ਜਗਦੀਸ਼ ਥਿੰਦ
ਫਾਜ਼ਿਲਕਾ, 27 ਜਨਵਰੀ:
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪੰਜਾਬ ਸਰਕਾਰ ਵਲੋਂ ਗੁਰੂ ਸਾਹਿਬ ਜੀ ਦੇ ਜੀਵਨ, ਉਦਾਸੀਆਂ ਤੇ ਉਪਦੇਸ਼ਾਂ ਬਾਰੇ ਜਾਣੂੰ ਕਰਵਾਉਣ ਲਈ ਸ਼ਹਿਰ ਫਾਜ਼ਿਲਕਾ ਦੇ ਐਮ.ਆਰ. ਕਾਲਜ ਦੇ ਬਹੁਮੰਤਵੀ ਸਟੇਡੀਅਮ ਵਿਖੇ ਅਤਿ ਆਧੁਨਿਕ ਤਕਨੀਕ ਨਾਲ ਲਬਰੇਜ਼ ਡਿਜ਼ੀਟਲ ਮਿਊਜ਼ੀਅਮ ਅਤੇ ਲਾਇਟ ਐਂਡ ਸਾਊਂਡ (ਅਵਾਜ ਤੇ ਰੌਸ਼ਨੀ) ਦਾ ਵਿਧਾਇਕ ਫਾਜ਼ਿਲਕਾ ਸ੍ਰੀ ਦਵਿੰਦਰ ਸਿੰਘ ਘੁਬਾਇਆ ਨੇ ਰਸਮੀ ਸ਼ੁਰੂਆਤ ਕਰਵਾਈ।
ਵਿਧਾਇਕ ਸ੍ਰੀ ਦਵਿੰਦਰ ਸਿੰਘ ਘੁਬਾਇਆ ਵਲੋਂ ਸਥਾਨਕ ਐਮ.ਆਰ. ਕਾਲਜ ਗਰਾਊਂਡ ਵਿਖੇ ਡਿਜੀਟਲ ਮਿਊਜ਼ੀਅਮ ਦੀ ਸ਼ੁਰੂਆਤ ਕਰਨ ਮੌਕੇ ਵੱਡੀ ਗਿਣਤੀ ਵਿੱਚ ਸ਼ਹਿਰ ਨਿਵਾਸੀਆਂ ਅਤੇ ਸਕੂਲੀ ਵਿਦਿਆਰਥੀਆਂ ਨੇ ਅਤਿ-ਆਧੁਨਿਕ ਤਕਨੀਕਾਂ ਵਾਲੇ ਇਸ ਮਿਊਜ਼ੀਅਮ ਵਿਚ ਸ਼੍ਰੀ ਗੁਰੂ ਨਾਨਾਕ ਦੇਵ ਜੀ ਦੇ ਜੀਵਨ ਬਿਰਤਾਂਤ ਨੂੰ ਮਲਟੀ ਮੀਡੀਆ ਤਕਨੀਕਾਂ ਜ਼ਰੀਏ ਦੇਖਿਆ। ਸ੍ਰੀ ਘੁਬਾਇਆ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੰਗਤਾਂ ਨੂੰ ਫਾਜ਼ਿਲਕਾ ਸ਼ਹਿਰ ਵਿੱਚ ਡਿਜ਼ੀਟਲ ਮਿਊਜ਼ੀਅਮ ਅਤੇ ਲਾਇਟ ਐਂਡ ਸਾਊਂਡ ਸ਼ੋਅ ਕਰਾ ਕੇ ਗੁਰੂ ਸਾਹਿਬ ਦੇ ਜੀਵਨ ਤੋਂ ਜਾਣੂ ਕਰਾਇਆ ਜਾ ਰਿਹਾ ਹੈ। ਉਨਾਂ ਦੱਸਿਆ ਕਿ ਇਹ ਡਿਜੀਟਲ ਮਿਊਜ਼ੀਅਮ 29 ਜਨਵਰੀ ਤੱਕ ਸਵੇਰੇ 7 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲਾ ਰਹੇਗਾ।
ਉਨ੍ਹਾਂ ਦੱਸਿਆ ਕਿ 28 ਤੇ 29 ਜਨਵਰੀ ਸ਼ਾਮ ਨੂੰ ਗੁਰੂ ਸਾਹਿਬ ਦੇ ਜੀਵਨ ਤੇ ਸਿੱਖਿਆਵਾਂ ’ਤੇ ਚਾਨਣਾ ਪਾਉਂਦੇ ਲਾਈਟ ਐਂਡ ਸਾਊਂਡ ਸ਼ੋਅ ਚੱਲਣਗੇ, ਜੋ ਕਿ ਦੋਵੇਂ ਦਿਨ ਸ਼ਾਮ 6:15 ਤੋਂ 7 ਵਜੇ ਅਤੇ ਰਾਤ 7 ਤੋਂ 7.45 ਵਜੇ ਤੱਕ ਹੋਣਗੇ। ਉਨਾਂ ਦੱਸਿਆ ਕਿ ਰੰਗਦਾਰ ਦਿ੍ਰਸ਼ ਪੇਸ਼ਕਾਰੀਆਂ, ਅਤਿ-ਆਧੁਨਿਕ ਲੇਜ਼ਰ ਤਕਨੀਕਾਂ ਅਤੇ ਵਿਲੱਖਣ ਧੁਨੀਆਂ ਵਾਲੇ 45 ਮਿੰਟ ਦੇ ਲਾਈਟ ਐਂਡ ਸਾਊਂਡ ਸ਼ੋਅ ਅਦਭੁੱਤ ਨਜ਼ਾਰਾ ਪੇਸ਼ ਕਰਨਗੇ। ਉਨਾਂ ਸਮੂਹ ਸੰਗਤਾਂ ਨੂੰ ਸੱਦਾ ਦਿੱਤਾ ਕਿ ਉਹ ਇਸ ਵਿਲੱਖਣ ਨਜ਼ਾਰੇ ਦਾ ਗਵਾਹ ਬਣਨ ਲਈ ਹੁੰਮ-ਹੁੰਮਾ ਕੇ ਪਹੁੰਚਣ। ਉਨਾਂ ਕਿਹਾ ਕਿ ਸੰਗਤਾਂ ਲਈ ਦਾਖਲਾ ਬਿਲਕੁਲ ਮੁਫ਼ਤ ਹੈ ਅਤੇ ਸੰਗਤਾਂ ਸ਼ੋਅ ਦਾ ਅਨੰਦ ਮਾਨਣ ਲਈ ਆਪਣੇ ਪਰਿਵਾਰ ਸਮੇਤ ਪਹੁੰਚਣ।
ਅੱਜ ਡਿਜੀਟਲ ਮਿਊਜ਼ੀਅਮ ਵਿੱਚ ਵੱਖ-ਵੱਖ ਸਕਰੀਨਾਂ ਰਾਹੀਂ ਮਲਟੀਮੀਡੀਆ ਤਕਨੀਕ ਨਾਲ ਗੁਰੂ ਸਾਹਿਬ ਦੇ ਜੀਵਨ ਉੱਪਰ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ। ਮਿਊਜ਼ੀਅਮ ਵਿੱਚ ਇੱਕ ਸਮੇਂ 35 ਵਿਅਕਤੀ ਦਾਖਲ ਹੋ ਸਕਦੇ ਹਨ ਅਤੇ ਉਸਤੋਂ ਬਾਅਦ ਦੂਸਰਾ ਬੈਚ ਇਸ ਮਿਊਜ਼ੀਅਮ ਨੂੰ ਦੇਖਦਾ ਹੈ। ਮਿਊਜ਼ੀਅਮ ਵਿੱਚ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਦੇ ਮਾਡਲ ਸੰਗਤਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਮਿਊਜ਼ੀਅਮ ਦੇ ਅੰਦਰ ਅਤੇ ਬਾਹਰ ਗੁਰੂ ਸਾਹਿਬ ਦੇ ਜੀਵਨ ਨਾਲ ਸਬੰਧਤ ਅਤੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਦੀਆਂ ਤਸਵੀਰਾਂ ਵੀ ਲਗਾਈਆਂ ਗਈਆਂ ਹਨ। ਮਿਊਜ਼ੀਅਮ ਦੇਖਣ ਆਈਆਂ ਸੰਗਤਾਂ ਇੱਕ ਅਨੋਖੇ ਵਿਸਮਾਦ ਦਾ ਅਹਿਸਾਸ ਕਰ ਰਹੀਆਂ ਹਨ ਅਤੇ ਸੰਗਤਾਂ ਵਲੋਂ ਇਸ ਉਪਰਾਲੇ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਜਾ ਰਿਹਾ ਹੈ।
ਇਸ ਮੌਕੇ ਤਹਿਸੀਲਦਾਰ ਫ਼ਾਜ਼ਿਲਕਾ ਡੀ.ਪੀ. ਪਾਂਡੇ, ਜ਼ਿਲ੍ਹਾ ਸਿਖਿਆ ਅਫ਼ਸਰ ਪਵਨ ਕੁਮਾਰ, ਪੰਮੀ ਸਿੰਘ ਤੋਂ ਇਲਾਵਾ ਵੱਖ-ਵੱਖ ਸਕੂਲੀ ਬੱਚਿਆਂ ਦੇ ਵਿਦਿਆਰਥੀ ਅਤੇ ਅਧਿਆਪਕ ਸਾਹਿਬਾਨ ਹਾਜ਼ਰ ਸਨ।