ਅਸ਼ੋਕ ਵਰਮਾ
- ਕਿਸਾਨਾਂ ਨੂੰ ਨਰਮੇ ਦੀ ਬਿਜਾਈ ਤੇ ਕਿਸਮਾਂ, ਖਾਦ ਪ੍ਰਬੰਧਾਂ ਅਤੇ ਦਵਾਈਆਂ ਦੀ ਸੁਚੱਜੀ ਵਰਤੋਂ ਸਬੰਧੀ ਦਿੱਤੀ ਜਾਣਕਾਰੀ
ਮਾਨਸਾ, 27 ਜਨਵਰੀ 2020 - ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਮੁੱਖ ਖੇਤੀਬਾੜੀ ਅਫਸਰ ਡਾ. ਗੁਰਮੇਲ ਸਿੰਘ ਚਹਿਲ ਦੀ ਅਗਵਾਈ ਵਿੱਚ ਕਰਾਪਿੰਗ ਸਿਸਟਮ ਅਧੀਨ ਕਿਸਾਨਾਂ ਨੂੰ ਪਿਛਲੀ ਨਰਮੇ ਦੀ ਫਸਲ ਦੇ ਨਤੀਜੇ ਸਾਂਝੇ ਕਰਨ ਅਤੇ ਆਉਣ ਵਾਲੀ ਨਰਮੇਂ ਦੀ ਫਸਲ ਨੂੰ ਨੇਪਰੇ ਚਾੜ੍ਹਨ ਲਈ ਸੁਚੱਜੀ ਵਿਉਂਤਬੰਦੀ ਕਰਨ ਲਈ ਇੱਕ ਜ਼ਿਲ੍ਹਾ ਪੱਧਰੀ ਸੈਮੀਨਾਰ ਕਰਵਾਇਆ ਗਿਆ। ਜਿਸ ਵਿੱਚ ਸਾਰੇ ਜ਼ਿਲ੍ਹੇ ਤੋਂ ਅਗਾਂਹਵਧੂ 230 ਕਿਸਾਨਾਂ ਨੇ ਭਾਗ ਲਿਆ।
ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਡਾ. ਗੁਰਮੇਲ ਸਿੰਘ ਚਹਿਲ ਨੇ ਕਿਸਾਨਾਂ ਨੂੰ ਦੱਸਿਆ ਕਿ ਕਿਸਾਨਾਂ ਦੀ ਮਿਹਨਤ ਅਤੇ ਖੇਤੀਬਾੜੀ ਵਿਭਾਗ ਦੀਆ ਤਕਨੀਕੀ ਸਲਾਹਾਂ ਨਾਲ ਸਾਉਣੀ 2019 ਵਿੱਚ ਨਰਮੇਂ ਦੇ ਝਾੜ ਵਿੱਚ ਲੱਗਭਗ 15 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ।
ਇਸ ਸੈਮੀਨਾਰ ਵਿੱਚ ਖੇਤੀਬਾੜੀ ਵਿਕਾਸ ਅਫ਼ਸਰ ਸ਼੍ਰੀ ਮਨੋਜ਼ ਕੁਮਾਰ ਨੇ ਨਰਮੇ ਦੀ ਬਿਜਾਈ ਤੇ ਕਿਸਮਾਂ ਸਬੰਧੀ, ਖੇਤੀਬਾੜੀ ਵਿਕਾਸ ਅਫ਼ਸਰ ਸ਼੍ਰੀ ਸੁਖਜਿੰਦਰ ਸਿੰਘ ਨੇ ਨਰਮੇ ਦੇ ਖਾਦ ਪ੍ਰਬੰਧ ਅਤੇ ਕੀੜੇਮਾਰ ਦਵਾਈਆਂ ਦੀ ਸੁਚੱਜੀ ਵਰਤੋਂ, ਖੇਤੀਬਾੜੀ ਵਿਕਾਸ ਅਫ਼ਸਰ ਸ਼੍ਰੀ ਨਰਿੰਦਰ ਸਿੰਘ ਨੇ ਕਣਕ ਦੀ ਫਸਲ ਵਿੱਚ ਛੋਟੇ ਤੱਤਾਂ ਦੀ ਘਾਟ ਦੇ ਚਿੰਨ੍ਹ ਅਤੇ ਰੋਕਥਾਮ ਬਾਰੇ, ਖੇਤੀਬਾੜੀ ਵਿਕਾਸ ਅਫ਼ਸਰ ਜਸਲੀਨ ਕੌਰ ਨੇ ਨਰਮੇਂ ਦੀਆਂ ਬਿਮਾਰੀਆਂ ਅਤੇ ਡਾ. ਸੁਰੇਸ਼ ਕੁਮਾਰ ਨੇ ਨਰਮੇਂ ਦੀ ਫਸਲ ਦੇ ਸੁਚੱਜੇ ਮੰਡੀਕਰਨ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਇਸ ਤੋਂ ਇਲਾਵਾ ਕ੍ਰਿਸ਼ੀ ਵਿਗਿਆਨ ਕੇਂਦਰ ਮਾਨਸਾ ਦੇ ਖੇਤੀ ਵਿਗਿਆਨੀ ਡਾ. ਜਸਜਿੰਦਰ ਕੌਰ, ਡਾ. ਭਰਤ ਸਿੰਘ ਅਤੇ ਡਾ. ਜੀ.ਪੀ.ਐਸ. ਸੋਢੀ ਨੇ ਪੰਜਾਬ ਖੇਤੀਬਾੜੀ ਯੁਨੀਵਰਸਿਟੀ ਦੀਆਂ ਖੇਤੀ ਸਕੀਮਾਂ ਅਤੇ ਖੇਤੀ ਸਹਾਇਕ ਧੰਦਿਆਂ ਬਾਰੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ।
ਇਸ ਸੈਮੀਨਾਰ ਵਿੱਚ ਖੇਤੀਬਾੜੀ ਅਫਸਰ ਡਾ. ਜਸਵਿੰਦਰ ਕੁਮਾਰ, ਡਾ. ਮੰਗਲ ਦਾਸ, ਖੇਤੀਬਾੜੀ ਵਿਕਾਸ ਅਫ਼ਸਰ ਸ਼੍ਰੀ ਪਰਦੀਪ ਸਿੰਘ ਅਤੇ ਸ਼੍ਰੀ ਜਰਮਨਜੋਤ ਸਿੰਘ, ਸ਼੍ਰੀ ਹਰਚੇਤ ਸਿੰਘ, ਸ਼੍ਰੀ ਸੁਖਵਿੰਦਰ ਸਿੰਘ, ਸ਼੍ਰੀ ਕਮਲਦੀਪ ਸਿੰਘ, ਸ਼੍ਰੀਮਤੀ ਗੁਰਜੀਤ ਕੌਰ ਅਤੇ ਸਮੂਹ ਸਟਾਫ ਤੇ ਕਰਮਚਾਰੀ ਹਾਜ਼ਰ ਸਨ। ਇਸ ਸੈਮੀਨਾਰ ਦਾ ਸੰਚਾਲਨ ਖੇਤੀਬਾੜੀ ਵਿਕਾਸ ਅਫ਼ਸਰ ਸ਼੍ਰੀ ਹਰਵਿੰਦਰ ਸਿੰਘ ਝੁਨੀਰ ਅਤੇ ਸ਼੍ਰੀ ਚਮਨਦੀਪ ਸਿੰਘ ਡੀ.ਪੀ.ਡੀ. (ਡਿਪਟੀ ਪ੍ਰੋਜੈਕਟ ਡਾਇਰੈਕਟਰ ਆਤਮਾ) ਨੇ ਕੀਤਾ।