ਕਰਾਚੀ, 27 ਜਨਵਰੀ 2020 - ਪਾਕਿਸਤਾਨ 'ਚ ਕਰਾਚੀ ਤੋਂ ਕਰੀਬ 215 ਕਿਲੋਮੀਟਰ ਦੂਰ ਮਟਿਆਰੀ ਜ਼ਿਲ੍ਹੇ 'ਚ ਸਥਿਤ ਹਾਲਾ ਸ਼ਹਿਰ 'ਚ ਹਿੰਦੂ ਕੁੜੀ ਦਾ ਧਰਮ-ਪਰਿਵਰਤਨ ਕਰਕੇ ਉਸ ਦਾ ਜ਼ਬਰਦਸਤੀ ਵਿਆਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੀਡੀਆ ਦੀਆਂ ਖਬਰਾਂ ਮੁਤਬਿਕ ਨੌਜਵਾਨ ਕੁੜੀ ਨੂੰ ਸਥਾਨਕ ਪੁਲਿਸ ਅਧਿਕਾਰੀਆਂ ਦੀ ਦੇਖਰੇਖ 'ਚ ਹਮਲਾਵਰਾਂ ਨੇ ਇੱਕ ਵਿਆਹ ਦੇ ਸਮਾਗਮ ਤੋਂ ਅਗਵਾ ਕੀਤਾ ਅਤੇ ਫਿਰ ਉਸ ਦਾ ਜ਼ਬਰਦਸਤੀ ਧਰਮ ਬਦਲ ਦਿੱਤਾ ਅਤੇ ਬਾਅਦ 'ਚ ਫਿਰ ਦਾ ਇੱਕ ਮੁਸਲਮਾਨ ਵਿਅਕਤੀ ਨਾਲ ਵਿਆਹ ਕਰ ਦਿੱਤਾ।
ਦੱਸਿਆ ਜਾ ਰਿਹਾ ਹੈ ਕਿ 24 ਸਾਲ ਦੀ ਭਾਰਤੀ ਬਾਈ ਦਾ ਸਿੰਧ ਪ੍ਰਾਂਤ ਦੇ ਹਾਲਾ ਸ਼ਹਿਰ 'ਚ ਇੱਕ ਹਿੰਦੂ ਲੜਕੇ ਨਾਲ ਵਿਆਹ ਹੋਣਾ ਸੀ। ਪਰ ਉਸ ਤੋਂ ਪਹਿਲਾਂ ਹੀ ਅਣਪਛਾਤੇ ਹਮਲਾਵਰਾਂ ਨੇ ਲੜਕੀ ਨੂੰ ਵਿਆਹ ਵਾਲੇ ਦਿਨ ਅਗਵਾ ਕਰ ਲਿਆ। ਪੀੜਤ ਲੜਕੀ ਦੇ ਪਿਤਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੱਕ ਸ਼ਾਹਰਖ ਗੁਲ ਨਾਂਅ ਦੇ ਵਿਅਕਤੀ ਨੇ ਪੁਲਿਸ ਅਧਿਕਾਰੀਆਂ ਦੀ ਮਦਦ ਨਾਲ ਉਨ੍ਹਾਂ ਦੀ ਧੀ ਨੂੰ ਉਸ ਦੇ ਵਿਆਹ 'ਚੋਂ ਚੁੱਕ ਲਿਆ ਅਤੇ ਉਸ ਦਾ ਧਰਮ ਬਦਲਾ ਕੇ ਉਸ ਦਾ ਮੁਸਲਮਾਨ ਵਿਅਕਤੀ ਨਾਲ ਵਿਆਹ ਕਰ ਦਿੱਤਾ। ਬਾਅਦ 'ਚ ਧਰਮ ਪਰਿਵਰਤਨ ਅਤੇ ਵਿਆਹ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਕੀਤੀ ਗਈ।
ਉੱਥੇ ਹੀ ਖਬਰ ਏਜੰਸੀ ਆਈ.ਏ.ਐੱਨ.ਐੱਸ ਅਨੁਸਾਰ ਪਾਕਿਸਤਾਨੀ ਮੀਡੀਆ 'ਚ ਛਪੀ ਹੋਈ ਖਬਰ 'ਚ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਪਾਕਿਸਤਾਨ ਦੇ ਸਿੰਧ ਪ੍ਰਾਂਤ ਦੇ ਸ਼ਹਿਰ ਹਾਲਾ 'ਚ ਐਤਵਾਰ ਨੂੰ ਪੁਲਿਸ ਵੱਲੋਂ ਇੱਕ ਹਿੰਦੂ ਲੜਕੀ ਨੂੰ ਉਸ ਦੇ ਵਿਆਹ ਤੋਂ ਬਰਾਮਦ ਕਰਨ ਦਾ ਦਾਅਵਾ ਕਰਦੇ ਹੋਏ ਉਸ ਨੂੰ ਅਦਾਲਤ 'ਚ ਪੇਸ਼ ਕੀਤਾ ਹੈ ਜਿਸ ਤੋਂ ਬਾਅਦ ਉਸ ਨੂੰ ਆਸ਼ਰਮ ਗ੍ਰਹਿ 'ਚ ਭੇਜ ਦਿੱਤਾ ਗਿਆ ਹੈ।
ਰਿਪੋਰਟ 'ਚ ਕਿਹਾ ਗਿਆ ਹੈ ਕਿ ਕਰਾਚੀ 'ਚ ਧਰਮ ਪਰਿਵਰਤਨ ਕਰਕੇ ਇੱਕ ਮੁਸਲਿਮ ਲੜਕੇ ਨਾਲ ਪ੍ਰੇਮ ਵਿਆਹ ਕਰਨ ਵਾਲੀ ਬੁਸ਼ਰਾ ਬਾਈ ਨੂੰ ਪੁਲਿਸ ਨੇ ਹਾਲਾ 'ਚ ਬਰਾਮਦ ਕੀਤਾ ਅਤੇ ਬਾਅਦ 'ਚ ਅਦਾਲਤ 'ਚ ਪੇਸ਼ ਕੀਤਾ। ਰਿਪੋਰਟ 'ਚ ਕਿਹਾ ਗਿਆ ਹੈ ਕਿ ਬੈਂਕ ਅਧਿਕਾਰੀ ਭਾਰਤੀ ਬਾਈ ਨੇ ਦੋ ਮਹੀਨੇ ਪਹਿਲਾਂ ਮੁਸਲਿਮ ਧਰਮ ਅਪਣਾ ਕੇ ਸ਼ਾਹਰੁਖ ਮੇਮਨ ਨਾਂਅ ਦੇ ਇਕ ਇੰਜੀਨੀਅਰ ਨਾਲ ਕਰਾਚੀ ਦੇ ਜਾਮਿਆ ਬਿਨੋਰਿਆ 'ਚ ਨਿਕਾਹ ਕੀਤਾ ਅਤੇ ਆਪਣਾ ਨਾਂਅ ਬੁਸ਼ਰਾ ਰੱਖ ਲਿਆ। ਰਿਪੋਰਟ 'ਚ ਦਾਅਵਾ ਕੀਤਾ ਗਿਆ ਕਿ ਨੌਕਰੀ ਦੌਰਾਨ ਹੀ ਦੋਵਾਂ 'ਚ ਪਿਆਰ ਹੋ ਗਿਆ ਸੀ ਅਤੇ ਦੋਵਾਂ ਨੇ ਵਿਆਹ ਕਰਨ ਦਾ ਫੈਸਲਾ ਕੀਤਾ ਸੀ।
ਰਿਪੋਰਟ ਅਨੁਸਾਰ ਵਿਆਹ ਤੋਂ ਬਾਅਦ ਬੁਸ਼ਰਾ ਉਰਫ ਭਰਤੀ ਬਾਈ ਆਪਣੇ ਘਰ ਆ ਗਈ। ਪਰ ਉਸ ਨੇ ਆਪਣੇ ਵਿਆਹ ਦੀ ਗੱਲ ਆਪਣੇ ਘਰਦਿਆਂ ਤੋਂ ਲੁਕੋਈ। ਜਿਸ ਤੋਂ ਬਾਅਦ ਲੜਕੀ ਦੇ ਘਰਵਾਲਿਆਂ ਨੇ ਉਸ ਦਾ ਵਿਆਹ ਹਿੰਦੂ ਲੜਕੇ ਨਾਲ ਤੈਅ ਕਰ ਦਿੱਤਾ। ਜਿਸ ਤੋਂ ਬਾਅਦ ਪੁਲਿਸ ਅਦਾਲਤ ਦੇ ਹੁਕਮਾਂ 'ਤੇ ਵਿਆਹ 'ਚ ਪੁੱਜੀ ਅਤੇ ਅਤੇ ਲੜਕੀ ਨੂੰ ਨਾਲ ਲਿਜਾ ਕੇ ਅਦਾਲਤ 'ਚ ਪੇਸ਼ ਕੀਤਾ। ਰਿਪੋਰਟ 'ਚ ਕਿਹਾ ਗਿਆ ਹੈ ਕਿ ਬੁਸ਼ਰਾ ਨੇ ਅਦਾਲਤ 'ਚ ਕਿਹਾ ਕਿ ਉਸ ਨੇ ਸ਼ਾਹਰੁਖ ਨਾਲ ਆਪਣੀ ਮਰਜੀ ਨਾਲ ਵਿਆਹ ਕੀਤਾ ਹੈ ਅਤੇ ਸ਼ਾਹਰੁਖ ਨੇ ਆਪਣੇ ਨਿਕਾਹ ਦਾ ਸਰਟੀਫਿਕੇਟ ਪੇਸ਼ ਕੀਤਾ। ਜਿਸ ਤੋਂ ਬਾਅਦ ਅਦਾਲਤ ਨੇ ਹਿੰਦੂ ਅਤੇ ਮੁਸਲਮਾਨ ਮਸਲੇ ਕਾਰਨ ਪੂਰੀ ਕਰਵਾਈ ਹੋਣ ਤੱਕ ਲੜਕੀ ਨੂੰ ਆਸ਼ਰਮ ਗ੍ਰਹਿ ਭੇਜ ਦਿੱਤਾ ਹੈ।