ਜੀ ਐਸ ਪੰਨੂ
ਪਟਿਆਲਾ, 27 ਜਨਵਰੀ 2020 - ਯੂ. ਐੱਸ.ਏ. ਵਿਚ ਸਥਾਪਿਤ ਹੋਣ ਜਾ ਰਹੀ ਖਾਲਸਾ ਯੂਨੀਵਰਸਿਟੀ ਦੇ ਡਾਇਰੈਕਟਰ ਮਨਜੀਤ ਸਿੰਘ ਧਾਲੀਵਾਲ ਵੱਲੋਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦਾ ਦੌਰਾ ਕੀਤਾ ਗਿਆ। ਜਿ਼ਕਰਯੋਗ ਹੈ ਕਿ ਇਹ ਯੂਨੀਵਰਸਿਟੀ ਯੂ.ਐੱਸ.ਏ. ਦੇ ਬੈਲਿੰਗਹੈਮ ਸ਼ਹਿਰ ਵਿਖੇ ਸਥਾਪਿਤ ਹੋਣੀ ਹੈ ਜਿੱਥੇ 125 ਏਕੜ ਜ਼ਮੀਨ ਅਤੇ ਇਕ ਸਰਕਾਰੀ ਕਾਲਜ ਦੀਆਂ ਇਮਾਰਤਾਂ ਖਰੀਦ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਲਗਵਾ ਦਿੱਤੀਆਂ ਗਈਆਂ ਹਨ।
ਧਾਲੀਵਾਲ ਵੱਲੋਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ ਚਾਂਸਲਰ ਡਾ. ਬੀ. ਐੱਸ. ਘੁੰਮਣ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਧਾਲੀਵਾਲ ਨੂੰ ਹਰ ਸੰਭਵ ਮਦਦ ਦੇਣ ਦਾ ਵਾਅਦਾ ਕੀਤਾ ਗਿਆ। ਡਾ. ਘੁੰਮਣ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਵਿਕਾਸ ਲਈ ਸਥਾਪਿਤ ਹੋਈ ਸੀ ਜਿਸ ਬਾਰੇ ਇਹ ਨਿੱਠ ਕੇ ਕੰਮ ਕਰ ਰਹੀ ਹੈ। ਇਸੇ ਤਰ੍ਹਾਂ ਯੂ.ਐੱਸ. ਏ. ਵਿਚ ਸਥਾਪਿਤ ਹੋਣ ਜਾ ਰਹੀ ਖਾਲਸਾ ਯੂਨੀਵਰਸਿਟੀ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਇਹ ਦੋਵੇਂ ਯੂਨੀਵਰਸਿਟੀਆਂ ਆਪਸ ਵਿਚ ਮਿਲ ਕੇ ਕੰਮ ਕਰ ਸਕਦੀਆਂ ਹਨ।
ਪੰਜਾਬੀ ਯੂਨੀਵਰਸਿਟੀ ਆਪਣੇ ਅਨਮੋਲ ਖਜਾਨੇ ਵਿਚੋਂ ਬਹੁਤ ਸਾਰੀਆਂ ਪੁਸਤਕਾਂ ਡਿਜੀਟਲ ਰੂਪ ਵਿਚ ਇਸ ਨਵੀਂ ਯੂਨੀਵਰਸਿਟੀ ਨੂੰ ਮੁਹਈਆ ਕਰਵਾ ਸਕਦੀ ਹੈ। ਡਾ. ਘੁੰਮਣ ਨੇ ਇਹ ਵੀ ਸੁਝਾਇਆ ਕਿ ਇਸ ਨਵੀਂ ਯੂਨੀਵਰਸਿਟੀ ਨੂੰ ਧਰਮ ਅਤੇ ਵਿਗਿਆਨ ਦੇ ਆਪਸੀ ਸੰਬੰਧ ਵਿਚ ਖੋਜਾਂ ਕਰਨ ਦੀ ਲੋੜ ਹੈ। ਅਜਿਹਾ ਹੋਣ ਨਾਲ ਨਵੀਂ ਪੀੜ੍ਹੀ ਨੂੰ ਵੀ ਨਾਲ ਜੋੜਿਆ ਜਾ ਸਕਦਾ ਹੈ।
ਮਨਜੀਤ ਸਿੰਘ ਧਾਲੀਵਾਲ ਵਿਭਾਗਾਂ ਦਾ ਦੌਰਾ ਕਰਦਿਆਂ ਕਿਹਾ ਕਿ ਇਸ ਯੂਨੀਵਰਸਿਟੀ ਨਾਲ ਅਕਾਦਮਿਕ ਸਾਂਝ ਪਾ ਕੇ ਉਨ੍ਹਾਂ ਨੂੰ ਬਹੁਤ ਹੀ ਖੁਸ਼ੀ ਹੋਵੇਗੀ। ਉਨ੍ਹਾਂ ਦੱਸਿਆ ਕਿ ਕਮਿਊਨਿਟੀ ਕਾਲਜ ਅਤੇ ਖਾਲਸਾ ਸਕੂਲ ਦੀ ਸ਼ੁਰੂਆਤ ਹੋ ਚੁੱਕੀ ਹੈ। ਜਲਦੀ ਹੀ ਯੂਨੀਵਰਸਿਟੀ ਦੀ ਸਥਾਪਨਾ ਨਾਲ ਸੰਬੰਧਤ ਕਾਰਜਾਂ ਨੂੰ ਵੀ ਸੰਪੰਨ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਬਹੁਤ ਸਾਰੇ ਆਨਲਾਈਨ ਕੋਰਸ ਆਰੰਭ ਕੀਤੇ ਜਾਣੇ ਹਨ ਜਿਸ ਲਈ ਪੰਜਾਬੀ ਯੂਨੀਵਰਸਿਟੀ ਦੇ ਵਖ-ਵਖ ਵਿਭਾਗਾਂ ਦੇ ਅਧਿਆਪਕਾਂ ਦਾ ਵਡਮੁੱਲਾ ਸਹਿਯੋਗ ਲੋੜੀਂਦਾ ਹੋਵੇਗਾ।
ਇਸ ਗੱਲਬਾਤ ਦੌਰਾਨ ਡੀਨ ਅਕਾਦਮਿਕ ਮਾਮਲੇ ਡਾ. ਗੁਰਦੀਪ ਸਿੰਘ ਬਤਰਾ, ਰਜਿਸਟਰਾਰ ਡਾ. ਮਨਜੀਤ ਸਿੰਘ ਨਿੱਜਰ, ਸਾਬਕਾ ਡੀਨ ਅਕਾਦਮਿਕ ਡਾ. ਗੁਰਨਾਮ ਸਿੰਘ, ਡਾਇਰੈਕਟਰ, ਗੁਰਮਤਿ ਗਿਆਨ ਆਨਲਾਈਨ ਸਟੱਡੀ ਸੈਂਟਰ ਡਾ. ਅੰਮ੍ਰਿਤਪਾਲ ਕੌਰ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।