ਜਗਦੀਸ਼ ਥਿੰਦ
ਗੁਰੂਹਰਸਹਾਏ / ਫਿਰੋਜ਼ਪੁਰ , 28 ਜਨਵਰੀ ਜਲ੍ਹਿਆਂਵਾਲਾ ਬਾਗ਼ ਵਿੱਚ ਸ਼ਹੀਦ ਊਧਮ ਸਿੰਘ ਦੇ ਬੁੱਤ ਦੇ ਸਾਹਮਣੇ ਬਣ ਰਹੀ ਟਿਕਟ ਖਿੜਕੀ ਦੀ ਬਿਲਡਿੰਗ ਨੂੰ ਉੱਥੋਂ ਹਟਾਉਣ ਲਈ ਅੰਤਰਰਾਸ਼ਟਰੀ ਸਰਵ ਕੰਬੋਜ ਸਮਾਜ ਨੇ ਜਲ੍ਹਿਆਂ ਵਾਲਾ ਬਾਗ ਟਰੱਸਟ ਅਤੇ ਭਾਰਤ ਸਰਕਾਰ ਨੂੰ 15 ਫਰਵਰੀ ਤੱਕ ਦਾ ਅਲਟੀਮੇਟਮ ਦਿੱਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਅੰਤਰਰਾਸ਼ਟਰੀ ਸਰਵ ਕੰਬੋਜ ਸਮਾਜ ਦੇ ਇੰਪਲਾਈਜ਼ ਵਿੰਗ ਦੇ ਕੌਮੀ ਪ੍ਰਧਾਨ ਹਰਜਿੰਦਰ ਹਾਂਡਾ, ਸੂਬਾ ਪ੍ਰਧਾਨ ਸੁਭਾਸ਼ ਥਿੰਦ, ਕੌਮੀ ਜਨਰਲ ਸਕੱਤਰ ਬਲਰਾਜ ਥਿੰਦ , ਸੂਬਾ ਜਨਰਲ ਸਕੱਤਰ ਆਸ਼ੂਤੋਸ਼ ਕੰਬੋਜ ,ਇਸਪੈਕਟਰ ਜਸਪਾਲ ਹਾਂਡਾ ,ਪ੍ਰੋਫੈਸਰ ਗੁਰਨਾਮ ਕੰਬੋਜ ,ਪਿਆਰ ਸਿੰਘ ਖਾਲਸਾ,ਸੁਨੀਲ ਕੰਬੋਜ, ਓਮ ਪ੍ਰਕਾਸ਼ ਕਾਨੂੰਗੋ,ਬਿਸ਼ੰਬਰ ਸਾਮਾ,ਖਰੈਤ ਲਾਲ ਸ਼ਜਰਾਣਾ ਨੇ ਦੱਸਿਆ ਕਿ ਜੱਲ੍ਹਿਆਂ ਵਾਲੇ ਬਾਗ਼ ਵਿੱਚ ਸ਼ਹੀਦ ਊਧਮ ਸਿੰਘ ਜੀ ਦੇ ਬੁੱਤ ਦੇ ਸਾਹਮਣੇ ਬਣ ਰਹੀ ਇਸ ਟਿਕਟ ਖਿੜਕੀ ਦੀ ਬਿਲਡਿੰਗ ਵਿਰੁੱਧ ਲੰਘੀ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਅੰਤਰਰਾਸ਼ਟਰੀ ਸਰਵ ਕੰਬੋਜ ਸਮਾਜ ਦੇ ਝੰਡੇ ਹੇਠ ਵੱਖ ਵੱਖ ਸਮਾਜਿਕ ਸੰਗਠਨਾਂ ਦੇ ਆਗੂਆਂ ਵੱਲੋਂ ਸੰਕੇਤਕ ਧਰਨਾ ਦਿੱਤਾ ਗਿਆ ਅਤੇ ਧਰਨੇ ਦੀ ਸਮਾਪਤੀ ਮੌਕੇ ਭਾਰਤ ਸਰਕਾਰ ਤੇ ਜਲ੍ਹਿਆਂਵਾਲਾ ਬਾਗ ਟਰੱਸਟ ਦੇ ਸਮੂਹ ਆਗੂਆਂ ਨੂੰ ਇਸ ਟਿਕਟ ਖਿੜਕੀ ਵਾਲੀ ਬਿਲਡਿੰਗ ਨੂੰ ਹਟਾਉਣ ਲਈ 15 ਫਰਵਰੀ ਤੱਕ ਦਾ ਅਲਟੀਮੇਟਮ ਦਿੱਤਾ ਗਿਆ ਹੈ।
ਚੇਤਾਵਨੀ ਭਰੇ ਲਹਿਜੇ ਵਿੱਚ ਆਗੂਆਂ ਨੇ ਕਿਹਾ ਹੈ ਕਿ
ਜੇਕਰ 15 ਫਰਵਰੀ ਤੱਕ ਇਸ ਟਿਕਟ ਖਿੜਕੀ ਵਾਲੀ ਬਿਲਡਿੰਗ ਨੂੰ ਇਥੋਂ ਨਹੀਂ ਹਟਾਇਆ ਜਾਂਦਾ ਤਾਂ ਫਿਰ ਸ਼ਹੀਦਾ ਦੇ ਇਸ ਹੋ ਰਹੇ ਅਪਮਾਨ ਵਿਰੁੱਧ ਪੂਰੇ ਭਾਰਤ ਵਿਚ ਜੋਰਦਾਰ ਤਰੀਕੇ ਨਾਲ ਮੁਹਿੰਮ ਛੇੜ ਦਿੱਤੀ ਜਾਵੇਗੀ ।
ਜਲ੍ਹਿਆਂਵਾਲਾ ਬਾਗ ਟਰੱਸਟ ਦੇ ਸਮੂਹ ਆਗੂਆਂ ਦਾ ਵੱਖ ਵੱਖ ਥਾਵਾਂ ਤੇ ਘਿਰਾਓ ਕੀਤਾ ਜਾਵੇਗਾ ।
ਹਰਜਿੰਦਰ ਹਾਂਡਾ ਨੇ ਦੱਸਿਆ ਕਿ ਇਸ ਸਬੰਧੀ ਅਗਲੀ ਰਣਨੀਤੀ ਉਲੀਕਣ ਲਈ 31 ਜਨਵਰੀ ਨੂੰ ਜੱਲਿਆ ਵਾਲਾ ਬਾਗ਼ ਵਿੱਚ ਅੰਤਰਰਾਸ਼ਟਰੀ ਸਰਵ ਕੰਬੋਜ ਸਮਾਜ ਦੀ ਅਗਵਾਈ ਹੇਠ ਵੱਖ ਵੱਖ ਸਮਾਜਿਕ ਸੰਗਠਨਾਂ ਦੀ ਮੀਟਿੰਗ ਸੱਦ ਲਈ ਗਈ ਹੈ ।