← ਪਿਛੇ ਪਰਤੋ
ਦੇਵਾਂ ਨੰਦ ਸ਼ਰਮਾ
ਫ਼ਰੀਦਕੋਟ, 27 ਜਨਵਰੀ 2020: ਸਿਟੀ ਪੁਲੀਸ ਫ਼ਰੀਦਕੋਟ ਨੇ ਸ਼ਹਿਰ ਵਿੱਚ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕਰਕੇ ਦੋ ਵਿਅਕਤੀਆਂ ਤੋਂ 90 ਗੱਟੂ ਚਾਇਨਾ (ਪਲਾਸਟਿਕ) ਡੋਰ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਪੁਲੀਸ ਨੇ ਰਵੀ ਸਿੰਘ ਵਾਸੀ ਫਰੀਦਕੋਟ ਨੂੰ 87 ਗੱਟੂਆਂ ਸਮੇਤ ਗ੍ਰਿਫ਼ਤਾਰ ਕੀਤਾ ਹੈ ਅਤੇ ਰਾਧੇ ਸ਼ਾਮ ਨੂੰ 3 ਗੱਟੂਆਂ ਸਮੇਤ ਹਿਰਾਸਤ ਵਿੱਚ ਲਿਆ ਹੈ। ਪੁਲੀਸ ਨੇ ਇਹਨਾਂ ਖਿਲਾਫ਼ ਖਿਲਾਫ਼ ਵਾਤਾਵਰਣ ਸੁਰੱਖਿਆ ਐਕਟ 1986 ਅਤੇ ਜੰਗਲੀ ਜੀਵ ਸੁਰੱਖਿਆ ਐਕਟ 1972 ਤਹਿਤ ਮਾਮਲਾ ਦਰਜ ਕੀਤਾ ਹੈ। ਐੱਸ.ਐੱਚ.ਓ ਰਾਜਬੀਰ ਸਿੰਘ ਨੇ ਕਿਹਾ ਕਿ ਜਿਲਾ ਮੈਜਿਸਟਰੇਟ ਨੇ ਜਿਲੇ ਅੰਦਰ ਚਾਇਨਾ ਡੋਰ ਦੀ ਵਿੱਕਰੀ ਤੇ ਵਰਤੋਂ ਉੱਪਰ ਰੋਕ ਲਾਈ ਹੋਈ ਹੈ ਕਿਉਂਕਿ ਇਹ ਡੋਰ ਪੰਛੀਆਂ ਤੇ ਮਨੁੱਖਾਂ ਲਈ ਮਾਰੂ ਸਾਬਿਤ ਹੋ ਰਹੀ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਮਾਲਵਾ ਜੋਨ ਦੇ ਪ੍ਰਧਾਨ ਗੁਰਦਿੱਤ ਸੇਖੋਂ ਨੇ ਕਿਹਾ ਕਿ ਸ਼ਹਿਰ ਵਿੱਚ ਪੁਲੀਸ ਦੀ ਸ਼ਹਿ 'ਤੇ ਚਾਇਨਾ ਡੋਰ ਸ਼ਰੇਆਮ ਵਿਕ ਰਹੀ ਹੈ। ਉਹਨਾਂ ਕਿਹਾ ਕਿ ਪੁਲਿਸ ਆਪਣੇ ਬੰਦਿਆਂ ਰਾਹੀਂ ਮਹਿੰਗੇ ਮੁੱਲ 'ਤੇ ਚਾਇਨਾ ਡੋਰ ਮਹਿੰਗੇ ਮੁੱਲ ਵਿਕਵਾ ਰਹੀ ਹੈ ਅਤੇ ਛੋਟੇ ਦੁਕਾਨਦਾਰਾਂ ਨੂੰ ਬਿਨਾਂ ਵਜਾ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਗੁਰਦਿੱਤ ਸੇਖੋਂ ਨੇ ਕਿਹਾ ਕਿ ਚਾਇਨਾ ਡੋਰ ਵੇਚਣ ਲਈ ਬਕਾਇਦਾ ਤੌਰ 'ਤੇ ਸ਼ਹਿਰ ਵਿੱਚ ਮਾਫ਼ੀਆ ਸਰਗਰਮ ਹੈ ਅਤੇ ਇਸ ਡੋਰ ਕਾਰਨ ਸ਼ਹਿਰ ਵਿੱਚ ਹੁਣ ਤੱਕ ਦਰਜਨਾਂ ਪੰਛੀਆਂ ਦੀ ਜਾਨ ਚੁੱਕੀ ਹੈ ਅਤੇ ਕਈ ਵਿਅਕਤੀਆਂ ਇਸ ਨਾਲ ਹਾਦਸੇ ਦਾ ਸ਼ਿਕਾਰ ਹੋ ਚੁੱਕੇ ਹਨ। ਵਾਤਾਵਰਣ ਤੇ ਪੰਛੀਆਂ ਦੀ ਸੁਰੱਖਿਆ ਲਈ ਸਰਗਰਮ ਸੰਸਥਾ 'ਬੀੜ' ਦੇ ਆਗੂ ਮਾਸਟਰ ਗੁਰਪ੍ਰੀਤ ਸਿੰਘ ਸਰਾਂ ਨੇ ਕਿਹਾ ਕਿ ਚਾਇਨਾ ਡੋਰ ਦੀ ਵਿੱਕਰੀ ਤੇ ਵਰਤੋਂ ਨਾਲ ਪੰਛੀਆਂ ਦੀਆਂ ਦੁਰਲੱਭ ਪ੍ਰਜਾਤੀਆਂ ਦੀ ਹੋਂਦ ਨੂੰ ਖਤਰਾ ਪੈਦਾ ਹੋ ਗਿਆ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਹਰ ਰੋਜ਼ ਚਾਇਨਾ ਡੋਰ ਨਾਲ ਜਖ਼ਮੀ ਹੋਏ ਪੰਛੀ ਵੱਡੀ ਪੱਧਰ 'ਤੇ ਮਿਲ ਰਹੇ ਹਨ ਜਿੰਨਾਂ ਦਾ ਉਹ ਇਲਾਜ ਕਰ ਰਹੇ ਹਨ।
Total Responses : 189