ਅਸ਼ੋਕ ਵਰਮਾ
ਮਾਨਸਾ, 28 ਜਨਵਰੀ 2020: ਭਾਰਤ ਦੇ 71ਵੇਂ ਗਣਤੰਤਰ ਦਿਵਸ ਮੌਕੇ ਜਿਲ੍ਹਾ ਮਾਨਸਾ ਵਿੱਚ ਸ਼੍ਰੀ ਭਾਰਤ ਭੂਸ਼ਣ ਆਸ਼ੂ, ਮੰਤਰੀ ਖੁਰਾਕ ਤੇ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਦੁਆਰਾ ਸਥਾਨਕ ਬਹੁਮੰਤਵੀ ਖੇਡ ਸਟੇਡੀਅਮ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਵਿਖੇ ਤਿਰੰਗਾ ਝੰਡਾ ਲਹਿਰਾਉਣ ਉਪਰੰਤ ਸਰਕਾਰੀ ਆਈ.ਟੀ.ਆਈ. ਮਾਨਸਾ ਦੇ ਇੰਸਟਰੱਕਟਰ ਸ਼੍ਰੀ ਜਸਪਾਲ ਸਿੰਘ ਅਤੇ ਸੰਸਥਾ ਦੇ 6 ਸਿਖਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।
ਪ੍ਰਿੰਸੀਪਲ ਸ਼੍ਰੀ ਹਰਵਿੰਦਰ ਕੁਮਾਰ ਨੇ ਦੱਸਿਆ ਕਿ ਸ਼੍ਰੀ ਜਸਪਾਲ ਸਿੰਘ ਨੂੰ ਵੱਖ ਵੱਖ ਖੇਤਰਾਂ ਜਿਵੇ ਕਿ ਪਲੇਸਮੈਂਟ ਅਫ਼ਸਰ ਵਜੋਂ, ਐੱਨ.ਐੱਸ.ਐੱਸ ਅਫ਼ਸਰ ਵਜੋਂ ਅਤੇ ਬਤੋਰ ਇੰਸਟਰੱਕਟਰ ਵਿਲੱਖਣ ਭੂਮਿਕਾ ਅਦਾ ਕਰਨ ਅਤੇ ਚੰਗੀਆ ਸੇਵਾਵਾਂ ਨਿਭਾਉਣ ਬਦਲੇ ਮਾਨਯੋਗ ਮੰਤਰੀ ਵੱਲੋਂ ਪ੍ਰਮਾਣ ਪੱਤਰ ਦੇ ਕੇ ਨਿਵਾਜਿਆ ਗਿਆ । ਉਨ੍ਹਾਂ ਦੱਸਿਆ ਕਿ ਸੰਸਥਾ ਦੀ 40 ਇੰਡਸਟਰੀਜ਼ ਨਾਲ ਐੱਮ.ਓ.ਯੂ. ਸਾਈਨ ਕਰਵਾਉਣ, ਪੰਜ ਟਰੇਡਾਂ ਨੂੰ ਮਾਨਤਾ ਦਿਵਾਉਣ, ਐੱਨ.ਸੀ.ਸੀ ਚਲਵਾਉਣ, ਡਿਊਲ ਸਿਸਟਮ ਸਕੀਮ ਚਲਾਉਣ, ਸਿਖਿਆਰਥੀਆਂ ਦੀ 100 ਫੀਸਦੀ ਪਲੇਸਮੈਂਟ ਕਰਵਾਉਣਾ ਐੱਨ.ਐੱਸ.ਐੱਸ ਦੇ ਘੱਟੋਂ ਘੱਟ 20 ਕੈਂਪ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਦਿਵਸ ਮਨਾਉਣਾ, ਸੰਸਥਾ ਵਿਖੇ ਪਾਰਕ ਬਣਾਉਣਾ ਅਤੇ ਲਗਭਗ 2000 ਬੂਟੇ ਲਗਵਾਉਣਾ, ਵੱਖ ਵੱਖ ਇੰਡਸਟਰੀਅਜ਼ ਦੇ ਸੰਸਥਾ ਵਿਖੇ ਨਵੀਂ ਮਸ਼ੀਨਰੀ ਅਤੇ ਤਕਨੀਕ ਨਾਲ ਸੰਬੰਧਤ ਲੈਕਚਰ ਲਗਵਾਉਣ ਵਿੱਚ ਸ਼੍ਰੀ ਜਸਪਾਲ ਸਿੰਘ ਇੰਸਟਰੱਕਟਰ ਅਤੇ ਸਮੁੱਚੇ ਸਟਾਫ ਦੀ ਅਹਿਮ ਭੂਮਿਕਾ ਰਹੀ ਹੈ ।
ਉਨ੍ਹਾਂ ਦੱਸਿਆ ਕਿ ਜਿਲ੍ਹਾ ਪੱਧਰ ਤੇ ਲੱਗੇ ਰੁਜ਼ਗਾਰ ਮੇਲਿਆ ਵਿੱਚ ਸੰਸਥਾ ਦੇ ਸਟਾਫ ਅਤੇ ਪਾਸ ਹੋਏ ਸਿਖਿਆਰਥੀਆ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਹੈ । ਇਸ ਗਣਤੰਤਰ ਦਿਵਸ ਦੌਰਾਨ ਸੰਸਥਾ ਦੇ ਵਧੀਆ ਨੌਕਰੀਆਂ ਕਰ ਰਹੇ ਸਿਖਿਆਰਥੀਆਂ ਸ੍ਰੀ ਹਰਜਿੰਦਰ ਸਿੰਘ, ਸ੍ਰੀ ਕਰਨਵੀਰ ਸਿੰਘ, ਸ੍ਰੀ ਹਰਪ੍ਰੀਤ ਸਿੰਘ, ਸ੍ਰੀ ਅਰਸ਼ਪ੍ਰੀਤ ਸਿੰਘ, ਸ੍ਰੀ ਸ਼ਿਕੰਦਰ ਸਿੰਘ, ਸ੍ਰੀ ਇੰਦਰਜੀਤ ਸਿੰਘ ਨੂੰ ਵੀ ਮੰਤਰੀ ਸ਼੍ਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਸਨਮਾਨਿਤ ਕੀਤਾ ਗਿਆ ।