ਨੌਜਵਾਨੀ ਦੇ ਹੁਨਰ ਵਿਕਾਸ ਲਈ 50 ਸਟਾਰਟਅੱਪ ਅਤੇ 50 ਤੋਂ ਜ਼ਿਆਦਾ ਖੋਜ ਪ੍ਰਾਜੈਕਟਾਂ ਦੀ ਪ੍ਰਦਰਸ਼ਨੀ ਰਹੇਗੀ ਖਿੱਚ ਦਾ ਕੇਂਦਰ
ਪੰਜਾਬ ਸਰਕਾਰ ਦੇ ਯੁਵਕ ਸੇਵਾਵਾਂ ਵਿਭਾਗ ਵੱਲੋਂ ਸੂਬੇ ਦੀ ਨੌਜਵਾਨੀ ਦੇ ਸਰਬਪੱਖੀ ਵਿਕਾਸ ਅਤੇ ਨਵੀਂ ਊਰਜਾ ਭਰਨ ਦੇ ਉਦੇਸ਼ ਨਾਲ 30 ਅਤੇ 31 ਜਨਵਰੀ ਨੂੰ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ 'ਪੰਜਾਬ ਰਾਜ ਯੁਵਕ ਮੇਲੇ-2020' ਦਾ ਆਯੋਜਨ ਜੋਸ਼ੋ ਖਰੋਸ਼ ਨਾਲ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਆਰ.ਐਸ ਬਾਵਾ ਨੇ ਦੱਸਿਆ ਕਿ ਪੰਜਾਬ ਸਰਕਾਰ ਖੇਡਾਂ, ਸਿਨੇਮਾ, ਸੰਗੀਤ, ਕਲਾ ਅਤੇ ਸੱਭਿਆਚਾਰ ਦੇ ਖੇਤਰ ਵਿੱਚ ਪੰਜਾਬ ਦੀਆਂ ਅਜਿਹੀਆਂ ਨੌਜਵਾਨ ਸਖ਼ਸ਼ੀਅਤਾਂ ਨੂੰ 'ਪੰਜਾਬ ਯੂਥ ਆਈਕਨ' ਪੁਰਸਕਾਰ 2020 ਨਾਲ ਸਨਮਾਨਤ ਕਰੇਗੀ, ਜਿਨ੍ਹਾਂ ਨੇ ਆਪਣੀਆਂ ਪ੍ਰਾਪਤੀਆਂ ਨਾਲ ਨਾ ਕੇਵਲ ਆਪਣਾ ਨਾਮ ਰੌਸ਼ਨਾਇਆ ਹੈ ਬਲਕਿ ਸਮੁੱਚੀ ਕੌਮ ਦਾ ਮਾਣ ਵਧਾਇਆ ਹੈ।ਉਨ੍ਹਾਂ ਦੱਸਿਆ ਕਿ ਇਸ ਦੌਰਾਨ ਨੌਜਵਾਨਾਂ ਲਈ ਆਦਰਸ਼ ਬਣੀਆਂ ਅਤੇ ਸੂਬੇ ਦਾ ਨਾਮ ਬੁਲੰਦੀਆਂ 'ਤੇ ਪਹੁੰਚਾਉਣ ਵਾਲੀਆਂ 18 ਸਖ਼ਸ਼ੀਅਤਾਂ ਨੂੰ 'ਪੰਜਾਬ ਯੂਥ ਆਈਕਨ' ਪੁਰਸਕਾਰ ਭੇਂਟ ਕੀਤੇ ਜਾਣਗੇ, ਜਿਨ੍ਹਾਂ ਵਿੱਚ ਆਪਣੀ ਮਿਹਨਤ ਅਤੇ ਸਿਰੜ ਨਾਲ ਨੌਜਵਾਨੀ ਲਈ ਆਦਰਸ਼ ਬਣੀ ਬਾਲੀਵੁੱਡ ਅਤੇ ਪਾਲੀਵੁੱਡ ਦੀ ਪ੍ਰਸਿੱਧ ਅਦਾਕਾਰਾ ਸੁਰਵੀਨ ਚਾਵਲਾ, ਅੰਤਰਰਾਸ਼ਟਰੀ ਪੱਧਰ 'ਤੇ ਸ਼ੂਟਿੰਗ 'ਚ ਭਾਰਤ ਦੀ ਪ੍ਰਤੀਨਿਧਤਾ ਕਰਕੇ ਤਮਗ਼ਾ ਜੇਤੂ ਅਤੇ 'ਖੇਲੋ ਇੰਡੀਆ' ਯੂਥ ਖੇਡਾਂ 'ਚ ਪੰਜਾਬ ਦੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਵਾਲੇ ਏ.ਆਈ.ਯੂ ਦੇ ਜੁਆਇੰਟ ਸਕੱਤਰ ਡਾ. ਬਲਜੀਤ ਸਿੰਘ ਸੇਖੋਂ ਅਤੇ ਪੰਜਾਬ ਦੇ ਸੱਭਿਆਚਾਰ ਦੇ ਪ੍ਰਚਾਰ ਅਤੇ ਪ੍ਰਸਾਰ 'ਚ ਭਰਪੂਰ ਯੋਗਦਾਨ ਦੇਣ ਵਾਲੀ ਪ੍ਰਸਿੱਧ ਮੰਚ ਸੰਚਾਲਕ, ਕਵੀ, ਅਦਾਕਾਰ, ਗਾਇਕ ਅਤੇ ਪੰਜਾਬ ਆਰਟਸ ਕੌਂਸਲ ਦੀ ਸਾਬਕਾ ਚੇਅਰਪਰਸਨ ਸਤਿੰਦਰ ਸੱਤੀ, ਪ੍ਰਸਿੱਧ ਕਲਾਕਾਰ ਤੇ ਅਦਾਕਾਰ ਐਮੀ ਵਿਰਕ, ਸਰਗੁਨ ਮਹਿਤਾ, ਲਖਵਿੰਦਰ ਵਡਾਲੀ ਆਦਿ ਦੇ ਨਾਮ ਅਹਿਮ ਹਨ। ਉਨ੍ਹਾਂ ਦੱਸਿਆ ਕਿ ਇਹ ਪੁਰਸਕਾਰ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਵੱਲੋਂ ਵਿਸ਼ੇਸ਼ ਤੌਰ 'ਤੇ ਭੇਂਟ ਕੀਤੇ ਜਾਣਗੇ।
ਡਾ. ਬਾਵਾ ਨੇ ਦੱਸਿਆ ਕਿ ਨਵੇਂ ਪੰਜਾਬ ਦੀ ਸਿਰਜਣਾ ਵਿੱਚ ਨੌਜਵਾਨਾਂ ਦੀ ਭਰਪੂਰ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਨ ਅਤੇ ਧੀਆਂ ਦੇ ਸਨਮਾਨ ਨੂੰ ਸਨਮੁੱਖ ਰੱਖਦੇ ਹੋਏ 'ਨਾਰੀ ਦਾ ਸਨਮਾਨ, ਨਸ਼ਿਆਂ ਦਾ ਤਿਆਗ, ਆਓ ਸਿਰਜੀਏ ਨਵਾਂ ਪੰਜਾਬ' ਦੇ ਸਿਰਲੇਖ ਹੇਠ ਕਰਵਾਏ ਜਾ ਰਹੇ ਯੁਵਕ ਮੇਲੇ ਵਿੱਚ ਪੰਜਾਬ ਇਨੋਵੇਸ਼ਨ ਅਤੇ ਸਵੈ ਰੋਜ਼ਗਾਰ ਐਕਸਪੋ 2020 ਦਾ ਆਯੋਜਨ ਕਰਵਾਇਆ ਜਾ ਰਿਹਾ ਹੈ। ਜਿਸ ਦੌਰਾਨ ਜਿਥੇ ਸੂਬੇ ਭਰ ਤੋਂ ਨੌਜਵਾਨਾਂ ਵੱਲੋਂ ਬਣਾਏ 50 ਸਟਾਰਟਅੱਪ ਪ੍ਰਦਰਸ਼ਿਤ ਕੀਤੀ ਜਾਣਗੇ ਉਥੇ ਹੀ ਵਿਗਿਆਨਿਕ, ਤਕਨੀਕੀ ਖੋਜਾਂ, ਸਮਾਜਿਕ ਚਣੌਤੀਆਂ ਦੇ ਹੱਲ ਸਬੰਧੀ ਤਿਆਰ ਕੀਤੇ 50 ਤੋਂ ਜ਼ਿਆਦਾ ਖੋਜ ਪ੍ਰਾਜੈਕਟਾਂ ਦੀ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ।ਇਸ ਦੌਰਾਨ ਸੂਬੇ ਭਰ ਦੇ ਵੱਖ-ਵੱਖ ਖਿੱਤਿਆਂ ਦੇ ਵਪਾਰਕ ਮੁਖੀ ਹਿੱਸਾ ਲੈਣਗੇ, ਜਿਨ੍ਹਾਂ ਨੇ ਆਪਣੇ ਕਾਰੋਬਾਰ ਦੀ ਸਫ਼ਲਤਾਪੂਰਵਕ ਸ਼ੁਰੂਆਤ ਕੀਤੀ ਹੈ ਜਾਂ ਪ੍ਰੀਕਿਰਿਆ ਆਰੰਭ ਕੀਤੀ ਹੈ।ਉਪ ਕੁਲਪਤੀ ਨੇ ਦੱਸਿਆ ਕਿ ਇਸ ਦੋ ਰੋਜ਼ਾ ਯੁਵਕ ਮੇਲੇ ਦੌਰਾਨ ਵਿਦੇਸ਼ੀ ਰਾਜਦੂਤਾਂ, ਉਦਯੋਗਿਕ ਆਗੂਆਂ, ਸੁਰੱਖਿਆ ਮਾਹਰਾਂ, ਸਿਵਲ ਸੇਵਾਵਾਂ ਦੀ ਤਿਆਰੀ ਸਬੰਧੀ 'ਕਰੀਅਰ ਸੰਮੇਲਨ-2020' ਰਾਹੀਂ ਲੜੀਵਾਰ ਸੈਸ਼ਨਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਸ ਵਿੱਚ ਸਿਵਲ ਸਰਵਿਸਿਜ਼ ਦੀਆਂ ਤਿਆਰੀਆਂ ਸਬੰਧੀ 3 ਆਈ.ਐਸ ਅਧਿਕਾਰੀ ਵਿਸ਼ੇਸ਼ ਵਿਚਾਰ ਗੋਸ਼ਟੀ ਦੌਰਾਨ ਆਪਣੇ ਵਿਚਾਰ ਵਿਦਿਆਰਥੀਆਂ ਸਨਮੁੱਖ ਰੱਖਣਗੇ ਅਤੇ ਸਿਵਲ ਸਰਵਿਸਿਜ਼ 'ਚ ਸੇਵਾਵਾਂ ਸਬੰਧੀ ਇੰਟਰਵਿਊ ਤਿਆਰੀ ਲਈ ਜਾਗਰੂਕ ਕਰਨਗੇ।
ਡਾ. ਬਾਵਾ ਨੇ ਦੱਸਿਆ ਕਿ ਪੰਜਾਬ ਦੇ ਨੌਜਵਾਨਾਂ ਨੂੰ ਇੰਡਸਟਰੀ ਦੀ ਮੰਗ ਅਨੁਸਾਰ ਅੰਤਰਰਾਸ਼ਟਰੀ ਪੱਧਰੀ ਕੋਰਸਾਂ ਦੀ ਚੋਣ ਸਬੰਧੀ ਵਿਆਪਕ ਜਾਣਕਾਰੀ ਮੁਹੱਈਆ ਕਰਵਾਉਣ ਲਈ 16 ਤੋਂ ਵੱਧ ਚੋਟੀ ਦੀਆਂ ਅੰਤਰਾਸ਼ਟਰੀ ਯੂਨੀਵਰਸਿਟੀਆਂ ਦੇ ਨੁਮਾਇੰਦੇ ਕਰੀਅਰ ਸੰਮੇਲਨਾਂ ਦੌਰਾਨ ਆਪਣੇ ਵਿਚਾਰਾਂ ਦਾ ਆਦਾਨ ਪ੍ਰਦਾਨ ਕਰਵਾਉਣਗੇ। ਉਨ੍ਹਾਂ ਦੱਸਿਆ ਕਿ ਪੰਜਾਬ ਦੀ ਨੌਜਵਾਨੀ ਨੂੰ ਖੇਡਾਂ, ਸਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਅਤੇ ਯੁਵਾ ਵਰਗ ਦੇ ਸਰਵਪੱਖੀ ਵਿਕਾਸ ਅਤੇ ਉਨ੍ਹਾਂ ਦੇ ਹੁਨਰ ਦੇ ਵਿਕਾਸ ਲਈ ਕਰਵਾਏ ਜਾ ਰਹੇ ਯੁਵਕ ਮੇਲੇ ਦੌਰਾਨ ਸੂਬੇ ਭਰ ਤੋਂ ਵੱਡੀ ਗਿਣਤੀ ਨੌਜਵਾਨ 32 ਵੱਖ-ਵੱਖ ਸ੍ਰੇਣੀਆਂ ਵਿੱਚ ਵੰਡੇ ਮੁਕਾਬਲਿਆਂ 'ਚ ਸ਼ਮੂਲੀਅਤ ਕਰਨਗੇ। ਉਨ੍ਹਾਂ ਦੱਸਿਆ ਕਿ ਇਸ ਮੌਕੇ ਸੱਭਿਆਚਾਰਕ ਸਮਾਗਮ ਦੌਰਾਨ ਬਾਲੀਵੁੱਡ ਦੀ ਪ੍ਰਸਿੱਧ ਗਾਇਕਾ ਨੀਤੀ ਮੋਹਨ ਅਤੇ ਪੰਜਾਬ ਦੇ ਪ੍ਰਸਿੱਧ ਗਾਇਕ ਨਿੰਜਾ, ਜਿਗਰ, ਵਰਿੰਦਰ ਬਰਾੜ, ਸਿੰਗਾ, ਬਾਣੀ ਸੰਧੂ, ਸਟਾਇਲਸ਼ ਸਿੰਘ ਅਤੇ ਆਯੂਸ਼ ਤੋਂ ਇਲਾਵਾ ਹੋਰ ਪ੍ਰਮੰਨੇ ਗਾਇਕਾਂ ਅਤੇ ਫ਼ਿਲਮੀ ਕਲਾਕਾਰਾਂ ਵੱਲੋਂ ਕਲਾਮਈ ਪੇਸ਼ਕਾਰੀਆਂ ਨਾਲ ਸਰੋਤਿਆਂ ਦਾ ਸਮਾਂ ਬੰਨ੍ਹਿਆਂ ਜਾਵੇਗਾ। ਉਨ੍ਹਾਂ ਦੱਸਿਆ ਕਿ 'ਰਾਜ ਪੱਧਰੀ ਯੁਵਕ ਮੇਲੇ' ਦੇ ਦੋ ਦਿਨ 6-7 ਸਟੇਜਾਂ 'ਤੇ ਵੱਖ-ਵੱਖ ਸ਼੍ਰੇਣੀਆਂ ਵਿੱਚ ਵੰਡੇ ਸਮਾਗਮ ਚੱਲਣਗੇ।ਜਿਸ ਦੌਰਾਨ ਪੰਜਾਬ ਦੇ ਕੋਨੇ-ਕੋਨੇ ਤੋਂ ਵੱਡੀ ਗਿਣਤੀ ਨੌਜਵਾਨ ਅਤੇ ਪੇਂਡੂ ਯੂਥ ਕਲੱਬ ਸਮਾਗਮ 'ਚ ਸ਼ਮੂਲੀਅਤ ਕਰ ਰਹੇ ਹਨ, ਜਿਸ ਤਹਿਤ ਹੁਣ ਤੱਕ 15000 ਦੇ ਕਰੀਬ ਨੌਜਵਾਨਾਂ ਵੱਲੋਂ ਵੱਖ-ਵੱਖ ਮੁਕਾਬਲਿਆਂ ਅਤੇ ਸਮਾਗਮ 'ਚ ਸ਼ਮੂਲੀਅਤ ਲਈ ਰਜਿਸਟ੍ਰੇਸ਼ਨ ਕਰਵਾਈ ਜਾ ਚੁੱਕੀ ਹੈ।ਡਾ. ਬਾਵਾ ਨੇ ਸੂਬੇ ਦੇ ਨੌਜਵਾਨਾਂ ਨੂੰ ਪੰਜਾਬ ਸਰਕਾਰ ਦੇ ਇਸ ਵਿਲੱਖਣ ਉਪਰਾਲੇ ਦਾ ਲਾਭ ਉਠਾਉਣ ਲਈ ਪ੍ਰੇਰਿਤ ਕਰਦਿਆਂ ਉਨ੍ਹਾਂ ਨੂੰ ਇਸ ਦੋ ਰੋਜ਼ਾ ਮੇਲੇ 'ਚ ਸ਼ਮੂਲੀਅਤ ਲਈ ਹਾਰਦਿਕ ਸੱਦਾ ਦਿੱਤਾ।