ਜੀ ਐਸ ਪੰਨੂ
ਪਟਿਆਲਾ, 31 ਜਨਵਰੀ 2020 - ਪੰਜਾਬੀ ਸਾਹਿਤ ਤੇ ਮਾਂ ਬੋਲੀ ਦੇ ਮਾਣ ਅਤੇ ਸ੍ਰੋਮਣੀ ਸਾਹਿਤਕਾਰ ਡਾ. ਦਲੀਪ ਕੌਰ ਟਿਵਾਣਾ ਕੁਝ ਸਮਾਂ ਬਿਮਾਰ ਰਹਿਣ ਉਪਰੰਤ ਮੋਹਾਲੀ ਦੇ ਇੱਕ ਨਿਜੀ ਹਸਪਤਾਲ ਵਿਖੇ ਅਕਾਲ ਚਲਾਣਾ ਕਰ ਗਏ ਹਨ, ਉਹ ਪਿਛਲੇ ਕੁਝ ਸਮੇਂ ਤੋਂ ਜ਼ੇਰੇ ਇਲਾਜ ਸਨ। ਪਟਿਆਲਾ ਤੋਂ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਨੇ ਡਾ. ਟਿਵਾਣਾ ਦੇ ਦੇਹਾਂਤ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸ੍ਰੀਮਤੀ ਪਰਨੀਤ ਕੌਰ ਨੇ ਦੁਖੀ ਪਰਿਵਾਰ ਤੇ ਸਾਕ ਸਬੰਧੀਆਂ ਨਾਲ ਦਿਲੀ ਹਮਦਰਦੀ ਜ਼ਾਹਰ ਕਰਦਿਆਂ ਅਕਾਲ ਪੁਰਖ ਅੱਗੇ ਵਿਛੜੀ ਰੂਹ ਦੀ ਸ਼ਾਂਤੀ ਅਤੇ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬਲ ਬਖ਼ਸ਼ਣ ਲਈ ਅਰਦਾਸ ਕੀਤੀ।
ਲੋਕ ਸਭਾ ਮੈਂਬਰ ਨੇ ਕਿਹਾ ਕਿ ਡਾ. ਟਿਵਾਣਾ ਦੇ ਅਕਾਲ ਚਲਾਣੇ ਨਾਲ ਪੰਜਾਬੀ ਸਾਹਿਤ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਅਤੇ ਪੰਜਾਬ ਇੱਕ ਮਹਾਨ ਸ਼ਖ਼ਸੀਅਤ ਤੋਂ ਵਾਂਝਾ ਹੋ ਗਿਆ ਹੈ। ਉਨ੍ਹਾਂ ਆਖਿਆ ਕਿ ਪਰਿਵਾਰ ਲਈ ਇਹ ਬਹੁਤ ਦੁਖਦਾਈ ਪਲ ਹਨ ਅਤੇ ਉਹ ਦੁੱਖ ਦੀ ਇਸ ਘੜੀ ਵਿੱਚ ਉਨ੍ਹਾਂ ਨਾਲ ਸ਼ਰੀਕ ਹੁੰਦੇ ਹਨ। ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਡਾ. ਦਲੀਪ ਕੌਰ ਟਿਵਾਣਾ ਨੇ ਪੰਜਾਬੀ ਸਾਹਿਤ ਦੀ ਵਡਮੁੱਲੀ ਸੇਵਾ ਕੀਤੀ, ਜਿਸ ਨੂੰ ਸਦਾ ਯਾਦ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਡਾ. ਟਿਵਾਣਾ ਨੇ ਆਪਣੀਆ ਰਚਨਾਵਾਂ ਵਿੱਚ ਔਰਤਾਂ ਸਮੇਤ ਸਮਾਜ ਦੇ ਹਰ ਵਰਗ ਅਤੇ ਖਾਸ ਕਰਕੇ ਦੱਬੇ ਕੁਚਲੇ ਵਰਗਾਂ ਦੀ ਬਿਹਤਰੀ ਲਈ ਆਵਾਜ ਬੁਲੰਦ ਕੀਤੀ ਅਤੇ ਪੰਜਾਬੀ ਸਾਹਿਤ ਲਈ ਆਪਣਾ ਅਨੂਠਾ ਯੋਗਦਾਨ ਪਾਇਆ। ਇਸੇ ਦੌਰਾਨ ਪਟਿਆਲਾ ਦੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਵੀ ਡਾ. ਦਲੀਪ ਕੌਰ ਟਿਵਾਣਾ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਦੁਖੀ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ਹੈ।
ਜਿਕਰਯੋਗ ਹੈ ਕਿ ਡਾ. ਦਲੀਪ ਕੌਰ ਟਿਵਾਣਾ ਦਾ ਜਨਮ 4 ਮਈ 1935 ਨੂੰ ਪਿੰਡ ਉੱਚੀ ਰੱਬੋਂ ਜ਼ਿਲ੍ਹਾ ਲੁਧਿਆਣਾ ਵਿਖੇ ਮਾਤਾ ਚੰਦ ਕੌਰ ਅਤੇ ਪਿਤਾ ਸ. ਕਾਕਾ ਸਿੰਘ ਦੇ ਗ੍ਰਹਿ ਵਿਖੇ ਹੋਇਆ। ਡਾ. ਟਿਵਾਣਾ ਨੇ ਪਟਿਆਲਾ ਦੇ ਸਰਕਾਰੀ ਮਹਿੰਦਰਾ ਕਾਲਜ ਵਿਖੇ ਉਚੇਰੀ ਸਿੱਖਿਆ ਪ੍ਰਾਪਤ ਕੀਤੀ। ਉਨ੍ਹਾਂ ਦੇ ਪਤੀ ਪ੍ਰੋ. ਭੁਪਿੰਦਰ ਸਿੰਘ ਪੰਜਾਬੀ ਯੂਨੀਵਰਸਿਟੀ ਦੇ ਸਮਾਜ ਵਿਭਾਗ ਵਿਖੇ ਪ੍ਰੋਫੈਸਰ ਰਹੇ ਅਤੇ ਸਪੁੱਤਰ ਇੰਜ. ਸਿਮਰਨਜੀਤ ਸਿੰਘ, ਯੂਨੀਵਰਸਿਟੀ ਦੇ ਇੰਜੀਨੀਅਰਿੰਗ ਕਾਲਜ ਵਿਖੇ ਸੇਵਾ ਨਿਭਾ ਰਹੇ ਹਨ।
ਡਾ. ਦਲੀਪ ਕੌਰ ਟਿਵਾਣਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸਥਾਪਨਾ ਦੇ ਸਮੇਂ ਤੋਂ ਹੀ ਪੰਜਾਬੀ ਵਿਭਾਗ ਵਿਖੇ ਪ੍ਰੋਫੈਸਰ ਰਹੇ, ਉਨ੍ਹਾਂ ਨੇ ਇੱਥੇ ਹੀ ਵਿਭਾਗੀ ਮੁਖੀ ਅਤੇ ਬਾਅਦ 'ਚ ਡੀਨ ਵਜੋਂ ਲੰਮਾ ਅਰਸਾ ਸੇਵਾਵਾਂ ਨਿਭਾਈਆਂ। ਡਾ. ਟਿਵਾਣਾ ਨੇ ਪੰਜਾਬੀ ਸਾਹਿਤ ਜਗਤ ਦੀ ਝੋਲੀ ਅਣਗਿਣਤ ਰਚਨਾਵਾਂ ਪਾਈਆਂ। ਉਨ੍ਹਾਂ ਨੂੰ ਉਚ ਕੋਟੀ ਦੇ ਪੁਰਸਕਾਰ 'ਸਰਸਵਤੀ ਪੁਰਸਕਾਰ' ਸਮੇਤ ਪੰਜਾਬ ਸਰਕਾਰ ਦੇ ਸ੍ਰੋਮਣੀ ਸਾਹਿਤਕਾਰ, ਸਾਹਿਤ ਅਕੈਡਮੀ ਪੁਰਸਕਾਰ ਸਮੇਤ ਦੇਸ਼ਾਂ-ਵਿਦੇਸ਼ਾਂ ਵਿਖੇ ਅਨੇਕਾਂ ਮਾਣ ਸਨਮਾਨ ਪ੍ਰਾਪਤ ਹੋਏ ਸਨ। ਉਨ੍ਹਾਂ ਦੀਆਂ ਰਚਨਾਵਾਂ ਬਹੁਤ ਸਾਰੀਆਂ ਭਾਸ਼ਾਵਾਂ 'ਚ ਅਨੁਵਾਦ ਹੋਈਆਂ ਅਤੇ ਸਲਾਹੀਆਂ ਗਈਆਂ ਅਤੇ ਕਈ ਰਚਨਾਵਾਂ 'ਤੇ ਫ਼ਿਲਮਾਂ ਵੀ ਬਣੀਆਂ।
ਡਾ. ਦਲੀਪ ਕੌਰ ਟਿਵਾਣਾ ਨੇ ਕਥਾ ਕਹੋ ਉਰਵਸ਼ੀ, ਗੁਰੂ ਮਹਿਲਾਂ 'ਤੇ ਨਾਵਲ, ਅਗਨੀ ਪ੍ਰੀਖਿਆ, ਏਹੁ ਹਮਾਰਾ ਜੀਵਣਾ, ਤੀਲੀ ਦਾ ਨਿਸ਼ਾਨ, ਸੂਰਜ ਤੇ ਸਮੁੰਦਰ, ਦੂਸਰੀ ਸੀਤਾ, ਸਰਕੰਡਿਆਂ ਦਾ ਦੇਸ਼, ਸਭ ਦੇਸ਼ ਪਰਾਇਆ, ਧੁੱਪ ਛਾਂ ਤੇ ਰੁੱਖ, ਲੰਬੀ ਉਡਾਰੀ, ਪੀਲੇ ਪੱਤਿਆਂ ਦੀ ਦਾਸਤਾਨ, ਪੈੜਚਾਲ, ਰਿਣ ਪਿੱਤਰਾਂ ਦਾ, ਕਥਾ ਕੁਕਨੂਸ ਦੀ, ਨੰਗੇ ਪੈਰਾਂ ਦਾ ਸਫ਼ਰ ਸਮੇਤ ਅਨੇਕਾਂ ਪੁਸਤਕਾਂ, ਨਾਵਲ, ਕਹਾਣੀ ਸੰਗ੍ਰਿਹ, ਸਵੈ ਜੀਵਨੀ ਅਤੇ ਰਚਨਾਵਾਂ, ਜਿਨ੍ਹਾਂ 'ਚ 42 ਨਾਵਲ, 5 ਕਹਾਣੀ ਸੰਗ੍ਰਹਿ, 4 ਸਵੈਜੀਵਨੀਆਤਮਿਕ ਪੁਸਤਕਾਂ, ਰੇਖਾ ਚਿੱਤਰਾਂ ਦੇ ਸੰਗ੍ਰਹਿ ਸਮੇਤ ਹੋਰ ਪੰਜਾਬੀ ਸਾਹਿਤ ਜਗਤ ਦੀ ਝੋਲੀ ਪਾਈਆਂ। ਪਰਿਵਾਰਕ ਸੂਤਰਾਂ ਮੁਤਾਬਕ ਡਾ. ਦਲੀਪ ਕੌਰ ਟਿਵਾਣਾ ਦੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ 1 ਫਰਵਰੀ 2020 ਨੂੰ ਪਟਿਆਲਾ ਦੇ ਰਾਜਪੁਰਾ ਰੋਡ ਵਿਖੇ ਸਥਿਤ ਬੀਰ ਜੀ ਦੇ ਸਮਸ਼ਾਨਘਾਟ ਵਿਖੇ ਦੁਪਹਿਰ 12 ਵਜੇ ਕੀਤਾ ਜਾਵੇਗਾ।