ਅਸ਼ੋਕ ਵਰਮਾ
ਬਠਿੰਡਾ ,28 ਜਨਵਰੀ 2020: ਥਾਣਾ ਸਦਰ ਬਠਿੰਡਾ ਦੀ ਪੁਲਿਸ ਨੇ ਬੈਂਕ ਖਾਤੇ 'ਚੋਂ ਧੋਖਾਧੜੀ ਨਾਲ ਛੇ ਲੱਖ ਰੁਪਏ ਕਢਵਾਉਣ ਦੇ ਦੋਸ਼ ਹੇਠ ਇਕ ਅਣਪਛਾਤੇ ਠੱਗ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਸਬੰਧੀ ਥਾਣਾ ਸਦਰ ਦੇ ਮੁੱਖ ਅਫ਼ਸਰ ਸੁਨੀਲ ਕੁਮਾਰ ਨੇ ਦੱਸਿਆ ਕਿ ਸੰਜੂ ਕੁਮਾਰ ਪੁੱਤਰ ਵਿਜੇ ਕੁਮਾਰ ਵਾਸੀ ਪਿੰਡ ਤਿਉਣਾ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦਾ ਬੈਂਕ ਖਾਤਾ ਪਿੰਡ ਮੁਲਤਾਨੀਆਂ ਵਿਖੇ ਐਕਸਿਸ ਬੈਂਕ ਦੀ ਬ੍ਰਾਂਚ 'ਚ ਹੈ।
ਸੰਜੂ ਕੁਮਾਰ ਨੇ ਦੱਸਿਆ ਕਿ ਉਸ ਦੇ ਦੋ ਵੱਖ ਵੱਖ ਖਾਤਿਆਂ 'ਚ ਲਗਭਗ ਛੇ ਲੱਖ 12 ਹਜ਼ਾਰ 141 ਰੁਪਏ ਦੀ ਰਕਮ ਜਮ੍ਹਾਂ ਸੀ। ਉਕਤ ਨੌਜਵਾਨ ਦੇ ਦੱਸਣ ਅਨੁਸਾਰ 17 ਨਵੰਬਰ 2019 ਨੂੰ ਉਸ ਨੂੰ ਇਕ ਫੋਨ ਆਇਆ। ਫੋਨ ਕਰਨ ਵਾਲੇ ਵਿਅਕਤੀ ਨੇ ਦੱਸਿਆ ਕਿ ਉਹ ਪੇਟੀਐੱਮ ਦਫਤਰ ਨੋਇਡਾ ਤੋਂ ਬੋਲ ਰਿਹਾ ਹੈ। ਉਸ ਵਿਅਕਤੀ ਨੇ ਕਿਹਾ ਕਿ ਤੁਹਾਡੇ ਬੈਂਕ ਖਾਤੇ ਵਿਚ ਪਈ ਹੋਈ ਰਕਮ ਬਲਾਕ ਹੋਣ ਜਾ ਰਹੀ ਹੈ, ਤੁਸੀਂ ਆਪਣੀ ਰਕਮ ਸੁਰੱਖਿਅਤ ਕਰਨੀ ਚਾਹੁੰਦੇ ਹੋ ਤਾਂ ਇਕ 3500 ਰੁਪਏ ਦੀ ਐਂਟਰੀ ਕਰਕੇ ਮੈਸਿਜ ਵੀ ਕਰ ਦਿਓ। ਪੀੜਤ ਨੌਜਵਾਨ ਨੇ ਦੱਸਿਆ ਕਿ ਫੋਨ ਕਰਨ ਵਾਲੇ ਵਿਅਕਤੀ ਦੇ ਕਹਿਣ 'ਤੇ ਉਸ ਨੇ 3500 ਰੁਪਏ ਦੀ ਐਂਟਰੀ ਕਰ ਦਿੱਤੀ ਤੇ ਸਰਵਰ ਨੂੰ ਮੈਸਿਜ ਕਰ ਦਿੱਤਾ ਪਰ ਦੂਜੇ ਪਾਸੇ ਫੋਨ ਕਰਨ ਵਾਲੇ ਨੇ ਫਿਰ ਕਿਹਾ ਕਿ ਤੁਹਾਡੀ ਐਂਟਰੀ ਕਿਸੇ ਹੋਰ ਸਰਵਰ 'ਤੇ ਚਲੀ ਗਈ ਹੈ, ਤੁਸੀਂ ਦੁਬਾਰਾ ਐਂਟਰੀ ਕਰੋ।
ਸੰਜੂ ਗਰਗ ਦੇ ਦੱਸਣ ਅਨੁਸਾਰ ਆਪਣੀ ਰਕਮ ਡੁਬਦੀ ਦੇਖ ਕੇ ਉਸ ਨੇ ਉਸ ਵਿਅਕਤੀ ਦੇ ਕਹਿਣ 'ਤੇ ਕਈ ਐਂਟਰੀਆਂ ਸਰਵਰ ਨੂੰ ਕਰ ਦਿੱਤੀਆਂ। ਇਸ ਤਰ੍ਹਾਂ ਨੌਸਰਬਾਜ਼ ਨੇ ਉਸ ਦੀ ਛੇ ਲੱਖ 12 ਹਜ਼ਾਰ 141 ਰੁਪਏ ਦੀ ਰਕਮ ਕੱਢ ਲਈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਠੱਗੀ ਦਾ ਸ਼ਿਕਾਰ ਹੋਏ ਵਿਅਕਤੀ ਦੀ ਸ਼ਿਕਾਇਤ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।