← ਪਿਛੇ ਪਰਤੋ
ਲੋਕੇਸ਼ ਰਿਸ਼ੀ
- ਕਾਂਗਰਸੀ ਸਰਪੰਚ ਦੇ 35 ਸਾਲਾ ਜਵਾਨ ਪੁੱਤਰ ਦਾ ਗੋਲੀਆਂ ਮਾਰ ਕੇ ਕੀਤਾ ਕਤਲ
ਰਦਾਸਪੁਰ, 27 ਜਨਵਰੀ 2020 - ਬਟਾਲਾ ਦੇ ਨਜ਼ਦੀਕੀ ਪਿੰਡ ਹਰਪੁਰਾ ਵਿਖੇ ਉਸ ਵੇਲੇ ਦਹਿਸ਼ਤ ਦਾ ਮਹੌਲ ਬਣ ਗਿਆ। ਜਦੋਂ ਇਸੇ ਪਿੰਡ ਦੇ ਰਹਿਣ ਵਾਲੇ ਵਿਅਕਤੀ ਵੱਲੋਂ ਆਪਣੇ ਹੀ ਪਿੰਡ ਦੇ ਰਹਿਣ ਵਾਲੇ 35 ਸਾਲਾ ਨੌਜਵਾਨ ਦੀ ਛਾਤੀ ਵਿੱਚ 6 ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ। ਘਟਨਾ ਦੌਰਾਨ ਮਾਰੇ ਗਏ ਨੌਜਵਾਨ ਦੀ ਪਹਿਚਾਣ ਜਸਬੀਰ ਸਿੰਘ ਉਰਫ਼ ਗੋਲੂ ਸਰਪੰਚ ਵਾਸੀ ਪਿੰਡ ਹਰਪੁਰਾ ਵਜੋਂ ਦੱਸੀ ਜਾ ਰਹੀ ਹੈ। ਮਿਰਤਕ ਦੀ ਮਾਤਾ ਸੁਖਜਿੰਦਰ ਕੌਰ ਪਿੰਡ ਹਰਪੁਰਾ ਤੋਂ ਮੌਜੂਦਾ ਕਾਂਗਰਸੀ ਸਰਪੰਚ ਹੈ। ਜਦੋਂ ਕਿ ਮਿਰਤਕ ਦੀ ਪਤਨੀ ਬਲਾਕ ਸਮਿਤੀ ਮੈਂਬਰ ਦੱਸੀ ਜਾ ਰਹੀ ਹੈ। ਇਸ ਪੂਰੀ ਘਟਨਾ ਨੂੰ ਉਸ ਵੇਲੇ ਅੰਜਾਮ ਦਿੱਤਾ ਗਿਆ ਜਦੋਂ ਮਿਰਤਕ ਘਰੋਂ ਖੇਤਾਂ ਨੂੰ ਗੇੜਾ ਮਾਰਨ ਨਿਕਲਿਆ ਸੀ। ਘਟਨਾ ਤੋਂ ਬਾਅਦ ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈਂਦਿਆਂ ਮਾਮਲੇ ਦੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ। ਫ਼ਿਲਹਾਲ ਘਟਨਾ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਫ਼ਰਾਰ ਦੱਸੇ ਜਾ ਰਹੇ ਹਨ। ਹਾਲਾਂਕਿ ਘਟਨਾ ਕਾਰਨ ਦੁਖੀ ਪਰਿਵਾਰਿਕ ਮੈਂਬਰਾਂ ਵੱਲੋਂ ਮੀਡੀਆ ਨਾਲ ਕੋਈ ਗੱਲ ਬਾਤ ਨਹੀਂ ਕੀਤੀ ਗਈ। ਪਰ ਮਾਮਲੇ ਦੀ ਜਾਂਚ ਕਰ ਰਹੇ ਬਟਾਲਾ ਪੁਲਿਸ ਦੇ ਐੱਸ.ਪੀ. ਜਸਬੀਰ ਸਿੰਘ ਰਾਏ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿੱਚ ਪੂਰਾ ਮਾਮਲਾ ਪੁਰਾਣੀ ਰੰਜਸ਼ ਦਾ ਲੱਗ ਰਿਹਾ ਹੈ। ਜਿਸ ਕਾਰਨ ਪਿੰਡ ਹਰਪੁਰਾ ਦੇ ਰਹਿਣ ਵਾਲੇ ਰਾਜਾ ਪੁੱਤਰ ਮੁਖ਼ਤਿਆਰ ਸਿੰਘ ਵੱਲੋਂ ਆਪਣੇ ਹੀ ਪਿੰਡ ਦੀ ਸਰਪੰਚ ਦੇ ਪੁੱਤਰ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਨਾਲ ਹੀ ਉਨ੍ਹਾਂ ਦੱਸਿਆ ਕਿ ਮੁਲਜ਼ਮ ਰਾਜਾ ਤੇ ਪਹਿਲਾਂ ਵੀ ਕਤਲ ਦਾ ਮਾਮਲਾ ਚੱਲ ਰਿਹਾ ਹੈ ਅਤੇ ਉਹ ਕੁੱਝ ਸਮਾਂ ਪਹਿਲਾਂ ਹੀ ਜ਼ਮਾਨਤ ਤੇ ਜ਼ੇਲ੍ਹ ਵਿੱਚੋਂ ਵਾਪਸ ਆਇਆ ਸੀ। ਫ਼ਿਲਹਾਲ ਪੁਲਿਸ ਵੱਲੋਂ ਪਰਿਵਾਰਿਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ।
Total Responses : 933