ਅਸ਼ੋਕ ਵਰਮਾ
- ਗਣਤੰਤਰ ਦਿਵਸ ਸੰਵਿਧਾਨ ਬਚਾਓ, ਦੇਸ਼ ਬਚਾਓ ਦੇ ਤੌਰ ਤੇ ਮਨਾਇਆ ਗਿਆ
ਮਾਨਸਾ , 27 ਜਨਵਰੀ 2020 - ਮਾਨਸਾ ਨੇੜਲੇ ਪਿੰਡ ਉੱਭਾ ਵਿਖੇ ਗਣਤੰਤਰ ਦਿਵਸ ਮੌਕੇ ਸੀ.ਪੀ.ਆਈ. ਵੱਲੋਂ ਸੰਵਿਧਾਨ ਬਚਾਓ, ਦੇਸ਼ ਬਚਾਓ ਮੁਹਿੰਮ ਤਹਿਤ ਬਾਬਾ ਸਾਹਿਬ ਡਾ. ਬੀ.ਆਰ. ਅੰਬੇਦਕਰ ਦੀ ਤਸਵੀਰ ਨੂੰ ਫੁੱਲਮਾਲਾ ਭੇਂਟ ਕਰਨ ਉਪਰੰਤ ਲੱਡੂ ਵੰਡ ਕੇ ਮਨਾਇਆ ਗਿਆ। ਇਸ ਸਮੇਂ ਸੀ.ਪੀ.ਆਈ. ਦੇ ਜਿਲਾ ਸਕੱਤਰ ਕਾ. ਕਿ੍ਰਸ਼ਨ ਚੌਹਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੀ ਏਕਤਾ ਅਤੇ ਆਖੰਡਤਾ ਨੂੰ ਕਾਇਮ ਰੱਖਣ ਲਈ ਸੰਵਿਧਾਨ ਬਚਾਉਣਾ ਅਤੇ ਇਸ ਦੀ ਰਾਖੀ ਕਰਨਾ ਅਤਿ ਜ਼ਰੂਰੀ ਹੈ ਕਿਉਂਕਿ ਦੇਸ਼ ਅੰਦਰ ਫਾਸੀਵਾਦੀ ਤਾਕਤਾਂ ਵੱਲੋਂ ਫਿਰਕੂ ਰੰਗਤ ਦੇ ਕੇ ਦੇਸ਼ ਨੂੰ ਵੰਡਣ ਅਤੇ ਟੁਕੜੇ-ਟੁਕੜੇ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਉਨਾਂ ਆਖਿਆ ਕਿ ਦੇਸ਼ ਦੇ ਸਮੁੱਚੇ ਵਰਗਾਂ, ਗਰੀਬ ਆਮ ਲੋਕਾਂ, ਔਰਤਾਂ ਅਤੇ ਹਰ ਧਰਮ ਅਤੇ ਮਜਬ ਨੂੰ ਸਮਾਜਿਕ ਬਰਾਰਬਤਾ ਦੇਣ ਲਈ ਬਣੇ ਸੰਵਿਧਾਨ ਦੀ ਰਾਖੀ ਲਈ ਖੱਬੀਆਂ ਅਤੇ ਧਰਮ ਨਿਰਪੱਖ ਧਿਰਾਂ ਸੰਘਰਸ਼ ਦੇ ਮੈਦਾਨ ਵਿੱਚ ਹਨ। ਉਨਾਂ ਕਿਹਾ ਕਿ ਅੱਜ ਦਾ ਇਹ ਦਿਨ ਦੇਸ਼ ਲਈ ਮਾਨ ਅਤੇ ਸਨਮਾਨ ਨੂੰ ਬਰਕਰਾਰ ਰੱਖਦਾ ਹੈ। ਉਨਾਂ ਬਾਬਾ ਸਾਹਿਬ ਡਾ. ਬੀ.ਆਰ. ਅੰਬੇਦਕਰ ਦੇ ਲਿਖੇ ਸੰਵਿਧਾਨ ਨੂੰ ਲਾਗੂ ਕਰਵਾਉਣ ਲਈ ਪੂਰੇ ਦੇਸ਼ ਵਿੱਚ ਮੁਹਿੰਮ ਚਲਾਉਣ ਤੇ ਜ਼ੋਰ ਦਿੱਤਾ। ਪ੍ਰੋਗਰਾਮ ਦੀ ਪ੍ਰਧਾਨਗੀ ਹਰਮੇਲ ਕੌਰ, ਵੀਰਪਾਲ ਕੌਰ ਮੈਂਬਰ ਪੰਚਾਇਤ, ਸੁਖਪਾਲ ਸਿੰਘ ਉੱਭਾ ਨੇ ਕੀਤੀ। ਇਸ ਸਮੇਂ ਹੋਰਨਾਂ ਤੋਂ ਇਲਾਵਾ ਸੁਖਦੇਵ ਸਿੰਘ ਪੰਧੇਰ ਪ੍ਰਧਾਨ ਪੰਜਾਬ ਖੇਤ ਮਜ਼ਦੂਰ ਸਭਾ, ਲਛਮਣ ਸਿੰਘ, ਨੰਬਰਦਾਰ ਕਪੂਰ ਸਿੰਘ, ਕੌਰ ਸਿੰਘ, ਮਨਜੀਤ ਕੌਰ ਆਦਿ ਆਗੂਆਂ ਨੇ ਸੰਬੋਧਨ ਕੀਤਾ।