ਬਾਬੂਸ਼ਾਹੀ ਬਿਊਰੋ
ਅੰਮ੍ਰਿਤਸਰ 27 ਜਨਵਰੀ ; ਜੱਲਿਆਂਵਾਲਾ ਬਾਗ ਦੇ ਬਿਲਕੁਲ ਬਾਹਰ ਸਥਾਪਤ ਕੀਤੇ ਗਏ ਸ਼ਹੀਦ ਊਧਮ ਸਿੰਘ ਦੇ ਬੁੱਤ ਦੇ ਮੂਹਰੇ ਖਿੜਕੀ ਰੂਪੀ ਖੜ੍ਹੀ ਕੀਤੀ ਗਈ ਦੀਵਾਰ ਨੂੰ ਹਟਾਉਣ ਦੀ ਮੰਗ ਨੂੰ ਲੈ ਕੇ ਵੱਖ ਵੱਖ ਜਥੇਬੰਦੀਆਂ ਨਾਲ ਸਬੰਧਤ ਆਗੂਆਂ ਦੇ ਇੱਕ ਵਫ਼ਦ ਨੇ ਬੀਤੀ 26 ਜਨਵਰੀ ਨੂੰ ਬੁੱਤ ਦੇ ਨੇੜੇ ਧਰਨਾ ਦੇ ਕੇ ਆਪਣਾ ਵਿਰੋਧ ਦਰਜ ਕਰਵਾਇਆ ।
ਜੱਲਿਆਂਵਾਲਾ ਬਾਗ ਸਾਹਮਣੇ ਧਰਨਾ ਦੇ ਕੇ ਆਪਣੇ ਰੋਸ ਦਾ ਇਜ਼ਹਾਰ ਕਰਦੇ ਹੋਏ ਡੈਲੀਗੇਟ
ਇਸ ਤੋਂ ਬਾਅਦ ਜੱਲ੍ਹਿਆਂ ਵਾਲਾ ਬਾਗ ਟਰੱਸਟ ਦੇ ਸਕੱਤਰ ਮੁਖਰਜੀ ਨੂੰ ਮੰਗ ਪੱਤਰ ਦੇ ਕੇ ਬਣਾਈ ਗਈ ਚਾਰਦੁਆਰੀ ਨੂੰ ਹਟਾਉਣ ਦੀ ਮੰਗ ਰੱਖੀ ਗਈ ।
ਵਫ਼ਦ ਵਿੱਚ ਅੰਤਰਰਾਸ਼ਟਰੀ ਸਰਵ ਕੰਬੋਜ ਸਮਾਜ , ਯੂਥ ਕੰਬੋਜ ਮਹਾਂ ਸਭਾ , ਸ਼ਹੀਦ - ਏ - ਵਤਨ ਯੂਥ ਆਰਗੇਨਾਈਜੇਸ਼ਨ , ਰਾਮ ਮੁਹੰਮਦ ਸਿੰਘ ਆਜ਼ਾਦ ਕਲੱਬ ਸੁਨਾਮ , ਸ਼ਹੀਦ ਊਧਮ ਸਿੰਘ ਮੈਮੋਰੀਅਲ ਭਵਨ ਫ਼ਿਰੋਜ਼ਪੁਰ ਆਦਿ ਸੰਸਥਾਵਾਂ ਨਾਲ ਸਬੰਧਤ ਡੈਲੀਗੇਟ ਇਸ ਸਥਾਨ ਤੇ ਪੁੱਜੇ ਸਨ ।
ਇਕੱਠ ਨੂੰ ਸੰਬੋਧਨ ਕਰਦਿਆਂ ਚੌਧਰੀ ਦੌਲਤ ਰਾਮ ਨੇ ਕਿਹਾ ਕਿ ਇਹ ਕਾਰਵਾਈ ਨਾ ਸਹਿਣ ਯੋਗ ਹੈ ।
ਅੰਤਰਰਾਸ਼ਟਰੀ ਸਰਬ ਕੰਬੋਜ ਸਮਾਜ ਯੂਥ ਦੇ ਪੰਜਾਬ ਪ੍ਰਧਾਨ ਹਰਮੀਤ ਕੰਬੋਜ ਪੰਮਾ ਨੇ ਕਿਹਾ ਕਿ ਦੇਸ਼ ਲਈ ਜਾਨ ਕੁਰਬਾਨ ਕਰਨ ਵਾਲੇ ਸ਼ਹੀਦ ਊਧਮ ਸਿੰਘ ਦੀ ਸ਼ਹਾਦਤ ਨੂੰ ਸਨਮਾਨ ਦੇਣ ਲਈ ਸਰਕਾਰਾਂ ਵੱਲੋਂ ਖੁਦ ਸ਼ਹੀਦ ਊਧਮ ਸਿੰਘ ਦੀ ਯਾਦਗਾਰ ਬਣਾਉਣ ਦੀ ਜ਼ਰੂਰਤ ਸੀ ।
ਹੁਣ ਜਦੋਂ ਉਨ੍ਹਾਂ ਬਚਾਉਣ ਵਾਲਿਆਂ ਵੱਲੋਂ ਖੁਦ ਆਪਣੇ ਪੱਧਰ ਦੇ ਬੁੱਤ ਦਾ ਨਿਰਮਾਣ ਕਰਵਾ ਕੇ ਇਸ ਨੂੰ ਸਥਾਪਤ ਕੀਤਾ ਹੈ ਤਾਂ ਉਸ ਦੇ ਸਾਹਮਣੇ ਦੀਵਾਰ ਖੜ੍ਹੀ ਕਰਨੀ ਨਿੰਦਣਯੋਗ ਕਾਰਵਾਈ ਹੈ ।
ਸ਼ਹੀਦ ਏ ਵਤਨ ਯੂਥ ਆਰਗੇਨਾਈਜੇਸ਼ਨ ਦੇ ਆਗੂ ਗੁਰਭੇਜ ਸਿੰਘ ਟਿੱਬੀ ਨੇ ਕਿਹਾ ਕਿ ਅਸੀਂ ਸ਼ਾਂਤਮਈ ਢੰਗ ਨਾਲ ਇਸ ਰੁਕਾਵਟ ਨੂੰ ਦੂਰ ਕਰਨ ਦੀ ਮੰਗ ਰੱਖ ਰਹੇ ਹਾਂ ਜੇਕਰ ਫਿਰ ਵੀ ਇਸ ਤੇ ਯੋਗ ਕਾਰਵਾਈ ਨਾ ਹੋਈ ਤਾਂ ਸੰਘਰਸ਼ ਨੂੰ ਤਿੱਖਾ ਕੀਤਾ ਜਾਵੇਗਾ ।
ਅੰਤਰਰਾਸ਼ਟਰੀ ਸਰਵ ਕੰਬੋਜ ਸਮਾਜ ਇੰਪਲਾਈਜ਼ ਵਿੰਗ ਦੇ ਪ੍ਰਧਾਨ ਹਰਜਿੰਦਰ ਹਾਂਡਾ ਨੇ ਕਿਹਾ ਕਿ ਜੱਲ੍ਹਿਆਂਵਾਲਾ ਕਾਂਡ ਨੂੰ ਪੂਰੀ ਇੱਕ ਸਦੀ ਦਾ ਅਰਸਾ ਗੁਜ਼ਰ ਚੁੱਕਿਆ ਹੈ , ਇਨ੍ਹਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਹੀ ਅੱਜ ਦੇਸ਼ ਉਪਰ ਰਾਜ ਕਰਨ ਵਾਲ ਹੁਕਮਰਾਨ ਸ਼ਇਦ ਸ਼ਹੀਦਾਂ ਦੀ ਲਾਸਾਨੀ ਕੁਰਬਾਨੀ ਨੂੰ ਭੁੱਲ ਗਏ ਹਨ ।
ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਦੇ ਸਬੰਧੀ ਫੌਰੀ ਕਾਰਵਾਈ ਨਾ ਕੀਤੀ ਗਈ ਤਾਂ ਇਸ ਦੇ ਗੰਭੀਰ ਸਿੱਟੇ ਨਿਕਲਣਗੇ
ਯੂਥ ਕੰਬੋਜ ਮਹਾਂ ਸਭਾ ਦੇ ਪੰਜਾਬ ਪ੍ਰਧਾਨ ਤਿਲਕ ਰਾਜ ਕੰਬੋਜ ਨੇ ਕਿਹਾ ਕਿ ਇਸ ਜੱਲ੍ਹਿਆਂ ਵਾਲਾ ਬਾਗ ਦੇ ਖੂਨੀ ਸਾਕੇ ਦੇ ਸ਼ਹੀਦਾਂ ਦੀ ਸ਼ਹਾਦਤ ਦਾ ਬਦਲਾ ਲੈਣ ਲਈ ਸ਼ਹੀਦ ਊਧਮ ਸਿੰਘ ਨੇ 21 ਸਾਲ ਦਾ ਲੰਬਾ ਸਮਾਂ ਘਾਲਨਾਵਾਂ ਘਾਲੀਆਂ । ਉਹਨਾਂ ਕਿਹਾ ਕਿ ਤੁਰੰਤ ਇਸ ਰੁਕਾਵਟ ਨੂੰ ਦੂਰ ਕੀਤਾ ਜਾਵੇ ।
ਕੰਬੋਜ ਮਹਾਂਸਭਾ ਜਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ ਇਕਬਾਲ ਚੰਦ ਪਾਲਾ ਬੱਟੀ ਨੇ ਵੀ ਆਪਣੇ ਸੰਬੋਧਨ ਵਿੱਚ ਕਿਹਾ ਕਿ ਜੇਕਰ ਇਸ ਖਿੜਕੀ ਨੂੰ ਹਟਾਇਆ ਨਾ ਗਿਆ ਤਾਂ ਇੱਥੇ ਹਜਾਰਾਂ ਦੀ ਗਿਣਤੀ ਵਿੱਚ ਲੋਕ ਇਕੱਤਰ ਹੋਣਗੇ ।
ਇਸ ਮੌਕੇ ਹਰਜਿੰਦਰ ਸਿੰਘ ਅੰਮ੍ਰਿਤਸਰ , ਜੋਗਿੰਦਰਪਾਲ ਭਾਟਾ , ਕੇਵਲ ਕੰਬੋਜ ਪਿੰਡੀ , ਜੰਗੀਰ ਸਿੰਘ ਥਿੰਦ ਸਾਬਕਾ ਚੇਅਰਮੈਨ , ਰਾਮ ਚੰਦ ਮੁੱਤੀ , ਸੁਭਾਸ਼ ਕੰਬੋਜ , ਜਸਪਾਲ ਹਾਂਡਾ , ਹੰਸ ਰਾਜ ਬੱਟੀ , ਹੰਸ ਰਾਜ ਕੰਬੋਜ ਬਲਾਕ ਪ੍ਰਧਾਨ ਗੁਰੂ ਹਰਸਹਾੲੇ , ਦੌਲਤ ਰਾਮ ਪਟਵਾਰੀ , ਚਮਕੌਰ ਸਿੰਘ ਹਾਂਡਾ , ਸੰਦੀਪ ਸਰਪੰਚ ਮਾਹਮੂਜੋਈਆ , ਸੁਖਵਿੰਦਰ ਸਿੰਘ ਕਾਕਾ ਕੰਬੋਜ , ਬਲਕਾਰ ਚੰਦ ਜੋਸਨ ਜਿਲ੍ਹਾ ਪ੍ਰਧਾਨ ਫਾਜ਼ਿਲਕਾ , ਰਜੇਸ਼ ਟਿੰਕੂ , ਜਗਦੀਸ਼ ਮੋਹਨ ਕੇ , ਪ੍ਰਾਣ ਨਾਥ ਪੰਧੂ ਤੋਂ ਇਲਾਵਾ ਹੋਰ ਵੀ ਆਗੂ ਮੌਜੂਦ ਸਨ ।