ਹਰਦਮ ਮਾਨ
ਸਰੀ, 12 ਫਰਵਰੀ 2020 - ਅਰਪਨ ਲਿਖਾਰੀ ਸਭਾ ਕੈਲਗਰੀ ਦਾ ਮਾਸਿਕ ਸਮਾਗਮ ਸਤਪਾਲ ਕੌਰ ਬੱਲ ਦੀ ਪ੍ਰਧਾਨਗੀ ਹੇਠ ਹੋਇਆ। ਕੇਸਰ ਸਿੰਘ ਨੀਰ ਨੇ ਸਟੇਜ ਦੀ ਜ਼ਿੰਮੇਵਾਰੀ ਨਿਭਾਉਦਿਆਂ, ਆਏ ਹੋਏ ਸਾਹਿਤਕਾਰਾਂ ਅਤੇ ਸਹਿਤ ਪ੍ਰੇਮੀਆਂ ਨੂੰ ਜੀ ਆਇਆਂ ਆਖਿਆ। ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਨਾਮਵਰ ਸਾਹਿਤਕਾਰ ਜਸਵੰਤ ਸਿੰਘ ਕੰਵਲ, ਡਾ. ਦਲੀਪ ਕੌਰ ਟਿਵਾਣਾ, ਸੁਰਜੀਤ ਸਿੰਘ ਹਾਂਸ, ਪ੍ਰਿੰ. ਪ੍ਰੇਮ ਸਿੰਘ ਬਜਾਜ, ਇੰਦਰ ਸਿੰਘ ਖ਼ਾਮੋਸ਼, ਪ੍ਰੋ. ਪਰਮਜੀਤ ਸਿੰਘ ਬਾਸੀ ਅਤੇ ਸੁਰਜੀਤ ਸਿੰਘ ਢਿੱਲੋਂ ਨੂੰ ਸਭਾ ਵੱਲੋਂ ਇੱਕ ਮਿੰਟ ਦਾ ਮੋਨ ਧਾਰ ਕੇ ਸ਼ਰਧਾਜਲੀ ਦਿੱਤੀ ਗਈ।
ਪ੍ਰੋਗਰਾਮ ਦਾ ਆਗਾਜ਼ ਕਰਦਿਆਂ ਗੁਰਦੀਸ਼ ਕੌਰ ਗਰੇਵਾਲ ਨੇ ਡਾ. ਦਲੀਪ ਕੌਰ ਟਿਵਾਣਾ ਨਾਲ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ। ਕਾਹਾਣੀਕਾਰਾ ਸਤਪਾਲ ਕੌਰ ਬੱਲ ਅਤੇ ਜਗਦੇਵ ਸਿੰਘ ਸਿੱਧੂ ਨੇ ਡਾ. ਦਲੀਪ ਕੌਰ ਟਿਵਾਣਾ ਅਤੇ ਜਸਵੰਤ ਸਿੰਘ ਕੰਵਲ ਦੀਆਂ ਲਿਖਤਾਂ ਬਾਰੇ ਵਿਸਥਾਰ ਸਹਿਤ ਚਾਨਣਾ ਪਾਇਆ। ਬਹਾਦਰ ਡਾਲਵੀ ਨੇ ਜਸਵੰਤ ਸਿੰਘ ਕੰਵਲ ਨਾਲ ਆਪਣੀਆਂ ਯਾਦਾਂ ਦੇ ਪੱਤਰੇ ਫੋਲਦਿਆਂ, ਇੱਕ ਕਵਿਤਾ ਸੁਣਾਈ। ਸਤਨਾਮ ਢਾਅ ਨੇ ਆਖਿਆ ਕਿ ਮਹਾਨ ਸਾਹਿਤਕਾਰਾਂ ਦੇ ਵਿਛੋੜੇ ਕਾਰਨ ਪੰਜਾਬੀ ਸਾਹਿਤ ਨੂੰ ਨਾ ਪੂਰਿਆ ਜਾਣ ਵਾਲ ਘਾਟਾ ਪਿਆ ਹੈ। ਸੰਗੀਤ ਦੇ ਮਾਹਿਰ ਡਾ. ਜੋਗਾ ਸਿੰਘ ਸਹੋਤਾ ਨੇ ਨੌਰਥ ਅਮਰੀਕਾ ਵਿੱਚ ਵੱਧ ਰਹੀ ਡਮਿੰਸ਼ੀਆ ਦੀ ਬਿਮਾਰੀ ਦੇ ਕਾਰਨਾਂ ਬਾਰੇ ਸਰੋਤਿਆਂ ਨੂੰ ਜਾਣਕਾਰੀ ਦਿੱਤੀ। ਕਹਾਣੀਕਾਰਾ ਗੁਰਚਰਨ ਕੌਰ ਥਿੰਦ ਨੇ ਕਹਾਣੀ ‘ਚੁੱਲ੍ਹਾ ਮਘਦਾ ਰਿਹਾ’ ਸੁਣਾਈ। ਸਰਬਜੀਤ ਉੱਪਲ ਨੇ ਆਪਣੀ ਇੱਕ ਕਵਿਤਾ ਪੇਸ਼ ਕੀਤੀ।
ਹਾਸਿਆਂ ਦੇ ਫ਼ੁਹਾਰੇ ਲੈ ਕੇ ਹਾਜ਼ਰ ਹੋਏ, ਤਰਲੋਕ ਸਿੰਘ ਚੁੱਘ ਨੇ ਮੀਟਿੰਗ ਨੂੰ ਖੁਸ਼ਗਵਾਰ ਬਣਾ ਦਿੱਤਾ। ਪੈਰੀ ਮਾਹਲ ਨੇ ਪੰਜਾਬ ਫੇਰੀ ਦੇ ਆਪਣੇ ਅਨੁਭਵ ਸਾਂਝੇ ਕੀਤੇ ਅਤੇ ਪੰਜਾਬ ਦੀ ਆਰਥਿਕ, ਸਮਾਜਿਕ ਅਤੇ ਰਾਜਨੀਤਿਕ ਹਾਲਾਤ ਬਾਰੇ ਬਹੁਤ ਡੂੰਘੀ ਚਿੰਤਾ ਦਾ ਇਜ਼ਹਾਰ ਕੀਤਾ। ਜਸਵੀਰ ਸਿੰਘ ਸਿਹੋਤਾ ਨੇ ਆਪਣੇ ਕੁਝ ਸ਼ੇਅਰਾਂ ਨਾਲ ਹਾਜ਼ਰੀ ਲਗਵਾਈ। ਕੇਸਰ ਸਿੰਘ ਨੀਰ ਨੇ ਆਪਣੀ ਇੱਕ ਗ਼ਜ਼ਲ ਦੀ ਵਿਲਖਣ ਪੇਸ਼ਕਾਰੀ ਕਰਕੇ ਸਰੋਤਿਆਂ ਨੂੰ ਨਿਹਾਲ ਕੀਤਾ। ਸੁਰੀਲੀ ਅਤੇ ਬੁਲੰਦ ਆਵਾਜ਼ ਦੇ ਮਾਲਕ ਸੁਖਵਿੰਦਰ ਤੂਰ ਨੇ ਪਾਲ ਢਿੱਲੋਂ ਦੀ ਗ਼ਜ਼ਲ ਤਰੰਨਮ ਵਿੱਚ ਸੁਣਾ ਕੇ ਸਰੋਤਿਆਂ ਦੇ ਮਨ ਮੋਹ ਲਏ। ਇਨ੍ਹਾਂ ਤੋਂ ਇਲਾਵਾ ਇਕਬਾਲ ਖ਼ਾਨ, ਗੁਰਦੇਵ ਸਿੰਘ ਬੱਲ, ਪ੍ਰਿਤਪਾਲ ਮੱਲੀ, ਸੁਖਦੇਵ ਕੌਰ ਢਾਅ ਅਤੇ ਪਰਦੀਪ ਸਿੰਘ ਕੰਗ ਨੇ ਇਸ ਸਾਹਿਤਕ ਵਿਚਾਰ ਚਰਚਾ ਵਿੱਚ ਹਿੱਸਾ ਲਿਆ। ਅੰਤ ਵਿਚ ਸਤਪਾਲ ਕੌਰ ਬੱਲ ਨੇ ਸਾਰੇ ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਦਾ ਧੰਨਵਾਦ ਕੀਤਾ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com