ਲੋਕੇਸ਼ ਰਿਸ਼ੀ
ਗੁਰਦਾਸਪੁਰ, 27 ਜਨਵਰੀ 2020 - ਗੁਆਂਢੀ ਮੁਲਕ ਪਾਕਿਸਤਾਨ ਵਿਖੇ ਘੱਟ ਗਿਣਤੀਆਂ ਤੇ ਹੋ ਰਿਹਾ ਅੱਤਿਆਚਾਰ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ ਅਤੇ ਉੱਥੋਂ ਦੀ ਸਰਕਾਰ ਵੀ ਆਪਣੇ ਦੇਸ਼ ਦੇ ਕੱਟੜਪੰਥੀਆਂ ਵੱਲੋਂ ਕੀਤੀਆਂ ਜਾਣ ਵਾਲੀਆਂ ਅਜਿਹੀਆਂ ਹਰਕਤਾਂ ਨੂੰ ਰੋਕਣ ਵਿੱਚ ਬਿਲਕੁਲ ਨਾਕਾਮ ਵਿਖਾਈ ਦੇ ਰਹੀ ਹੈ। ਤਾਜ਼ਾ ਘਟਨਾ ਮੁਤਾਬਿਕ ਉੱਥੋਂ ਦੇ ਕੱਟੜਪੰਥੀਆਂ ਦੀ ਭੀੜ ਵੱਲੋਂ ਨਾ ਸਿਰਫ਼ ਇੱਕ ਹਿੰਦੂ ਮੰਦਿਰ ਤੇ ਹਮਲਾ ਕੀਤਾ ਗਿਆ। ਬਲ ਕੀ ਉਸ ਮੰਦਰ ਅੰਦਰ ਰੱਖੀਆਂ ਮੂਰਤੀਆਂ ਤੇ ਧਾਰਮਿਕ ਗ੍ਰੰਥਾਂ ਨੂੰ ਵੀ ਭਾਰੀ ਨੁਕਸਾਨ ਪਹੁੰਚਾਇਆ ਗਿਆ। ਘਟਨਾ ਨੂੰ ਲੈ ਕੇ ਪਾਕਿਸਤਾਨੀ ਘੱਟ ਗਿਣਤੀਆਂ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਉਕਤ ਮਸਲੇ ਸਬੰਧੀ ਪਾਕਿਸਤਾਨੀ ਘੱਟ ਗਿਣਤੀਆਂ ਅੰਦਰ ਡਾਢਾ ਰੋਸ ਪਾਇਆ ਜਾ ਰਿਹਾ ਹੈ ਅਤੇ ਇਸੇ ਮਾਮਲੇ ਦੇ ਸਬੰਧ ਵਿੱਚ ਪਾਕਿਸਤਾਨੀ ਹਿੰਦੂ ਯੂਥ ਫੋਰਮ ਸੰਸਥਾ ਵੱਲੋਂ ਸੋਸ਼ਲ ਮੀਡੀਆ ਤੇ ਬਣਾਏ ਗਏ ਆਪਣੇ ਪੇਜ 'ਤੇ ਤਾਜ਼ਾ ਘਟਨਾ ਦੀਆਂ ਫ਼ੋਟੋ ਸ਼ੇਅਰ ਕਰਦਿਆਂ। ਪਾਕਿਸਤਾਨ ਵਿਖੇ ਘੱਟ ਗਿਣਤੀਆਂ ਦੀ ਮੌਜੂਦਾ ਸਥਿਤੀ ਬਿਆਨ ਕੀਤੀ ਗਈ ਹੈ। ਸੋਸ਼ਲ ਮੀਡੀਆ ਤੇ ਕੀਤੀ ਗਈ ਇਸ ਪੋਸਟ ਮੁਤਾਬਿਕ ਉੱਥੋਂ ਦੇ ਸਿੰਧ ਸੂਬੇ ਵਿਖੇ ਚਾਚਰੋ ਸ਼ਹਿਰ ਇੱਕ ਹਿੰਦੂ ਬਹੁ ਗਿਣਤੀ ਵਾਲਾ ਇਲਾਕਾ ਹੈ ਅਤੇ ਕੱਟੜਪੰਥੀਆਂ ਦੀ ਭੀੜ ਵੱਲੋਂ ਇੱਥੋਂ ਦੇ ਮਾਤਾ ਰਾਣੀ ਭਾਰਤੀਆਈਨੀ ਮੰਦਿਰ ਤੇ ਅਚਾਨਕ ਹਮਲਾ ਕਰ ਦਿੱਤਾ ਗਿਆ। ਨਾਲ ਹੀ ਉਨ੍ਹਾਂ ਨੇ ਲਿਖਿਆ ਕਿ ਇਸ ਹਥਿਆਰਬੰਦ ਭੀੜ ਵੱਲੋਂ ਨਾ ਸਿਰਫ਼ ਮੰਦਿਰ ਅੰਦਰ ਰੱਖੀਆਂ ਧਾਰਮਿਕ ਮੂਰਤੀਆਂ ਉੱਪਰ ਗੋਲੀਆਂ ਦੀ ਵਾਛੜ ਕਰ ਕੇ ਉਨ੍ਹਾਂ ਨੂੰ ਤੋੜ ਦਿੱਤਾ ਗਿਆ। ਬਲ ਕੀ ਉਨ੍ਹਾਂ ਹਮਲਾਵਰਾਂ ਵੱਲੋਂ ਮੰਦਿਰ ਵਿਖੇ ਰੱਖੇ ਹਿੰਦੂ ਧਾਰਮਿਕ ਗ੍ਰੰਥਾਂ ਨੂੰ ਅੱਗ ਲਗਾ ਦਿੱਤੀ ਗਈ। ਇਸ ਘਟਨਾ ਕਾਰਨ ਨਾ ਸਿਰਫ਼ ਮੰਦਿਰ ਦੀ ਇਮਾਰਤ ਅਤੇ ਮੂਰਤੀਆਂ ਨੂੰ ਭਾਰੀ ਨੁਕਸਾਨ ਪਹੁੰਚਿਆ। ਉੱਥੇ ਦੂਜੇ ਪਾਸੇ ਹਿੰਦੂ ਧਰਮ ਨਾਲ ਸਬੰਧਿਤ ਪੋਥੀਆਂ ਵੀ ਸੜ ਕੇ ਰਾਖ ਹੋ ਗਈਆਂ।
ਪਾਕਿਸਤਾਨ ਵਿਖੇ ਬੀਤੇ ਕੁੱਝ ਹੀ ਮਹੀਨਿਆਂ ਦੌਰਾਨ ਘੱਟ ਗਿਣਤੀਆਂ ਦੇ ਧਾਰਮਿਕ ਸਥਾਨਾਂ ਤੇ ਕੱਟੜਪੰਥੀਆਂ ਵੱਲੋਂ ਕੀਤੇ ਜਾਣ ਦੀ ਇਹ ਚੌਥੀ ਘਟਨਾ ਹੈ। ਇਸ ਤੋਂ ਪਹਿਲਾਂ ਸਤੰਬਰ 2019 ਵਿੱਚ ਪਾਕਿਸਤਾਨ ਦੇ ਸਿੰਧ ਸੂਬੇ ਵਿਖੇ ਇੱਕ ਹਿੰਦੂ ਮੰਦਿਰ ਤੇ ਕੱਟੜਪੰਥੀਆਂ ਵੱਲੋਂ ਹਮਲਾ ਕਰ ਕੇ ਭੰਨਤੋੜ ਕੀਤੀ ਗਈ। ਬਾਦ ਵਿੱਚ ਉੱਥੋਂ ਦੇ ਕੁੱਬ ਇਲਾਕੇ ਵਿਖੇ ਸਥਿਤ ਗੁਰਦੁਆਰਾ ਸਾਹਿਬ ਅਤੇ ਇਸ ਤੋਂ ਬਾਦ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਨਨਕਾਣਾ ਸਾਹਿਬ ਤੇ ਪੱਥਰ ਬਾਜ਼ੀ ਕੀਤੀ ਗਈ ਅਤੇ ਇਸੇ ਲੜੀ ਵਿੱਚ ਹੁਣ ਕੱਟੜਪੰਥੀਆਂ ਵੱਲੋਂ ਸਿੰਧ ਸੂਬੇ ਦੇ ਇਲਾਕਾ ਥਾਰਪਾਰਕਰ ਦੇ ਸ਼ਹਿਰ ਚਾਚਰੋ ਵਿਖੇ ਸਥਿਤ ਮਾਤਾ ਰਾਣੀ ਭਾਰਤੀਆਈਨੀ ਮੰਦਰ ਵਿਖੇ ਤੋੜ ਭੰਨ ਕਰ ਕੇ ਪਾਕਿਸਤਾਨੀ ਸਰਕਾਰ ਵੱਲੋਂ ਬਣਾਏ ਗਏ ਲਾ ਐਂਡ ਆਰਡਰ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਗਈ ਹੈ।
ਸੰਸਥਾ ਵੱਲੋਂ ਆਪਣੀ ਪੋਸਟ ਦੇ ਅਖੀਰ ਵਿੱਚ ਲਿਖਿਆ ਗਿਆ ਹੈ ਕਿ ਪਾਕਿਸਤਾਨ ਵਿਖੇ ਘੱਟ ਘੱਟ ਗਿਣਤੀਆਂ ਤੇ ਅਜਿਹਾ ਹਮਲਾ ਕੋਈ ਪਹਿਲੀ ਵਾਰ ਨਹੀਂ ਹੋਇਆ ਅਤੇ ਇੱਥੇ ਅਜਿਹੇ ਮਾਮਲੇ ਰੁਕਣ ਦਾ ਨਾ ਹੀ ਨਹੀਂ ਲੈ ਰਹੇ। ਨਾਲ ਹੀ ਇਹ ਵੀ ਲਿਖਿਆ ਗਿਆ ਹੈ ਕਿ ਪਾਕਿਸਤਾਨੀ ਸਰਕਾਰ ਵੀ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਤਿਆਰ ਨਹੀਂ ਹੈ।