ਮੇਅਰ ਕੁਲਵੰਤ ਸਿੰਘ ਦੇ ‘ਸਿਆਸੀ ਡੀ.ਐਨ.ਏ.’ ਦੀ ਜਾਂਚ ਕਰਵਾਉਣ ਦੀ ਕੀਤੀ ਮੰਗ
ਕਾਂਗਰਸ ਦੇ ਸਮਰਥਨ ਨਾਲ ਬਣਿਆ ਮੇਅਰ ਹੁਣ ਦੂਸ਼ਣਬਾਜ਼ੀ ’ਤੇ ਉਤਰਿਆ
ਅਕਾਲੀ ਦਲ ਉਤੇ ਮੁਹਾਲੀ ਵਿੱਚ ਆਪਣਾ ਸਿਆਸੀ ਆਧਾਰ ਬਚਾਉਣ ਲਈ ਕੋਝੇ ਹਥਕੰਡੇ ਵਰਤਣ ਦਾ ਲਾਇਆ ਦੋਸ਼
ਐਸ.ਏ.ਐਸ ਨਗਰ, 28 ਜਨਵਰੀ 2020: ਮੁਹਾਲੀ ਸ਼ਹਿਰ ਦੇ ਵਿਕਾਸ ਕਾਰਜਾਂ ਵਿੱਚ ਅੜਿੱਕੇ ਡਾਹੁਣ ਦੇ ਅਕਾਲੀ-ਭਾਜਪਾ ਕੌਂਸਲਰਾਂ ਵੱਲੋਂ ਲਾਏ ਦੋਸ਼ਾਂ ਨੂੰ ਬੇਤੁਕੇ ਤੇ ਤੱਥ ਰਹਿਤ ਦੱਸਦਿਆਂ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਮੇਅਰ ਕੁਲਵੰਤ ਸਿੰਘ ਨੂੰ ਸ਼ਹਿਰ ਦੇ ਵਿਕਾਸ ਕਾਰਜਾਂ ਬਾਰੇ ਕਿਸੇ ਵੀ ਮੰਚ ਉਤੇ ਬਹਿਸ ਕਰਨ ਦੀ ਚੁਣੌਤੀ ਦਿੱਤੀ ਹੈ।
ਇਨ੍ਹਾਂ ਦੋਸ਼ਾਂ ਨੂੰ ਮੇਅਰ ਕੁਲਵੰਤ ਸਿੰਘ ਦੀ ਸੌੜੀ ਸੋਚ ਦਾ ਨਤੀਜਾ ਦੱਸਦਿਆਂ ਕੈਬਨਿਟ ਮੰਤਰੀ ਨੇ ਅੱਜ ਇੱਥੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁਹਾਲੀ ਸ਼ਹਿਰ ਦੇ ਵੋਟਰ ਅਜਿਹੇ ਥੋਥੇ ਦਾਅਵਿਆਂ ਨਾਲ ਗੁਮਰਾਹ ਹੋਣ ਵਾਲੇ ਨਹੀਂ ਹਨ।ਵੋਟਰਾਂ ਨੂੰ ਸਾਰੀ ਸੱਚਾਈ ਦਾ ਇਲਮ ਹੈ ਕਿ ਵਿਕਾਸ ਕਾਰਜਾਂ ਵਿੱਚ ਅੜਿੱਕੇ ਕੌਣ ਡਾਹ ਰਿਹਾ ਹੈ ਅਤੇ ਕੌਣ ਵਿਕਾਸ ਕਾਰਜਾਂ ਲਈ ਸਰਕਾਰ ਤੋਂ ਫੰਡ ਲੈ ਕੇ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਕੁਲਵੰਤ ਸਿੰਘ ਅਕਾਲੀ ਦਲ ਦਾ ਲੀਡਰ ਹੋਣ ਦਾ ਦਾਅਵਾ ਕਰਦਾ ਹੈ, ਜਦੋਂ ਕਿ ਦੂਜੇ ਪਾਸੇ ਆਪਣੇ ਨਿੱਜੀ ਕੰਮਾਂ ਲਈ ਕਾਂਗਰਸੀ ਲੀਡਰਾਂ ਕੋਲ ਵੀ ਹਾਜ਼ਰੀ ਭਰਦਾ ਹੈ। ਇਸ ਲਈ ਉਸ ਦੇ ‘ਸਿਆਸੀ ਡੀ.ਐਨ.ਏ.’ ਦੀ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਆਮ ਲੋਕਾਂ ਅੱਗੇ ਉਸ ਦਾ ਅਸਲ ਚਿਹਰਾ ਆ ਸਕੇ।ਉਨ੍ਹਾਂ ਕਿਹਾ ਕਿ ਮੇਅਰ ਨੂੰ ਆਪਣੀ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਕਿ ਉਹ ਅਕਾਲੀ ਦਲ ਵਿੱਚ ਹਨ ਜਾਂ ਕਾਂਗਰਸ ਨਾਲ ਹਨ।
ਸ. ਸਿੱਧੂ ਨੇ ਕਿਹਾ ਕਿ ਮੇਅਰ ਕੁਲਵੰਤ ਸਿੰਘ ਨੇ ਨਗਰ ਨਿਗਮ ਦਾ 100 ਕਰੋੜ ਰੁਪਏ ਤੋਂ ਵੀ ਵੱਧ ਪੈਸਾ ਗਮਾਡਾ ਤੋਂ ਨਿਗਮ ਵੱਲ ਟਰਾਂਸਫ਼ਰ ਹੋਏ ਖੇਤਰਾਂ ਵਿੱਚ ਖਰਚ ਕੀਤਾ ਪਰ ਅੱਜ ਤੱਕ ਗਮਾਡਾ ਵੱਲ ਨਗਰ ਨਿਗਮ ਦਾ ਬਕਾਇਆ ਕਰੀਬ 200 ਕਰੋੜ ਰੁਪਏ ਲੈਣ ਵਿੱਚ ਅਸਮਰੱਥ ਰਹੇ ਹਨ। ਉਨ੍ਹਾਂ ਪਿਛਲੀ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਗਮਾਡਾ ਤੋਂ ਹਰ ਸਾਲ 50 ਕਰੋੜ ਰੁਪਏ ਲੈਣ ਦਾ ਸਮਝੌਤਾ ਕੀਤਾ ਸੀ ਪਰ ਉਸ ਸਮੇਂ ਤਤਕਾਲੀ ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਖ਼ੁਸ਼ ਕਰਨ ਲਈ ਗਮਾਡਾ ਤੋਂ ਪੂਰੀ ਰਕਮ ਨਹੀਂ ਲਈ ਗਈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਸਿਰਫ਼ 9.5 ਕਰੋੜ ਰੁਪਏ ਹੀ ਗਮਾਡਾ ਤੋਂ ਲਏ ਗਏ, ਜਦੋਂ ਕਿ ਨਿਗਮ ਦੇ ਤਕਰੀਬਨ 190 ਕਰੋੜ ਰੁਪਏ ਗਮਾਡਾ ਵੱਲ ਬਕਾਇਆ ਹਨ, ਜਿਸ ਸਬੰਧੀ ਮੇਅਰ ਨੇ ਹੁਣ ਤੱਕ ਕੋਈ ਚਾਰਾਜੋਈ ਨਹੀਂ ਕੀਤੀ ਅਤੇ ਨਾ ਕੋਈ ਮਤਾ ਪਾਇਆ।
ਕੈਬਨਿਟ ਮੰਤਰੀ ਨੇ ਕਿਹਾ ਕਿ ਨਿਗਮ ਦੀਆਂ ਮੀਟਿੰਗਾਂ ਵਿੱਚ ਕਾਂਗਰਸੀ ਕੌਂਸਲਰਾਂ ਨੇ ਹਮੇਸ਼ਾ ਵਿਕਾਸ ਕਾਰਜਾਂ ਦੇ ਮਤਿਆਂ ਨੂੰ ਪਾਸ ਕਰਵਾਉਣ ਲਈ ਸਹਿਮਤੀ ਦਿੱਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੇਅਰ ਨੇ ਸੁਰਖੀਆਂ ਵਿੱਚ ਰਹਿਣ ਲਈ ਸਰਕਾਰ ਤੋਂ ਬਕਾਇਆ ਲਏ ਬਗੈਰ 5 ਅਗਸਤ 2016 ਨੂੰ ਹਾਊਸ ਦੀ ਵਿਸ਼ੇਸ਼ ਮੀਟਿੰਗ ਬੁਲਾ ਕੇ ਉਸ ਸਮੇਂ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਧੰਨਵਾਦ ਕਰਨ ਲਈ ਮਤਾ ਪੇਸ਼ ਕਰ ਦਿੱਤਾ। ਉਨ੍ਹਾਂ ਅੱਗੇ ਦੋਸ਼ ਲਾਇਆ ਕਿ 11 ਜਨਵਰੀ 2016 ਨੂੰ ਅਕਾਲੀ ਸਰਕਾਰ ਦੇ ਕਾਰਜਕਾਲ ਦੌਰਾਨ ਮੇਅਰ ਨੇ ਮੁਹਾਲੀ ਦੇ ਵਸਨੀਕਾਂ ਨਾਲ ਧੋਖਾ ਕਰਦੇ ਹੋਏ 416.80 ਲੱਖ ਰੁਪਏ ਦੀ ਗਰਾਂਟ ਸ਼ਹਿਰ ਵਿਖੇ ਲਗਾਉਣ ਲਈ ਝੂਠਾ ਮਤਾ ਪਾਸ ਕਰਵਾਇਆ ਸੀ ਅਤੇ ਇਸ ਸਬੰਧੀ ਵੀ ਤਤਕਾਲੀ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਦੇ ਧੰਨਵਾਦ ਵਿੱਚ ਮਤਾ ਪਾਇਆ ਸੀ ਪਰ ਇਹ ਗਰਾਂਟ ਵੀ ਅਕਾਲੀ ਸਰਕਾਰ ਨੇ ਨਗਰ ਨਿਗਮ ਨੂੰ ਨਹੀਂ ਦਿੱਤੀ।
ਸ. ਸਿੱਧੂ ਨੇ ਕਿਹਾ ਕਿ ਜਨਤਾ ਲੈਂਡ ਪ੍ਰਮੋਟਰਜ਼ ਦੇ ਮਾਲਕ ਮੇਅਰ ਕੁਲਵੰਤ ਸਿੰਘ ਨੇ ਇੱਕ ਬਿਲਡਰ ਵਜੋਂ ਗਮਾਡਾ ਕੋਲੋਂ ਪਿਛਲੀ ਸਰਕਾਰ ਸਮੇਂ ਕਈ ਨਿੱਜੀ ਫ਼ਾਇਦੇ ਲਏ ਸਨ ਅਤੇ ਉਹ ਗਮਾਡਾ ਦਾ ਡਿਫ਼ਾਲਟਰ ਵੀ ਹੈ। ਇਸ ਕਰ ਕੇ ਹੁਣ ਉਹ ਗਮਾਡਾ ਦੇ ਡਰੋਂ ਨਿਗਮ ਦਾ ਬਕਾਇਆ ਲੈਣ ਲਈ ਕੋਈ ਕਾਰਵਾਈ ਨਹੀਂ ਕਰ ਰਿਹਾ। ਉਨ੍ਹਾਂ ਕਿਹਾ ਕਿ ਜਿਹੜੇ ਟੈਂਡਰ ਨਾ ਖੁੱਲ੍ਹਣ ਸਬੰਧੀ ਅਕਾਲੀ-ਭਾਜਪਾ ਕੌਂਸਲਰਾਂ ਨੇ ਉਨ੍ਹਾਂ ਉਤੇ (ਮੰਤਰੀ ਸਿੱਧੂ ਉਤੇ) ਦੋਸ਼ ਲਾਏ ਹਨ, ਉਸ ਦੀ ਸੱਚਾਈ ਇਹ ਹੈ ਕਿ ਨਗਰ ਨਿਗਮ ਕੋਲ ਇਸ ਬਜਟ ਸਾਲ ਵਿੱਚ ਵਿਕਾਸ ਕੰਮਾਂ ਲਈ ਕੋਈ ਫੰਡ ਹੀ ਨਹੀਂ ਹੈ, ਸਗੋਂ ਨਿਗਮ ਦੀਆਂ ਕਾਫੀ ਦੇਣਦਾਰੀਆਂ ਬਾਕੀ ਹਨ, ਜੋ ਪਿਛਲੀ ਸਰਕਾਰ ਦੀਆਂ ਗਲਤ ਨੀਤੀਆਂ ਦਾ ਨਤੀਜਾ ਹੈ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਵੱਲੋਂ ਨਵੰਬਰ-ਦਸੰਬਰ ਵਿੱਚ 8 ਕਰੋੜ ਰੁਪਏ ਦੇ ਪੇਵਰ/ਰੋਡ ਦੇ ਕੰਮਾਂ, 2 ਕਰੋੜ ਦੇ ਪਾਰਕਾਂ ਦੇ ਵਿਕਾਸ ਕਾਰਜ, 6 ਕਰੋੜ ਦੇ ਪਾਰਕਾਂ ਦੀ ਸਾਂਭ ਸੰਭਾਲ ਦੇ ਕੰਮ (ਕੁੱਲ 14 ਕਰੋੜ ਰੁਪਏ) ਦੇ ਵਰਕ-ਆਰਡਰ ਜਾਰੀ ਕੀਤੇ ਹਨ। ਇਸ ਤੋਂ ਇਲਾਵਾ 10 ਕਰੋੜ ਰੁਪਏ ਦੇ ਕੰਮ ਜਿਹੜੇ ਕਿ ਪਹਿਲਾਂ ਹੀ ਚੱਲ ਰਹੇ ਹਨ, ਉਨ੍ਹਾਂ ਦੀਆਂ ਵੀ ਅਦਾਇਗੀਆਂ ਕਰਨੀਆਂ ਬਾਕੀ ਹਨ। ਇਹ ਅਦਾਇਗੀਆਂ ਕਰਨ ਲਈ ਨਗਰ ਨਿਗਮ ਕੋਲ ਫੰਡ ਹੀ ਨਹੀਂ ਹਨ।
ਕੈਬਨਿਟ ਮੰਤਰੀ ਨੇ ਇਹ ਵੀ ਕਿਹਾ ਕਿ ਨਿਗਮ ਦਾ ਇਸ ਵਿੱਤੀ ਸਾਲ ਦਾ ਬਜਟ ਪਹਿਲਾਂ ਦੋ ਵਾਰ ਸੋਧਿਆ ਜਾ ਚੁੱਕਾ ਹੈ ਅਤੇ ਹੁਣ ਤੀਸਰੀ ਵਾਰੀ ਸਰਕਾਰ ਨੂੰ ਰਿਵਾਈਜ਼ ਕਰਨ ਲਈ ਭੇਜਿਆ ਗਿਆ ਹੈ, ਜਿਸ ਦੀ ਹਾਲੇ ਮਨਜ਼ੂਰੀ ਆਉਣੀ ਬਾਕੀ ਹੈ। ਦਿਲਚਸਪ ਗੱਲ ਇਹ ਹੈ ਕਿ ਇਸ ਨਵੇਂ ਰਿਵਾਈਜ਼ ਹੋ ਕੇ ਆਉਣ ਵਾਲੇ ਬਜਟ ਵਿੱਚ ਵੀ ਸਿਰਫ਼ 9 ਕਰੋੜ ਰੁਪਏ ਹੀ ਵਿਕਾਸ ਕਾਰਜਾਂ ਲਈ ਰੱਖੇ ਗਏ ਹਨ।ਉਨ੍ਹਾਂ ਦੱਸਿਆ ਕਿ ਨਿਗਮ ਨੇ ਜੋ ਟਰੀ-ਪਰੂਨਿੰਗ ਮਸ਼ੀਨ ਤਕਰੀਬਨ 2 ਕਰੋੜ ਰੁਪਏ ਵਿੱਚ ਖਰੀਦੀ ਸੀ, ਪੰਜਾਬ ਸਰਕਾਰ ਵੱਲੋਂ ਉਸ ਦਾ ਠੇਕਾ ਰੱਦ ਕੀਤਾ ਜਾ ਚੁੱਕਾ ਹੈ। ਉਸ ਮਸ਼ੀਨ ਦੇ ਇਵਜ਼ ਵਿੱਚ ਜਨਵਰੀ 2017 ਵਿੱਚ ਸਬੰਧਿਤ ਕੰਪਨੀ ਨੂੰ ਤਕਰੀਬਨ 90 ਲੱਖ ਰੁਪਏ ਐਡਵਾਂਸ ਦਿੱਤਾ ਗਿਆ ਸੀ ਜੋ ਪਿਛਲੇ ਤਿੰਨ ਸਾਲਾਂ ਤੋਂ ਕੰਪਨੀ ਨੇ ਵਾਪਸ ਨਹੀਂ ਕੀਤਾ। ਇਸ ਦੀ ਹੁਣ ਕੁੱਲ ਰਕਮ ਵਿਆਜ ਸਮੇਤ 1.5 ਕਰੋੜ ਰੁਪਏ ਬਣਦੀ ਹੈ।
ਸ. ਸਿੱਧੂ ਨੇ ਕਿਹਾ ਕਿ ਕੁਲਵੰਤ ਸਿੰਘ ਕਾਂਗਰਸ ਪਾਰਟੀ ਦੇ ਸਮਰਥਨ ਨਾਲ ਹੀ ਮੇਅਰ ਬਣੇ ਹਨ ਪਰ ਉਹ ਹੁਣ ਅਹਿਸਾਨ ਭੁੱਲ ਕੇ ਕਾਂਗਰਸ ਉਤੇ ਝੂਠੀ ਦੂਸ਼ਣਬਾਜ਼ੀ ਕਰਨ ਵਿਚ ਜੁਟਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਅਕਾਲੀ-ਭਾਜਪਾ ਕੌਂਸਲਰਾਂ ਨੂੰ ਅੱਗੇ ਕਰਕੇ ਧਰਨੇ ਦਿਵਾਉਣੇ ਇਸ ਗੱਲ ਦਾ ਸਬੂਤ ਹਨ ਕਿ ਇਹ ਧੜਾ ਨਿਗਮ ਚੋਣਾਂ ਵਿੱਚ ਹੋਣ ਵਾਲੀ ਕਰਾਰੀ ਹਾਰ ਤੋਂ ਪਹਿਲਾਂ ਹੀ ਘਬਰਾ ਗਿਆ ਹੈ।
ਇਸ ਮੌਕੇ ਸੀਨੀਅਰ ਡਿਪਟੀ ਮੇਅਰ ਰਿਸ਼ਵ ਜੈਨ, ਸਿਹਤ ਮੰਤਰੀ ਦੇ ਸਿਆਸੀ ਸਕੱਤਰ ਸ੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਅਮਰੀਕ ਸਿੰਘ ਸੋਮਲ, ਕੁਲਜੀਤ ਸਿੰਘ ਬੇਦੀ, ਸੁਰਿੰਦਰ ਸਿੰਘ ਰਾਜਪੂਤ, ਨਰਾਇਣ ਸਿੰਘ ਸਿੱਧੂ, ਨਛੱਤਰ ਸਿੰਘ, ਭਾਰਤ ਭੂਸ਼ਨ ਮੈਣੀ ਸਾਰੇ ਕੌਂਸਲਰ, ਜਸਪ੍ਰੀਤ ਸਿੰਘ ਗਿੱਲ ਪ੍ਰਧਾਨ ਬਲਾਕ ਕਾਂਗਰਸ ਕਮੇਟੀ, ਐਡਵੋਕੇਟ ਨਰਪਿੰਦਰ ਸਿੰਘ ਰੰਗੀ ਅਤੇ ਰਾਜਾ ਕੰਵਰਜੋਤ ਸਿੰਘ ਮੁਹਾਲੀ ਹਾਜ਼ਰ ਸਨ।