ਵਿਸ਼ੇਸ਼ ਐਂਬੂਲੈਂਸ ਵਿੱਚ ਮਰੀਜ਼ ਭੇਜਣ ਸਮੇਂ ਸਟਾਫ ਦੇ ਨਾਲ ਡਾਕਟਰ ਪਵਨ ਅਗਰਵਾਲ
ਜਗਦੀਸ਼ ਥਿੰਦ
ਗੁਰੂਹਰਸਹਾਏ / ਫਿਰੋਜ਼ਪੁਰ 29 ਜਨਵਰੀ ; ਸਰਹੱਦੀ ਖੇਤਰ ਵਿੱਚ ਸੜਕ ਦੁਰਘਟਨਾ ਜਾਂ ਹੋਰ ਐਮਰਜੈਂਸੀ ਹਾਲਾਤਾਂ ਵਿਚ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਮਰੀਜ਼ਾਂ ਲਈ ਜੀਵਨ ਰੱਖਿਅਕ ਦੂਤ ਸਾਬਤ ਹੋ ਰਹੀ ਹੈ ਐੱਚ ਐੱਸ ਆਂਵਲਾ ਫਾਊਂਡੇਸ਼ਨ ਦੀ ਐਂਬੂਲੈਂਸ ।
ਇਹ ਗੱਲ ਅੱਜ ਅਗਰਵਾਲ ਕਾਲਜ ਆਫ਼ ਨਰਸਿੰਗ ਅਤੇ ਹਸਪਤਾਲ ਗੁਰੂ ਹਰਸਹਾਏ ਦੇ ਮੈਨੇਜਿੰਗ ਡਾਇਰੈਕਟਰ ਡਾ ਪਵਨ ਅਗਰਵਾਲ ਨੇ ਕਹੀ ।
ਉਨ੍ਹਾਂ ਦੱਸਿਆ ਕਿ ਜਦੋਂ ਸੰਘਣੀ ਧੁੰਦ ਅਤੇ ਹੱਡ ਚੀਰਵੀਂ ਸਰਦੀ ਦਾ ਮੌਸਮ ਸੀ ਤਾਂ ਇਹ ਐਂਬੂਲੈਂਸ ਐਮਰਜੈਂਸੀ ਹਲਾਤਾਂ ਵਿੱਚ ਮਰੀਜ਼ਾਂ ਨੂੰ ਦੂਰ ਦੁਰਾਡੇ ਦੇ ਵੱਡੇ ਸ਼ਹਿਰਾਂ ਵਿਖੇ ਸਥਿਤ ਹਸਪਤਾਲਾਂ ਤੱਕ ਪਹੁੰਚਾਉਣ ਦਾ ਕੰਮ ਕਰਦੀ ਰਹੀ ਹੈ ।
ਵਰਣਯੋਗ ਹੈ ਕਿ ਡਾਕਟਰ ਹਰਭਜਨ ਸਿੰਘ ਆਵਲਾ ਦੇ ਪਰਿਵਾਰ ਵੱਲੋਂ ਉਨ੍ਹਾਂ ਦੀ ਯਾਦ ਵਿੱਚ ਐਚ ਐਸ ਆਵਲਾ ਫਾਊਂਡੇਸ਼ਨ ਸਥਾਪਤ ਕੀਤੀ ਹੈ ।
ਇਸ ਫਾਊਂਡੇਸ਼ਨ ਵੱਲੋਂ ਦਿੱਤੀ ਗਈ ਐਂਬੂਲੈਂਸ ਵਿੱਚ ਵੈਂਟੀਲੇਟਰ , ਡੀਫੀਬਲੇਟਰ , ਆਕਸੀਜਨ ਅਤੇ ਮਨੀਟਰ ਸਮੇਤ ਉਹ ਸਾਰੀਆਂ ਮਸ਼ੀਨਾਂ ਮੌਜੂਦ ਹਨ ਜੋ ਕਿ ਸੜਕ ਦੁਰਘਟਨਾ ਵਿਚ ਗੰਭੀਰ ਰੂਪ ਜ਼ਖ਼ਮੀ ਹੋ ਗਏ ਮਰੀਜ਼ਾਂ , ਹਾਰਟ ਅਟੈਕ , ਨਿਮੋਨੀਆ ਜਾਂ ਫਿਰ ਹੋਰ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਕੇ ਆਖਰੀ ਸਟੇਜ ਤੇ ਪਹੁੰਚ ਚੁੱਕੇ ਹੁੰਦੇ ਹਨ ।
ਇਸ ਐਂਬੂਲੈਂਸ ਵਿੱਚ ਟਰੇਂਡ ਸਟਾਫ਼ ਵੀ ਮੌਜੂਦ ਰਹਿੰਦਾ ਹੈ ।
ਡਾਕਟਰ ਪਵਨ ਅਗਰਵਾਲ ਦੱਸਦੇ ਹਨ ਕਿ ਇਹਨਾਂ ਪਿਛਲੇ ਮਹੀਨਿਆਂ ਦੌਰਾਨ ਇਕੱਲੇ ਉਨ੍ਹਾਂ ਵੱਲੋਂ 40 ਦੇ ਲਗਭਗ ਮਰੀਜ਼ ਲੁਧਿਆਣਾ , ਚੰਡੀਗੜ੍ਹ ਅਤੇ ਜਲੰਧਰ ਦੇ ਹਸਪਤਾਲਾਂ ਵੱਲ ਭੇਜੇ ਗਏ ਹਨ ।
ਇਸ ਸਬੰਧੀ ਸ੍ਰੀ ਭਜਨਗੜ੍ਹ ਬਲੱਡ ਡੋਨਰਜ਼ ਐਂਡ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਵਿਜੇ ਥਿੰਦ ਦਾ ਕਹਿਣਾ ਹੈ ਕਿ 108 ਨੰਬਰ ਐਂਬੂਲੈਂਸ ਵੀ ਮਰੀਜ਼ਾਂ ਦੀ ਸਹਾਇਤਾ ਵਿੱਚ ਕਾਫੀ ਯੋਗਦਾਨ ਦੇ ਰਹੀ ਹੈ ਪਰ ਉਹ ਮਰੀਜ਼ ਨੂੰ ਕੇਵਲ ਸਥਾਨਕ ਸਿਵਲ ਹਸਪਤਾਲ ਜਾਂ ਫਿਰ ਉਸ ਤੋਂ ਅੱਗੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ ਤੱਕ ਹੀ ਲੈ ਕੇ ਜਾਂਦੇ ਹਨ ਪਰ ਇਸ ਤੋਂ ਉਲਟ ਆਂਵਲਾ ਫਾਊਂਡੇਸ਼ਨ ਦੀ ਐਂਬੂਲੈਂਸ ਜਿੱਥੇ ਵੀ ਮਰੀਜ਼ ਲਈ ਢੁੱਕਵਾਂ ਇਲਾਜ ਮਿਲ ਸਕੇ ਉਥੇ ਲੈ ਕੇ ਜਾਣ ਲਈ ਤਿਆਰ ਮਿਲਦੀ ਹੈ ।
ਡਾਕਟਰ ਪਵਨ ਗਰਗ ਨੇ ਦੱਸਿਆ ਕਿ ਅਨੇਕਾਂ ਮਰੀਜ਼ਾਂ ਨੂੰ ਪੀ ਜੀ ਆਈ ਤੱਕ ਚੰਡੀਗੜ੍ਹ ਤੱਕ ਇਸ ਐਂਬੂਲੈਂਸ ਰਾਹੀਂ ਭੇਜਿਆ ਗਿਆ ਹੈ । ਰਮਿੰਦਰ ਆਵਲਾ ਦੇ ਨਿੱਜੀ ਸਕੱਤਰ ਅਮਰ ਕੰਬੋਜ਼ ਦੱਸਦੇ ਹਨ ਕਿ ਇਹ ਐਂਬੂਲੈਂਸ ਆਵਲਾ ਪਰਿਵਾਰ ਨੇ ਆਪਣੇ ਬਜ਼ੁਰਗਾਂ ਦੀ ਯਾਦ ਵਿੱਚ ਜ਼ਰੂਰਤਮੰਦ ਲੋਕਾਂ ਦੀ ਸੇਵਾ ਲਈ ਦਿੱਤੀ ਹੈ ।
ਉਨ੍ਹਾਂ ਦੱਸਿਆ ਕਿ ਐਂਬੂਲੈਂਸ ਰਾਹੀਂ ਪੰਜਾਬ ਚੰਡੀਗੜ੍ਹ ਦੇ ਸ਼ਹਿਰਾਂ ਤੱਕ ਮਰੀਜ਼ ਪਹੁੰਚਾਉਣ ਤੋਂ ਇਲਾਵਾ ਗੁੜਗਾਂਓ ਦੇ ਹਸਪਤਾਲਾਂ ਤੱਕ ਵੀ ਇਹ ਐਂਬੂਲੈਂਸ ਮਰੀਜ਼ ਲੈ ਕੇ ਜਾ ਰਹੀ ਹੈ ।
ਇਸ ਦੌਰਾਨ ਡਾਕਟਰ ਪਵਨ ਅਗਰਵਾਲ ਅਤੇ ਇਲਾਕੇ ਦੀਆਂ ਸਮੂਹ ਯੂਥ ਕਲੱਬਾਂ ਦੇ ਪ੍ਰਧਾਨਾਂ ਨੇ ਸਰਦਾਰ ਜਸਬੀਰ ਸਿੰਘ ਆਵਲਾ , ਸੁਖਬੀਰ ਸਿੰਘ ਆਵਲਾ ਅਤੇ ਵਿਧਾਇਕ ਜਲਾਲਾਬਾਦ ਰਮਿੰਦਰ ਸਿੰਘ ਆਵਲਾ ਵੱਲੋਂ ਕੀਤੇ ਗਏ ਇਸ ਉਪਰਾਲੇ ਲਈ ਧੰਨਵਾਦ ਦਾ ਪ੍ਰਗਟਾਵਾ ਕੀਤਾ ਹੈ ।
ਵਰਨਣਯੋਗ ਹੈ ਕਿ ਮਰੀਜ਼ਾਂ ਦੀ ਸਹਾਇਤਾ ਲਈ ਜਾਂਦੀ ਇਸ ਐਂਬੂਲੈਂਸ ਦੇ ਪ੍ਰਬੰਧਕਾਂ ਵੱਲੋਂ ਮਰੀਜ਼ਾਂ ਕੋਲੋਂ ਕੋਈ ਪੈਸਾ ਨਹੀਂ ਵਸੂਲਿਆ ਜਾਂਦਾ ।
ਐਂਬੂਲੈਂਸ ਨਾਲ ਚੱਲਦੇ ਸਟਾਫ ਦੀ ਤਨਖਾਹ ਅਤੇ ਐਂਬੂਲੈਂਸ ਵਿੱਚ ਬਲਦੇ ਤੇਲ ਦਾ ਪ੍ਰਬੰਧ ਵੀ ਐੱਚ ਐੱਸ ਆਵਲਾ ਫਾਊਂਡੇਸ਼ਨ ਵੱਲੋਂ ਕੀਤਾ ਜਾਂਦਾ ਹੈ ।
ਇਸ ਸਬੰਧੀ ਵਿਧਾਇਕ ਆਵਲਾ ਦੇ ਪੁੱਤਰ ਜਤਿਨ ਆਵਲਾ ਨਾਲ ਸੰਪਰਕ ਕਰਨ ਤੇ ਉਨ੍ਹਾਂ ਕਿਹਾ ਕਿ ਸੇਵਾ ਕਰਨ ਦੀ ਭਾਵਨਾ ਉਨ੍ਹਾਂ ਦੇ ਪਰਿਵਾਰ ਨੂੰ ਉਹਨਾਂ ਦੇ ਦਾਦਾ ਜੀ ਮਰਹੂਮ ਡਾਕਟਰ ਹਰਭਜਨ ਸਿੰਘ ਆਵਲਾ ਤੋਂ ਮਿਲੀ ਹੈ ।
ਇਸ ਭਾਵਨਾ ਤਹਿਤ ਹੀ ਉਹ ਇਹ ਕੰਮ ਕਰ ਰਹੇ ਹਨ ।
ਡਾਕਟਰ ਪਵਨ ਅਗਰਵਾਲ ਨੇ ਐਂਬੂਲੈਂਸ ਨਾਲ ਚੱਲਦੇ ਮੈਡੀਕਲ ਅਟੈਂਡੈਂਟ ਅਯੂਸ਼ ਮਸੀਹ , ਡਰਾਈਵਰ ਬਲਜੀਤ ਸਿੰਘ ਅਤੇ ਸੁਖਬੀਰ ਇੰਡਸਟਰੀਜ਼ ਦੇ ਮੈਨੇਜਰ ਮਨੀਸ਼ ਸ਼ਰਮਾ ਵੱਲੋਂ ਮਿਲਦੇ ਸਹਿਯੋਗ ਦੀ ਸਰਾਹਨਾ ਕੀਤੀ ਹੈ ।