ਅਸ਼ੋਕ ਵਰਮਾ
ਦੁਕਾਨ ਮਾਲਕ 'ਤੇ ਜੁਵੇਨਾਇਲ ਜਸਟਿਸ ਐਕਟ ਤਹਿਤ ਕੀਤਾ ਮਾਮਲਾ ਦਰਜ
ਮਾਨਸਾ, 28 ਜਨਵਰੀ 2020: ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ, ਜ਼ਿਲ੍ਹਾ ਬਾਲ ਸੁਰੱਖਿਆ ਦਫਤਰ ਮਾਨਸਾ ਅਤੇ ਚਾਇਲਡ ਲਾਇਨ ਮਾਨਸਾ ਵੱਲੋਂ ਸਰਦੂਲਗੜ੍ਹ ਬੱਸ ਸਟੈਂਡ 'ਤੇ ਬਾਲ ਮਜ਼ਦੂਰੀ ਸਬੰਧੀ ਰੇਡ ਕੀਤੀ ਗਈ, ਜਿਸ ਦੌਰਾਨ ਅਰੋੜਾ ਸਵੀਟਸ ਸਾਹਮਣੇ ਬੱਸ ਸਟੈਂਡ ਸਰਦੂਲਗੜ੍ਹ 'ਤੇ ਬਾਲ ਮਜਦੂਰੀ ਕਰਦਾ ਬੱਚਾ ਪਾਇਆ ਗਿਆ।
ਇਸ ਸੰਬਧੀ ਜਾਣਕਾਰੀ ਦਿੰਦਿਆਂ ਪ੍ਰੋਟੈਕਸ਼ਨ ਅਫ਼ਸਰ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਡਾ. ਅਜੇ ਤਾਇਲ ਨੇ ਦੱਸਿਆ ਕਿ ਇਸ ਤਹਿਤ ਕਾਰਵਾਈ ਕਰਦੇ ਹੋਏ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਮੌਕੇ 'ਤੇ ਥਾਣਾ ਇੰਚਾਰਜ ਸਰਦੂਲਗੜ੍ਹ ਨੂੰ ਬੁਲਾਇਆ ਗਿਆ ਅਤੇ ਬਾਲ ਕਿਰਤ ਸਬੰਧੀ ਕਾਰਵਾਈ ਕਰਨ ਹਿੱਤ ਹਦਾਇਤ ਕੀਤੀ ਗਈ। ਇਸ ਸਬੰਧੀ ਜੁਵੇਨਾਇਲ ਜਸ਼ਟਿਸ ਐਕਟ ਦੀ ਧਾਰਾ 75 ਅਤੇ 79, ਬੰਧੂਆ ਮਜਦੂਰੀ ਐਕਟ ਦੀ ਧਾਰਾ 16,17,18,19,20 ਅਤੇ ਬਾਲ ਮਜਦੂਰੀ ਅਤੇ ਪ੍ਰੋਹੀਬਸ਼ਨ ਐਕਟ ਦੀ ਧਾਰਾ 3 ਅਤੇ 14 ਤਹਿਤ ਐਫ.ਆਈ.ਆਰ ਦਾਇਰ ਕੀਤੀ ਗਈ।
ਡਾ. ਤਾਇਲ ਨੇ ਦੱਸਿਆ ਕਿ ਇਸ ਉਪਰੰਤ ਬੱਚੇ ਨੂੰ ਮੌਕੇ 'ਤੇ ਬਰਾਮਦ ਕਰਕੇ ਬਾਲ ਭਲਾਈ ਕਮੇਟੀ ਸਾਹਮਣੇ ਪੇਸ ਕਰਦੇ ਹੋਏ ਬੱਚੇ ਨੂੰ ਮਾਪਿਆਂ ਦੇ ਸਪੁਰਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਬਾਲ ਮਜ਼ਦੂਰੀ ਸਬੰਧੀ ਛਾਪੇਮਾਰੀ ਭਵਿੱਖ ਵਿੱਚ ਵੀ ਟਾਸਕ ਫੋਰਸ ਵੱਲੋਂ ਜਾਰੀ ਰੱਖੀ ਜਾਵੇਗੀ।
ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਕੋਈ ਵੀ ਬੱਚਾ ਬਾਲ ਮਜਦੂਰੀ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਦੀ ਜਾਣਕਾਰੀ ਚਾਇਲਡ ਹੈਲਪ ਲਾਈਨ ਨੰਬਰ 1098 ਜਾਂ ਸਬੰਧਿਤ ਥਾਣੇ ਵਿੱਚ ਦਿੱਤੀ ਜਾ ਸਕਦੀ ਹੈ। ਇਸ ਮੌਕੇ ਚਾਈਲਡ ਲਾਈਨ ਤੋਂ ਜ਼ਿਲ੍ਹਾ ਕੁਆਡੀਨੇਟਰ ਸ਼੍ਰੀ ਕਮਲਦੀਪ ਸਿੰਘ, ਮੈਂਬਰ ਗੁਰਦੇਵ ਸਿੰਘ ਅਤੇ ਏ.ਐਸ.ਆਈ. ਸ਼੍ਰੀ ਬਲਰਾਜ ਸਿੰਘ ਮੌਜੂਦ ਸਨ।