ਅਸ਼ੋਕ ਵਰਮਾ
ਬਠਿੰਡਾ, 28 ਜਨਵਰੀ 2020: ਗੁਆਂਢੀ ਸੂਬੇ ਤੋਂ ਆਏ ਟਿੱਡੀ ਦਲ ਨੇ ਜਿਲਾ ਬਠਿੰਡਾ ਦੇ ਪਿੰਡਾਂ ਵਿੱਚ ਘੁਸਪੈਠ ਕਰ ਲਈ ਹੈ, ਜਿਸ ਮਗਰੋਂ ਕਿਸਾਨਾਂ ’ਚ ਸਹਿਮ ਦਾ ਮਹੌਲ ਬਣ ਗਿਆ ਹੈ। ਹਾਲਾਂਕਿ ਅਧਿਕਾਰੀ ਸਭ ਅੱਛਾ ਹੋਣ ਦਾ ਦਾਅਵਾ ਕਰ ਰਹੇ ਹਨ ਫਿਰ ਵੀ ਕਿਸਾਨਾਂ ’ਚ ਕਣਕ ਦੀ ਫਸਲ ਪ੍ਰਤੀ ਧਰਵਾਸ ਨਹੀਂ ਬੱਝ ਰਿਹਾ ਹੈ। ਬਠਿੰਡਾ ਜਿਲੇ ਦੇ ਕਈ ਪਿੰਡਾਂ ’ਚ ਟਿੱਡੀਆਂ ਦਿਖਾਈ ਦੇਣ ਉਪਰੰਤ ਕਿਸਾਨ ਪ੍ਰਬੰਧਾਂ ’ਚ ਰੁੱਝ ਗਏ ਹਨ।
ਭਾਵੇਂ ਕਿ ਟਿੱਡੀ ਦਲ ਦੇ ਵੱਡੇ ਝੁੰਡ ਹਾਲੇ ਕਿਧਰੇ ਨਹੀਂ ਦੇਖੇ ਗਏ ਹਨ ਪ੍ਰੰਤੂ ਹੁਣ ਟਿੱਡੀਆਂ ਨੇ ਪਿੰਡਾਂ ਵੱਲ ਮੂੰਹ ਕਰ ਲਿਆ ਹੈ। ਬਠਿੰਡਾ ਜਿਲੇ ਦੇ ਪਿੰਡ ਬਾਂਡੀ ,ਪੱਕਾ ਕਲਾਂ, ਫੁੱਲੋ ਮਿੱਠੀ, ਪਥਰਾਲਾ, ਰਾਏਕੇ ਕਲਾਂ ਤੋਂ ਇਲਾਵਾ ਤਲਵੰਡੀ ਸਾਬੋ ਬਲਾਕ ਦੇ ਕਈ ਪਿੰਡਾਂ ਵਿਚ ਟਿੱਡੀ ਦਲ ਦੇਖਿਆ ਗਿਆ ਹੈ। ਇੰਨਾਂ ਪਿੰਡਾਂ ਦੇ ਨਾਲ ਜੋ ਦਰਜਨਾਂ ਪਿੰਡ ਪੈਂਦੇ ਹਨ, ਉਨਾਂ ਦੇ ਕਿਸਾਨ ਡਰੇ ਹੋਏ ਹਨ। ਇਨਾਂ ਪਿੰਡਾਂ ਵਿਚ ਕਿਸਾਨਾਂ ਨੇ ਟਿੱਡੀ ਦਲ ਦੇ ਟਾਕਰੇ ਦੀ ਤਿਆਰੀ ਆਰੰਭ ਦਿੱਤੀ ਹੈ। ਖੇਤੀ ਵਿਭਾਗ ਦੇ ਅਫਸਰਾਂ ਨੇ ਵੀ ਪਿੰਡਾਂ ਵਿੱਚ ਗੇੜੇ ’ਤੇ ਗੇੜਾ ਦੇਣਾ ਸ਼ੁਰੂ ਕਰ ਦਿੱਤਾ ਹੈ। ਕਿਧਰੇ ਵੀ ਹਾਲੇ ਖ਼ਤਰੇ ਵਾਲੀ ਗੱਲ ਨਜ਼ਰ ਨਹੀਂ ਆਈ ਹੈ। ਕਿਸਾਨਾਂ ਨੇ ਵੀ ਮੰਨਿਆ ਹੈ ਕਿ ਪਿੰਡਾਂ ’ਚ ਟਿੱਡੀ ਦਲ ਦੀ ਦਸਤਕ ਨਾਲ ਕਿਸਾਨਾਂ ’ਚ ਸਹਿਮ ਪੈਦਾ ਹੋ ਗਿਆ ਹੈ। ਭਾਰਤਤੀ ਕਿਸਾਨ ਯੂਨੀਅਨ ਦੇ ਆਗੂ ਜਗਸੀਰ ਸਿੰਘ ਝੁੰਬਾ ਦਾ ਕਹਿਣਾ ਸੀ ਕਿ ਬਹੁਤੇ ਕਿਸਾਨਾਂ ਨੇ ਟਿੱਡੀ ਦਲ ਦਾ ਝੁੰਡ ਵੇਖਿਆ ਹੈ ਅਤੇ ਕਈ ਪਿੰਡਾਂ ਵਿਚ ਮਰੀਆਂ ਹੋਈਆਂ ਟਿੱਡੀਆਂ ਵੀ ਵੇਖੀਆਂ ਗਈਆਂ ਹਨ। ਉਨਾਂ ਦੱਸਿਆ ਕਿ ਕੁੱਝ ਕਿਸਾਨਾਂ ਨੇ ਤਾਂ ਟਿੱਡੀਆ ਦੀ ਵੀਡੀਓ ਵੀ ਬਣਾਈ ਹੈ ਜੋ ਟਿੱਡੀ ਦਲ ਦੀ ਆਮਦ ਦੀ ਪੁਸ਼ਟੀ ਕਰਦੀ ਹੈ। ਇਸੇ ਤਰਾਂ ਹੀ ਪਿੰਡ ਬਹਾਦਰਗੜ ਜੰਡੀਆ ਦੇ ਕਿਸਾਨ ਧਰਮਪਾਲ ਸਿੰਘ ਨੇ ਦੱਸਿਆ ਕਿ ਰਾਜਸਥਾਨ ਵਾਲੇ ਪਾਸਿਓਂ ਟਿੱਡੀ ਦਲ ਪੰਜਾਬ ਵਿਚ ਦਾਖਲ ਹੋਇਆ ਹੈ ਅਤੇ ਕਿਸਾਨਾਂ ਵੱਲੋ ਖੇਤਾਂ ਵਿਚ ਮਰੀਆਂ ਹੋਈਆਂ ਟਿੱਡੀਆਂ ਵੇਖੀਆਂ ਗਈਆਂ ਹਨ। ਕਿਸਾਨਾਂ ਨੇ ਟਿੱਡੀ ਦਲ ਦੇ ਸੰਭਾਵਿਤ ਹਮਲੇ ਨਾਲ ਨਜਿੱਠਣ ਲਈ ਖਾਲੀ ਪੀਪਿਆਂ ਦਾ ਇੰਤਜਾਮ ਕਰ ਲਿਆ ਹੈ। ਇਸ ਤੋਂ ਇਲਾਵਾ ਟਿੱਡੀ ਦਲ ਨੂੰ ਉਡਾਉਣ ਲਈ ਕਿਸਾਨ ਕਈ ਤਰਾਂ ਦੇ ਪ੍ਰਬੰਧ ਕਰਨ ਵਿਚ ਲੱਗੇ ਹੋਏ ਹਨ। ਸੰਗਤ ਬਲਾਕ ਦੇ ਪਿੰਡ ਸ਼ੇਖੂ ਸਮੇਤ ਕਰੀਬ ਇਕ ਦਰਜਨ ਪਿੰਡਾਂ ਵਿਚ ਟਿੱਡੀ ਦਲ ਦੇਖਿਆ ਗਿਆ। ਕਿਸਾਨਾਂ ਨੇ ਇਸਦੀ ਸੂਚਨਾ ਖੇਤੀਬਾੜੀ ਵਿਭਾਗ ਨੂੰ ਦਿੱਤੀ ਹੈ। ਪਤਾ ਲੱਗਿਆ ਹੈ ਕਿ ਪਿੰਡ ਸ਼ੇਖੂ ਵਿਚ 50 ਕੁ ਟਿੱਡੀਆਂ ਦਾ ਝੁੰਡ ਵੇਖਿਆ ਗਿਆ ਜਦੋਂ ਕਿ ਪੰਨੀਵਾਲਾ ਤੇ ਦੇਸੂਯੋਧਾ ਰਾਹ ਰਾਹੀਂ ਟਿੱਡੀ ਦਲ ਰਾਜਸਥਾਨ ਵਾਲੇ ਪਾਸਿਓਂ ਆਇਆ ਹੈ। ਉਨਾਂ ਦੱਸਿਆ ਕਿ ਇਕ ਏਕੜ ਪਿੱਛੇ ਦਸ ਟਿੱਡੀਆਂ ਫ਼ਸਲ ਉੱਪਰ ਬੈਠੀਆਂ ਸਨ ਜਿਨਾਂ ਵਿਚੋਂ ਬਹੁਤੀਆਂ ਨੂੰ ਮਾਰ ਦਿੱਤਾ ਗਿਆ ਹੈ। ਕਿਸਾਨਾਂ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਸੁਚੇਤ ਕਰਨ ਲਈ ਗੁਰੂ ਘਰਾਂ ਚੋਂ ਮੁਸਤੈਦੀ ਦੇ ਹੋਕੇ ਦਿਵਾਏ ਗਏ ਹਨ।
ਓਧਰ ਖੇਤੀਬਾੜੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਭਾਵੇਂ ਟਿੱਡੀ ਦਲ ਨੇ ਜ਼ਿਲੇ ਅੰਦਰ ਘੁਸਪੈਠ ਕਰ ਗਿਆ ਹੈ ਪਰ ਇਸ ਨੂੰ ਹਮਲਾ ਨਹੀਂ ਕਿਹਾ ਜਾ ਸਕਦਾ। ਉਨਾਂ ਦੱਸਿਆ ਕਿ ਅਸਲ ਵਿਚ ਟਿੱਡੀ ਦਲ ਲੱਖਾਂ ਦੀ ਗਿਣਤੀ ਵਿਚ ਇਕੱਠਾ ਹਮਲਾ ਕਰਦਾ ਹੈ, ਪਰ ਜ਼ਿਲੇ ਅੰਦਰ ਪੁੱਜੀਆਂ ਟਿੱਡੀਆਂ ਵੱਡੇ ਝੁੰਡ ਤੋਂ ਵਿਛੜ ਕੇ ਇੱਧਰ ਆਈਆਂ ਹੋ ਸਕਦੀਆ ਹਨ। ਉਨਾਂ ਦੱਸਿਆ ਕਿ ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਰਿਪੋਰਟ ਭੇਜੀ ਗਈ ਹੈ। ਉਨਾਂ ਦੱਸਿਆ ਕਿ ਟਿੱਡੀ ਦਲ ਦੇ ਹਮਲੇ ਲਈ ਖੇਤੀਬਾੜੀ ਵਿਭਾਗ ਨੇ ਪੂਰੇ ਪ੍ਰਬੰਧ ਕਰ ਲਏ ਹਨ। ਉਨਾਂ ਦੱਸਿਆ ਕਿ ਕਿਸਾਨਾਂ ਨੂੰ ਘਬਰਾਉਣ ਦੀ ਲੋੜ ਨਹੀਂ ਸਗੋਂ ਜੇਕਰ ਟਿੱਡੀ ਦਲ ਦਾ ਹਮਲਾ ਹੁੰਦਾ ਹੈ ਤਾਂ ਇਸ ਦੇ ਟਾਕਰੇ ਲਈ ਤਿਆਰ ਰਹਿਣਾ ਚਾਹੀਦਾ ਹੈ।
ਸੀਮਤ ਮਾਤਰਾ ’ਚ ਟਿੱਡੀਆਂ: ਜਿਲਾ ਖੇਤੀ ਅਫਸਰ
ਖੇਤੀਬਾੜੀ ਵਿਭਾਗ ਨੇ ਟਿੱਡੀ ਦਲ ਦੇ ਸੰਭਾਵਿਤ ਹਮਲੇ ਦੇ ਮੱਦੇਨਜ਼ਰ ਡੀਲਰਾਂ ਨੂੰ ਕੀੜੇਮਾਰ ਦਵਾਈਆਂ ਦਾ ਪ੍ਰਬੰਧ ਕਰਕੇ ਰੱਖਣ ਦੀ ਹਦਾਇਤ ਦਿੱਤੀ ਹੈ। ਖੇਤੀ ਵਿਭਾਗ ਦੇ ਵਿਭਾਗ ਦੇ ਅਧਿਕਾਰੀ ਆਖਦੇ ਹਨ ਕਿ ਜੇਕਰ ਟਿੱਡੀ ਦਲ ਦਾ ਹਮਲਾ ਹੁੰਦਾ ਹੈ ਤਾਂ ਕੀੜੇਮਾਰ ਦਵਾਈ ਕਲੋਰੋਪੈਰੀਫਾਸ ਤੇ ਕਰਾਟੇ ਦਵਾਈ ਦੇ ਛਿੜਕਾਅ ਦਾ ਸੁਝਾਅ ਦਿੱਤਾ ਹੈ। ਡੀਲਰਾਂ ਨੂੰ ਕੀੜੇਮਾਰ ਦਵਾਈਆਂ ਆਪਣੇ ਸਟਾਕ ਵਿਚ ਰੱਖਣ ਲਈ ਹਦਾਇਤ ਕੀਤੀ ਗਈ ਹੈ ਤਾਂ ਜੋ ਜੇਕਰ ਲੋੜ ਪੈਣ ਤੇ ਕੀਟਨਾਸ਼ਕ ਮੌਕੇ ਤੇ ਭੇਜੀ ਜਾ ਸਕੇ। ਜਿਲਾ ਖੇਤੀਬਾੜੀ ਅਫਸਰ ਗੁਰਾਂਦਿੱਤਾ ਸਿੰਘ ਦਾ ਕਹਿਣਾ ਸੀ ਕਿ ਗਆਂਢੀ ਰਾਜਾਂ ’ਚ ਕੀਟਨਾਸ਼ਕ ਦੇ ਛਿੜਕਾਅ ਕਾਰਨ ਟਿੱਡੀਆਂ ਏਧਰ ਉੱਡ ਕੇ ਆ ਗਈਆਂ ਹਨ ਜਿੰਨਾਂ ਦੀ ਗਿਣਤੀ ਕਾਫੀ ਘੱਟ ਹੈ।
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜਿਲਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਦਾ ਕਹਿਣਾਂ ਯੀ ਕਿ ਸਰਕਾਰ ਟਿੱਡੀ ਦਲ ਦੇ ਖਦਸ਼ੇ ਨੂੰ ਦੇਖਿਿਦਆਂ ਫਸਲਾਂ ਦੀ ਰਾਖੀ ਲਈ ਢੁੱਕਵੇਂ ਪ੍ਰਬੰਧ ਕਰੇ।