ਹਰੀਸ਼ ਕਾਲੜਾ
ਸ੍ਰੀ ਅਨੰਦਪੁਰ ਸਾਹਿਬ, 9 ਫਰਵਰੀ 2020 - ਜ਼ਿਲ੍ਹਾ ਪ੍ਰਸਾਸ਼ਨ ਰੂਪਨਗਰ ਵਲੋਂ ਹੋਲੇ-ਮੁਹੱਲੇ ਦੇ ਸਾਰੇ ਪੁਖਤਾ ਪ੍ਰਬੰਧ ਕੀਤੇ ਜਾਣਗੇ ਇਸਦੇ ਲਈ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ ਤਾਂ ਜੋ ਦੇਸ਼ ਵਿਦੇਸ਼ ਤੋਂ ਆਉਣ ਵਾਲੀ ਲੱਖਾਂ ਸੰਗਤਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਮਿਲ ਸਕੇ। ਇਹ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰ ਪਾਲ ਸਿੰਘ ਨੇ ਅੱਜ ਇਥੇ ਪੱਤਰਕਾਰਾਂ ਨਾਲ ਵਿਸੇਸ਼ ਗੱਲਬਾਤ ਦੌਰਾਨ ਕੀਤਾ। ਉਹਨਾਂ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਦੇ ਹੋਲੇ-ਮੁਹੱਲੇ ਵਿੱਚ ਦੇਸ਼ ਵਿਦੇਸ਼ ਤੋਂ ਲੱਖਾਂ ਸਰਧਾਲੂ ਇਥੇ ਨਤਮਸਤਕ ਹੋਣ ਲਈ ਆਉਦੇ ਹਨ ਜੋ ਉਤਰੀ ਭਾਰਤ ਦੇ ਪ੍ਰਸਿੱਧ ਸ਼ਕਤੀਪੀਠ ਮਾਤਾ ਸ੍ਰੀ ਨੈਣਾਂ ਦੇਵੀ, ਦਰਗਾਹ ਬਾਬਾ ਬੁੱਢਣ ਸ਼ਾਹ ਜੀ ਕੀਰਤਪੁਰ ਸਾਹਿਬ ਅਤੇ ਆਲੇ ਦੁਆਲੇ ਦੇ ਹੋਰ ਪਵਿੱਤਰ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਕਰਦੇ ਹਨ। ਉਹਨਾਂ ਲੱਖਾਂ ਸੰਗਤਾਂ ਲਈ ਢੁਕਵੇਂ ਪ੍ਰਬੰਧ ਕਰਨ ਲਈ ਪ੍ਰਸਾਸ਼ਨ ਨੂੰ ਪੂਰੀ ਤਰ੍ਹਾਂ ਤਿਆਰ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸੜਕਾਂ ਨੂੰ ਇਸ ਤਿਉਹਾਰ ਤੋਂ ਪਹਿਲਾਂ ਮੁਰੰਮਤ ਕਰਕੇ ਮੋਟਰਏਬਲ ਕੀਤਾ ਜਾਵੇਗਾ। ਇਸ ਖੇਤਰ ਵਿੱਚ ਪੀਣ ਵਾਲੇ ਪਾਣੀ, ਸਫਾਈ ਅਤੇ ਰੋਸ਼ਨੀ ਦੇ ਪ੍ਰਬੰਧ ਕੀਤੇ ਜਾਣਗੇ।
ਰਾਣਾ ਕੇ ਪੀ ਸਿੰਘ ਨੇ ਕਿਹਾ ਕਿ ਸਿਹਤ ਵਿਭਾਗ ਦੇ ਅਧਿਕਾਰੀ 24 ਘੰਟੇ ਮੇਲੇ ਦੋਰਾਨ ਡਿਊਟੀ ਉਤੇ ਤਾਇਨਾਤ ਰਹਿਣਗੇ, ਲੰਗਰਾਂ ਵਿੱਚ ਬਰਤਨ ਧੋਣ ਲਈ ਵਰਤੇ ਜਾਣ ਵਾਲੇ ਪਾਣੀ ਨੂੰ ਦਵਾਈ ਪਾ ਕੇ ਸਵੱਛ ਕੀਤਾ ਜਾਵੇਗਾ ਅਤੇ ਪੀਣ ਵਾਲਾ ਪਾਣੀ ਵੀ ਕਲੋਰੀਨੇਸ਼ਨ ਕੀਤਾ ਜਾਵੇਗਾ। ਸਿਹਤ ਵਿਭਾਗ ਦੇ ਅਧਿਕਾਰੀ ਇਸਦੇ ਲਈ ਆਪਣੀਆਂ ਟੀਮਾਂ ਲੰਗਰਾਂ ਵਿੱਚ ਭੇਜਣਗੇ। ਉਹਨਾਂ ਕਿਹਾ ਕਿ ਵੈਟਨਰੀ ਡਾਕਟਰਾਂ ਦੀਆਂ ਟੀਮਾਂ ਵੀ ਦਿਨ ਰਾਤ ਕੰਮ ਕਰਨਗੀਆਂ। ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾਣਗੇ, ਖੇਤਰ ਦੀ ਸਾਫ ਸਫਾਈ ਉਤੇ ਵਿਸੇਸ਼ ਧਿਆਨ ਦਿੱਤਾ ਜਾਵੇਗਾ। ਉਹਨਾਂ ਕਿਹਾ ਨਿਰਵਿਘਨ ਆਵਾਜਾਈ ਦੀ ਸਹੂਲਤ ਦਿੱਤੀ ਜਾਵੇਗੀ। ਮੁਫਤ ਸ਼ਟਲ ਬੱਸ ਸਰਵਿਸ ਚਲਾਈ ਜਾਵੇਗੀ ਅਤੇ ਟਰੈਫਿਕ ਨੂੰ ਨਿਰਵਿਘਨ ਚਾਲੂ ਰੱਖਣ ਲਈ ਬਦਲਵੇ ਰੂਟ ਬਣਾਏ ਜਾਣਗੇ। ਉਹਨਾ ਕਿਹਾ ਕਿ ਇਸ ਵਾਰ ਹੋਲੇ ਮੁਹੱਲੇ ਦੌਰਾਨ ਸੰਗਤਾਂ ਨੂੰ ਹਰ ਤਰ੍ਹਾਂ ਦੀ ਲੋੜੀਦੀ ਸਹੂਲਤ ਦੇਣ ਦਾ ਉਪਰਾਲਾ ਕੀਤਾ ਜਾਵੇਗਾ।