ਭਾਰਤ - ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਨੇੜੇ ਟਿੱਡੀ ਦਲ ਤੋਂ ਬਚਾਅ ਲਈ ਜਾਣਕਾਰੀ ਦਿੰਦੇ ਅਧਿਕਾਰੀਆਂ ਦੀ ਟੀਮ
ਜਗਦੀਸ਼ ਥਿੰਦ
ਫ਼ਾਜਿਲਕਾ, 28 ਜਨਵਰੀ ;
ਟਿੱਡੀ ਦਲ ਦੀ ਜ਼ਿਲ੍ਹਾ ਫਾਜ਼ਿਲਕਾ ਅਤੇ ਫਿਰੋਜ਼ਪੁਰ ਵਿੱਚ ਆਮਦ ਤੋਂ ਬਾਅਦ ਕਿਸਾਨ ਪੂਰੀ ਤਰ੍ਹਾਂ ਚਿੰਤਤ ਦਿਖਾਈ ਦੇ ਰਹੇ ਹਨ ।
ਚਾਹੇ ਪ੍ਰਸ਼ਾਸਨਿਕ ਪੱਧਰ ਤੇ ਦੱਸਿਆ ਗਿਆ ਹੈ ਕਿ ਮੌਜੂਦਾ ਸਮੇਂ ਵਿੱਚ ਦਿਖਾਈ ਦਿੱਤੀਆਂ ਟਿੱਡੀਆਂ ਦੀ ਗਿਣਤੀ ਨਾਮਾਤਰ ਹੈ ਪਰ ਫਿਰ ਵੀ ਕਿਸਾਨ ਕਿਸੇ ਕਿਸਮ ਦਾ ਰਿਸਕ ਨਹੀਂ ਲੈਣਾ ਚਾਹੁੰਦੇ ।
ਇਸ ਲਈ ਕਿਸਾਨਾਂ ਨੂੰ ਸਮਝ ਨਹੀਂ ਪੈ ਰਹੀ ਕਿ ਉਹ ਕਿਸ ਦਾ ਕਹਿਣਾ ਮੰਨਣ ।
ਦੇਖਣ ਵਿਚ ਆਇਆ ਹੈ ਕਿ ਕਿਸਾਨਾਂ ਵੱਲੋਂ ਖੇਤੀਬਾੜੀ ਵਿਭਾਗ ਨਾਲ ਸੰਪਰਕ ਕਰਨ ਦੀ ਬਜਾਏ ਪੈਸਟੀਸਾਈਡਜ਼ ਡੀਲਰਾਂ ਨਾਲ ਸਿੱਧਾ ਸੰਪਰਕ ਸਾਧਿਆ ਜਾ ਰਿਹਾ ਹੈ ਜੋ ਕਿ ਆਪਣੇ ਸੂਝ ਅਨੁਸਾਰ ਜ਼ਹਿਰਾਂ ਦਾ ਛਿੜਕਾਅ ਕਰਨ ਦਾ ਸੁਝਾਅ ਦੇ ਰਹੇ ਹਨ ।
ਹਾੜੀ ਦੀ ਮੁੱਖ ਫ਼ਸਲ ਕਣਕ ਉਪਰ ਛੋਟੇ ਤੱਤ ਮੈਗਨੀਜ਼ ਦੀ ਸਪਰੇਅ ਕਰਦਿਆਂ ਉਸ ਵਿੱਚ ਵੀ ਟਿੱਡੀ ਦਲ ਨੂੰ ਮਾਰਨ ਲਈ ਦੱਸੀ ਗਈ ਕੀਟਨਾਸ਼ਕ ਦਾ ਛਿੜਕਾਅ ਕਿਸਾਨ ਕਰਦੇ ਦੇਖੇ ਗੲੇ ਹਨ ।
ਡਿਪਟੀ ਕਮਿਸ਼ਨਰ ਫਾਜ਼ਿਲਕਾ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਇਸ ਸਬੰਧੀ ਠਰੰਮੇ ਤੋਂ ਕੰਮ ਲੈਂਦਿਆਂ ਖੇਤੀਬਾੜੀ ਵਿਗਿਆਨੀਆਂ ਦੇ ਮਸ਼ਵਰੇ ਅਨੁਸਾਰ ਹੀ ਕੀਟਨਾਸ਼ਕਾਂ ਦੀ ਵਰਤੋਂ ਕੀਤੀ ਜਾਵੇ ।
ਬਲਾਕ ਖੇਤੀਬਾੜੀ ਅਧਿਕਾਰੀ ਗੁਰਮੀਤ ਸਿੰਘ ਚੀਮਾ ਨੇ ਦੱਸਿਆ ਕਿ
ਮੁੱਖ ਖੇਤੀਬਾੜੀ ਅਧਿਕਾਰੀ ਫਾਜਿਲਕਾ ਡਾ. ਮਨਜੀਤ ਸਿੰਘ ਦੇ ਦਿਸ਼ਾ ਨਿਰਦੇਸ਼ ਤੇ ਸਮੂਹ ਸਟਾਫ ਵੱਲੋੋਂ ਟਿੱਡੀ ਦਲ ਦਾ ਹਮਲਾ ਹੋੋਣ ਸਬੰਧੀ ਲਗਾਤਾਰ ਪਿੰਡਾਂ ਵਿੱਚੋੋਂ ਆ ਰਹੇ ਟੈਲੀਫੋੋਨਾਂ ਦੇ ਮੱਦੇ ਨਜਰ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਦੌੌਰੇ ਕੀਤੇ ਗਏ ਹਨ ।
ਇਸ ਪਿੰਡਾਂ ਵਿੱਚ ਕਿਸਾਨਾਂ ਨੂੰ ਖੇਤਾਂ ਵਿੱਚ ਜਾ ਕੇ ਜਾਗਰੂਕ ਕੀਤਾ ਗਿਆ।
ਬਲਾਕ ਖੇਤੀਬਾੜੀ ਅਫਸਰ ਗੁਰਮੀਤ ਸਿੰਘ ਨੇ ਕਿਸਾਨ ਭਰਾਵਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਲਾਕ ਫਾਜਿਲਕਾ ਦੇ ਪਿੰਡਾਂ ਵਿੱਚ ਬਹੁਤ ਘੱਟ ਗਿਣਤੀ ਵਿੱਚ ਵੇਖਣ ਨੂੰ ਆਈਆਂ ਟਿੱਡੀਆਂ ਕਿਸਾਨਾਂ ਦੇ ਖੇਤਾਂ ਦਾ ਨੁਕਸਾਨ ਨਹੀਂ ਕਰ ਸਕਦੀਆਂ ਕਿਉਂਕਿ ਇਹ ਉਹ ਟਿੱਡੀਆਂ ਹਨ ਜਿਹੜੀਆਂ ਰਾਜਸਥਾਨ ਵੱਲੋੋਂ ਆਈਆਂ ਹਨ ਤੇ ਉਹਨਾਂ ਉੱਪਰ ਸਪਰੇਅ ਦਾ ਅਸਰ ਹੈ ਜੋੋ ਕਿ ਰਾਜਸਥਾਨ ਵਿੱਚ ਟਿੱਡੀ ਦਲ ਨੂੰ ਮਾਰਨ ਲਈ ਕੀਤੀ ਗਈ ਸੀ।
ਉਨ੍ਹਾਂ ਕਿਹਾ ਕਿ ਨੁਕਸਾਨ ਕਰਨ ਵਾਲੀ ਟਿੱਡੀ ਵੱਡੇ ਝੂੰਡ ਵਿੱਚ ਆਉਂਦੀ ਹੈ ਜਿਸਦੀ ਗਿਣਤੀ ਲੱਖਾਂ ਦੀ ਤਦਾਦ ਵਿੱਚ ਹੁੰਦੀ ਹੈ ਅਤੇ ਇਹ ਸੂਰਜ ਛਿਪਣ ਵੇਲੇ ਕਿੱਕਰ, ਟਾਹਲੀ, ਖੇਜੜੀ (ਜੰਡ) ਅਤੇ ਬੇਰੀ ਆਦਿ ਨੂੰ ਤਰਜੀਹ ਦਿੰਦੀ ਹੈ।
ਉਨ੍ਹਾਂ ਕਿਹਾ ਕਿ ਕਿਸਾਨ ਵੀਰ ਇਹਨਾਂ ਟਿੱਡੀਆਂ ਨੂੰ ਵੇਖ ਕੇ ਪਟਾਕੇ ਅਤੇ ਪੀਪੇ ਨਾ ਵਜਾਉਣ ਅਤੇ ਕੇਵਲ ਇਸ ਗੱਲ ਦਾ ਧਿਆਨ ਰੱਖਣ ਕਿ ਇਹ ਝੁੰਡ ਕਿਸ ਦਿਸ਼ਾ ਵੱਲ ਜਾ ਰਿਹਾ ਹੈ ਅਤੇ ਕਿਸ ਦਰਖਤ ਤੇ ਇਸ ਨੇ ਠਹਿਰ ਕੀਤੀ ਹੈ ਜੇਕਰ ਕੋੋਈ ਵੱਡਾ ਝੂੰਡ ਕਿਸੇ ਦਰਖਤ ਉੱਪਰ ਵੇਖਿਆ ਜਾਂਦਾ ਹੈ ਤਾਂ ਇਸ ਦੀ ਸੂਚਨਾ ਤੁਰੰਤ ਖੇਤੀਬਾੜੀ ਵਿਭਾਗ ਨੂੰ ਦਿੱਤੀ ਜਾਵੇ ਤਾਂ ਜੋ ਟਿੱਡੀਆਂ ਨੂੰ ਉੱਥੇ ਹੀ ਮਾਰਿਆ ਜਾ ਸਕੇ। ਉਨ੍ਹਾਂ ਕਿਹਾ ਕਿ ਜੇਕਰ ਕਿਧਰੇ ਅਜਿਹੀਆਂ ਟਿੱਡੀਆਂ ਨਜਰ ਆਉਣ ਤਾਂ ਉਨ੍ਹਾਂ ’ਤੇ ਸਵੇਰੇ 7 ਤੋੋਂ 8 ਵਜੇਂ ਤੱਕ ਸਪਰੇਅ ਕਰਕੇ ਇਸ ਦੀ ਰੋੋਕਥਾਮ ਕੀਤੀ ਜਾ ਸਕਦੀ ਹੈ।