼ਾਵਾਦੀ ਇਨਸਾਨ ਸਨ। ਉਨ੍ਹਾਂ ਦੀ ਧੀ ਗਿਆਨਾ ਦੀ ਮੌਤ ਨੇ ਇਸ ਹਾਦਸੇ ਨੂੰ ਹੋਰ ਵੀ ਜ਼ਿਆਦਾ ਦੁਖਦਾਈ ਬਣਾ ਦਿੱਤਾ ਹੈ।
ਇਸ ਤੋਂ ਬਿਨਾਂ ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਟਵਿਟ ਕਰਦਿਆਂ ਕਿਹਾ ਕਿ, ''ਕੋਬੀ ਬ੍ਰਾਇੰਟ ਮਹਾਨ ਖਿਡਾਰੀ ਸੀ। ਉਹ ਆਪਣੀ ਜ਼ਿੰਦਗੀ ਦੀ ਦੂਸਰੀ ਪਾਰੀ ਦੀ ਸ਼ੁਰੂਆਤ ਕਰਨ ਜਾ ਰਹੇ ਸੀ। ਇੱਕ ਸਰਪ੍ਰਸਤ ਦੇ ਤੌਰ 'ਤੇ ਗਿਆਨਾ ਦੀ ਮੌਤ ਸਾਡੇ ਲਈ ਵੀ ਦਿਲ ਤੋੜਨ ਵਾਲੀ ਹੈ।