ਹਰੀਸ਼ ਕਾਲੜਾ
ਸ੍ਰੀ ਅਨੰਦਪੁਰ ਸਾਹਿਬ, 30 ਜਨਵਰੀ 2020 - ਇਥੋਂ ਦੀ ਸ੍ਰੀ ਦਸ਼ਮੇਸ਼ ਮਾਰਸ਼ਲ ਆਰਟ ਅਕੈਡਮੀ ਵਿਖੇ ਨੋਵੇਂ ਪਾਤਿਸ਼ਾਹ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਆਗਮਨ ਪੁਰਬ ਨੂੰ ਲੈ ਕੇ 1 ਫਰਵਰੀ ਤੋਂ 2 ਫਰਵਰੀ ਤਕ 2 ਰੋਜਾ ਅੱਠਵੀਂ ਕੌਮੀ ਗੂੰਗੇ ਅਤੇ ਬੋਲੇ ਜੂਡੋ ਚੈਂਪੀਅਨਸ਼ਿਪ ਹੋ ਰਹੀ ਹੈ ਜਿਸਦਾ ਉਦਘਾਟਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰ ਪਾਲ ਸਿੰਘ 1 ਫਰਵਰੀ ਨੂੰ ਸਵੇਰੇ 11 ਵਜੇ ਕਰਨਗੇ ਇਸ ਸੰਬੰਧੀ ਜਿਲ੍ਹਾ ਰੂਪਨਗਰ ਜੁੱਡੋ ਐਸੋਸੀਏਸ਼ਨ ਅਤੇ ਪੰਜਾਬ ਡਫ ਐਸੋਸੀਏਸ਼ਨ ਵਲੋਂ ਪ੍ਰਬੰਧਾਂ ਨੂੰ ਅੰਤਿਮ ਛੋਹਾਂ ਦਿਤੀਆਂ ਜਾ ਰਹੀਆਂ ਹਨ।
ਚੈਂਪੀਅਨਸ਼ਿਪ ਦੇ ਪ੍ਰਬੰਧਾਂ ਦਾ ਜਾਇਜਾ ਲੈਣ ਲਈ ਜੂਡੋ ਤਕਨੀਕੀ ਟੀਮ ਦੇ ਚੇਅਰਮੈਨ ਅਤੇ ਕੌਮੀ ਅਬਜਰਵਰ ਮੁਨੱਵਰ ਅੰਜ਼ਾਰ ਨੇ ਇਥੇ ਪਹੁੰਚ ਕੇ ਪ੍ਰਬੰਧਾਂ ਦਾ ਜਾਇਜਾ ਲਿਆ ।ਓਹਨਾ ਦੱਸਿਆ ਕਿ ਕੌਮੀ ਚੈਂਪੀਅਨਸ਼ਿਪ ਵਿਚ ਪੂਰੇ ਹਿੰਦੋਸਤਾਨ ਦੇ 22 ਸੂਬਿਆਂ ਤੋਂ 450 ਖਿਡਾਰੀ ਅਤੇ ਅਧਿਕਾਰੀ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਪਹੁੰਚ ਰਹੇ ਹਨ ।ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਇੰਦਰਜੀਤ ਸਿੰਘ ਅਰੋੜਾ ਨੇ ਦੱਸਿਆ ਕਿ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹਿਲੀ ਵਾਰ ਹੋ ਰਹੀ ਗੂੰਗੇ ਅਤੇ ਬੋਲੇ ਚੈਂਪੀਅਨਸ਼ਿਪ ਦੇ ਖਿਡਾਰੀਆਂ ਅਤੇ ਅਧਿਕਾਰੀਆਂ ਦੀ ਰਿਹਾਇਸ਼ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸ੍ਰੀ ਗੁਰੂ ਤੇਗ ਬਹਾਦਰ ਨਿਵਾਸ ਵਿਖੇ ਰਖੀ ਗਈ ਹੈ ਜਿਨ੍ਹਾਂ ਨੂੰ ਅਕੈਡਮੀ ਵਿਖੇ ਲਿਆਉਣ ਅਤੇ ਛੱਡਣ ਲਈ ਵਿਸ਼ੇਸ਼ ਟ੍ਰਾਂਸਪੋਰਟ ਦਾ ਪਰਬੰਧ ਕੀਤਾ ਗਿਆ ਹੈ ।ਇਸ ਦੇ ਨਾਲ ਹੀ ਪੂਰੇ ਸਟੇਡੀਅਮ ਨੂੰ ਵਧੀਆ ਰੋਸ਼ਨੀਆਂ ਨਾਲ ਸਜਾਇਆ ਗਿਆ ਹੈ।
ਓਹਨਾਂ ਦੱਸਿਆ ਕਿ ਖਿਡਾਰੀ ਦੇ ਸ੍ਰੀ ਅਨੰਦਪੁਰ ਵਿਖੇ ਪਹੁੰਚ ਲਈ ਬੱਸ ਅੱਡਾ ਅਤੇ ਰੇਲਵੇ ਸਟੇਸ਼ਨ ਤੇ ਵਿਸ਼ੇਸ਼ ਸੈੱਲ ਬਣਾਏ ਗਏ ਹਨ ਜੋ ਕਿ ਖਿਡਾਰੀਆਂ ਨੂੰ ਓਹਨਾਂ ਦੀ ਮੰਜ਼ਿਲ ਤੱਕ ਪਹੁੰਚਣ ਲਈ ਸਹਿਯੋਗ ਕਰਨਗੇ। ਅਰੋੜਾ ਨੇ ਕਿਹਾ ਕਿ ਵਿਸ਼ੇਸ਼ ਲੋੜਾਂ ਵਾਲੇ ਗੂੰਗੇ ਅਤੇ ਬੋਲੇ ਬੱਚਿਆਂ ਦੇ ਸਹਿਯੋਗ ਲਈ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਦੇ ਕੌਮੀ ਸੇਵਾ ਯੋਜਨਾ ਅਤੇ ਰਾਸ਼ਟਰੀ ਕੈਡਿਟ ਕੋਰ ਵਿੰਗ ਤੋਂ ਸਹਿਯੋਗ ਲਿਆ ਜਾ ਰਿਹਾ ਹੈ ।ਅਰੋੜਾ ਨੇ ਅੱਗੇ ਦੱਸਿਆ ਕਿ ਉਦਘਾਟਨੀ ਸਮਾਰੋਹ ਵਿਚ ਐੱਸ. ਜੀ. ਐੱਸ. ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਬੱਚਿਆਂ ਵਲੋਂ ਸਭਿਆਚਾਰਕ ਸਮਾਗਮ ਦੀ ਪੇਸ਼ਕਾਰੀ ਕੀਤੀ ਜਾਵੇਗੀ।
ਪ੍ਰਬੰਧਕੀ ਸਕੱਤਰ ਜਰਨੈਲ ਸਿੰਘ ਨਿੱਕੂਵਾਲ ਨੇ ਦੱਸਿਆ ਕਿ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਨੂੰ ਵਸਾਉਣ ਵਾਲੇ ਨੋਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਆਗਮਨ ਪੁਰਬ ਨੂੰ ਲੈ ਕੇ ਕਰਵਾਈ ਜਾ ਰਹੀ ਕੌਮੀ ਜੂਡੋ ਚੈਂਪੀਅਨਸ਼ਿਪ ਦੀ ਸ਼ੁਰੂਆਤ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰ ਪਾਲ ਸਿੰਘ 1 ਫਰਵਰੀ ਨੂੰ ਸਵੇਰੇ 11 ਵਜੇ ਕਰਨਗੇ ਅਤੇ ਖਾਸ ਕਿਸਮ ਦੀ ਹੋ ਰਹੀ ਇਸ ਚੈਂਪੀਅਨਸ਼ਿਪ ਨੂੰ ਦੇਖਣ ਲਈ ਸਮੁਚੇ ਇਲਾਕਾ ਵਾਸੀ ਹੁੰਮ ਹੁਮਾ ਕੇ ਪਹੁੰਚਣ ਅਤੇ ਸਹਿਯੋਗ ਦੇਣ ।ਇਸ ਮੌਕੇ ਕੌਮੀ ਜਨਰਲ ਸਕੱਤਰ ਆਈਸਾ ਮੁਨਵਰ, ਦੀਪਕ ਗੁਪਤਾ , ਜਾਪਾਨੀ ਕੋਚ ਨਾਕਾ ਮੁਰਾ , ਰਾਜਿੰਦਰ ਸ਼ਰਮਾ , ਸੰਜੇ ਗਿਰੀ , ਪਵਨ ਕੁਮਾਰ , ਰਾਜ ਘਈ, ਕੁਲਦੀਪ ਪਰਮਾਰ , ਕੁਲਦੀਪ ਸਿੰਘ ਕਾਲਾ, ਅਭਿਜੀਤ ਸਿੰਘ , ਰਾਮ ਪਾਲ ਗੋਰਸੀ , ਇੰਦਰਜੀਤ ਸਿੰਘ ਬੇਦੀ , ਸੁਰਿੰਦਰ ਸਿੰਘ ਭਟਨਾਗਰ , ਮਨਿੰਦਰ ਰਾਣਾ , ਬਿੱਲੂ ਰਾਣਾ , ਸੁਚਾ ਸਿੰਘ , ਆਦਿ ਹਾਜ਼ਰ ਸਨ