ਐਸ.ਏ.ਐਸ. ਨਗਰ, 27 ਜਨਵਰੀ 2020: ਇਥੇ ਸਰਕਾਰੀ ਕਾਲਜ ਫੇਜ਼ -6 ਵਿਖੇ ਹੋਈ ਗਣਤੰਤਰ ਦਿਵਸ ਪਰੇਡ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋ ਅੰਤਰਰਾਸ਼ਟਰੀ ਨਿਸ਼ਾਨੇਬਾਜ਼ ਅਤੇ ਸਬ ਇੰਸਪੈਕਟਰ, ਪੰਜਾਬ ਪੁਲਿਸ ਅਜੀਤੇਸ਼ ਕੌਸ਼ਲ ਨੂੰ ਨਿਸ਼ਾਨੇਬਾਜ਼ੀ ਦੀ ਖੇਡ ਵਿੱਚ ਉਸਦੀਆਂ ਸ਼ਾਨਦਾਰ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਗਿਆ।
ਸਬ ਇੰਸਪੈਕਟਰ ਅਜੀਤੇਸ਼ ਕੌਸ਼ਲ ਮੌਜੂਦਾ ਸਮੇਂ ਐਸ.ਏ.ਐਸ. ਨਗਰ ਵਿਖੇ ਤੈਨਾਤ ਹਨ ਅਤੇ ਏ.ਆਈ.ਜੀ. ਪੁਲੀਸ, ਸਟੇਟ ਕਰਾਈਮ, ਸ੍ਰੀ ਰਾਕੇਸ਼ ਕੌਸ਼ਲ ਦੇ ਪੁੱਤਰ ਹਨ। ਹਾਲ ਹੀ ਵਿੱਚ ਪੁਣੇ ਵਿਖੇ ਹੋਈ 13ਵੀਂ ਆਲ ਇੰਡੀਆ ਪੁਲੀਸ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਅਜੀਤੇਸ਼ ਕੌਸ਼ਲ ਨੇ 3 ਤਮਗੇ ਜਿੱਤੇ ਸਨ। ਉਨ੍ਹਾਂ ਨੇ 25 ਮੀਟਰ ਰੈਪਿਡ ਫਾਇਰ ਪਿਸਟਲ ਮੁਕਾਬਲੇ ਵਿੱਚ ਲੰਡਨ ਉਲੰਪਿਕ ਦੇ ਚਾਂਦੀ ਦਾ ਤਮਗਾ ਜੇਤੂ ਵਿਜੈ ਕੁਮਾਰ ਨੂੰ ਹਰਾਉਂਦਿਆਂ ਸੋਨ ਤਮਗਾ ਜਿੱਤਿਆ। ਅਜੀਤੇਸ਼ ਪੰਜਾਬ ਪੁਲੀਸ ਦੀ ਟੀਮ ਦਾ ਵੀ ਹਿੱਸਾ ਸਨ ਜਿਸਨੇ ਇਸੇ ਮੁਕਾਬਲੇ ਵਿੱਚ ਕਾਂਸੀ ਦਾ ਤਮਗਾ ਜਿੱਤਿਆ। ਇਸ ਦੇ ਨਾਲ ਹੀ ਚੈਂਪੀਅਨਸ਼ਿਪ ਵਿੱਚ ਸਟੈਂਡਰਡ ਪਿਸਟਲ ਮੁਕਾਬਲੇ ਵਿੱਚ ਵੀ ਅਜੀਤੇਸ਼ ਨੇ ਚਾਂਦੀ ਦਾ ਤਮਗਾ ਹਾਸਲ ਕੀਤਾ।
ਹਾਲ ਹੀ ਵਿੱਚ ਐਸ.ਐਸ.ਪੀ., ਐਸ.ਏ.ਐਸ. ਨਗਰ ਸ੍ਰੀ ਕੁਲਦੀਪ ਸਿੰਘ ਚਾਹਲ ਵੱਲੋਂ ਅਜੀਤੇਸ਼ ਕੌਸ਼ਲ ਦਾ ਸਨਮਾਨ ਕੀਤਾ ਗਿਆ ਸੀ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਜੀਤੇਸ਼ ਕੌਸ਼ਲ ਨੂੰ ਉਸਦੀਆਂ ਪ੍ਰਾਪਤੀਆਂ ਲਈ 2 ਸਾਲ ਪਹਿਲਾਂ ਪੰਜਾਬ ਪੁਲੀਸ ਵਿੱਚ ਸਪੈਸ਼ਲ ਕੇਸ ਵਜੋਂ ਸਬ ਇੰਸਪੈਕਟਰ ਭਰਤੀ ਕੀਤਾ ਗਿਆ ਸੀ।