ਹਰਦਮ ਮਾਨ
ਸਰੀ, 27 ਜਨਵਰੀ 2020 - ਗੁਰਦੁਆਰਾ ਨਾਨਕ ਨਿਵਾਸ ਰਿਚਮੰਡ ਵਿਖੇ ਭੰਗੂ ਪਰਿਵਾਰ ਅਤੇ ਸੰਧੂ ਪਰਿਵਾਰ ਵੱਲੋਂ ਨਵੀਆਂ ਪੈੜਾਂ ਪਾਉਂਦਿਆਂ ਕੁੜਮਾਈ ਦੀ ਰਸਮ ਤੇ ਇਕੱਤਰ ਹੋਈ ਸ਼ਗਨਾਂ ਦੀ ਰਾਸ਼ੀ ਮਨੁੱਖਤਾ ਦੀ ਭਲਾਈ ਹਿਤ ਕਾਰਜਸ਼ੀਲ ਦੋ ਸੰਸਥਾਵਾਂ ਨੂੰ ਦਾਨ ਕੀਤੀ ਗਈ।
ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਬਲਵੰਤ ਸਿੰਘ ਸੰਘੇੜਾ ਨੇ ਦੱਸਿਆ ਹੈ ਕਿ 25 ਜਨਵਰੀ ਨੂੰ ਅਖੰਡ ਪਾਠ ਸਾਹਿਬ ਭੋਗ ਉਪਰੰਤ ਮਨਿੰਦਰਪਾਲ ਸਿੰਘ ਭੰਗੂ ਅਤੇ ਅਮਾਨਤ ਕੌਰ ਸੰਧੂ ਦੀ ਕੁੜਮਾਈ ਦੀ ਰਸਮ ਕੀਤੀ ਗਈ। ਦੋਹਾਂ ਪਰਿਵਾਰਾਂ ਅਤੇ ਦੋਹਾਂ ਬੱਚਿਆਂ ਨੇ ਇਸ ਮੌਕੇ ਇਕ ਸ਼ਲਾਘਾਯੋਗ ਫੈਸਲਾ ਕੀਤਾ ਕਿ ਸਭ ਰਿਸ਼ਤੇਦਾਰ ਅਤੇ ਦੋਸਤ ਮਿੱਤਰ ਬੱਚਿਆਂ ਨੂੰ ਸ਼ਗਨ ਪਾਉਣ ਦੀ ਬਜਾਏ ਆਪਣਾ ਸ਼ਗਨ ਦੋ ਲੋਕ ਭਲਾਈ ਸੰਸਥਾਵਾਂ ਨੂੰ ਦਾਨ ਕਰ ਦੇਣ। ਗੁਰਦੁਆਰਾ ਸਾਹਿਬ ਦੀ ਲੌਬੀ ਵਿਚ ਦੋ ਬਕਸੇ “ਬੀ.ਸੀ. ਕੈਂਸਰ ਸੁਸਾਇਟੀ” ਦਾ ਅਤੇ ਇਕ ਲੁਧਿਆਣੇ ਦੀ ‘ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ’ ਸੰਸਥਾ ਦਾ, ਰੱਖੇ ਗਏ। ਸਭ ਨੇ ਸ਼ਗਨਾਂ ਦੀ ਰਾਸ਼ੀ ਇਹਨਾਂ ਬਕਸਿਆਂ ਵਿਚ ਪਾਈ।
ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਬਲਬੀਰ ਸਿੰਘ ਜਵੰਦਾ ਅਤੇ ਸਕੱਤਰ ਬਲਵੰਤ ਸਿੰਘ ਸੰਘੇੜਾ ਨੇ ਦੋਹਾਂ ਪਰਿਵਾਰਾਂ ਨੂੰ ਵਧਾਈ ਦਿੰਦਿਆਂ ਇਸ ਫੈਸਲੇ ਦੀ ਸ਼ਲਾਘਾ ਕੀਤੀ ਅਤੇ ਹੋਰਨਾਂ ਨੌਜਵਾਨਾਂ ਨੂੰ ਵੀ ਇਸ ਤੋਂ ਪ੍ਰੇਰਨਾ ਲੈਣ ਦੀ ਅਪੀਲ ਕੀਤੀ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com