ਹਰਦਮ ਮਾਨ
ਸਰੀ, 12 ਫਰਵਰੀ 2020 - ਰਿਚਮੰਡ ਵਿਖੇ ਇੰਡੀਆ ਕਲਚਰਲ ਸੈਂਟਰ ਆਫ ਕੈਨੇਡਾ ਦੇ ਗੁਰਦਵਾਰਾ ਨਾਨਕ ਨਿਵਾਸ, (8600 ਨੰਬਰ 5 ਰੋਡ) ਵਿਖੇ ਬੀਤੇ ਦਿਨ ਦੁਸਾਂਝ ਪਰਿਵਾਰ ਵੱਲੋਂ ਮਾਤਾ ਪਰੇਮ ਕੌਰ ਦੁਸਾਂਝ ਦਾ 80ਵਾਂ ਜਨਮ ਦਿਨ ਬਹੁਤ ਹੀ ਸ਼ਰਧਾ ਅਤੇ ਪਿਆਰ ਨਾਲ ਮਨਾਇਆ ਗਿਆ। ਮਾਤਾ ਪਰੇਮ ਕੌਰ ਦੁਸਾਂਝ ਬਹੁਤ ਹੀ ਨਿੱਘੇ ਅਤੇ ਮਿਲਾਪੜੇ ਸੁਭਾਅ ਵਾਲੇ ਅਤੇ ਗੁਰੂ ਘਰ ਦੇ ਪ੍ਰੇਮੀ ਇਨਸਾਨ ਹਨ। ਉਹਨਾਂ ਦਾ ਜਨਮ ਦਿਨ ਮਨਾਉਣ ਲਈ ਉਹਨਾਂ ਦੇ ਆਪਣੇ ਵੱਡੇ ਪਰਿਵਾਰ ਤੋਂ ਇਲਾਵਾ ਵੈਨਕੂਵਰ ਆਈਲੈਂਡ, ਮੈਟਰੋ ਵੈਨਕੂਵਰ, ਟਰਾਂਟੋ ਅਤੇ ਕੈਲੇਫੋਰਨੀਆਂ ਤੋਂ ਵੀ ਵੱਡੀ ਗਿਣਤੀ ਵਿਚ ਰਿਸ਼ਤੇਦਾਰ ਅਤੇ ਦੋਸਤ ਮਿੱਤਰ ਪਹੁੰਚੇ। ਸਭ ਨੇ ਮਾਤਾ ਪਰੇਮ ਕੌਰ ਦੁਸਾਂਝ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ।
ਇਸ ਮੌਕੇ ਭਾਈ ਮਨਮੀਤ ਸਿੰਘ ਪਟਿਆਲੇ ਵਾਲੇ ਦੇ ਜਥੇ ਨੇ ਆਪਣੇ ਮਧੁਰ ਕੀਰਤਨ ਅਤੇ ਗਿਆਨੀ ਅਮਰੀਕ ਸਿੰਘ ਨੇ ਗੁਰਬਾਣੀ ਵਿਚਾਰ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਬਲਵੰਤ ਸਿੰਘ ਸੰਘੇੜਾ ਨੇ ਪ੍ਰਬੰਧਕ ਕਮੇਟੀ ਅਤੇ ਦੁਸਾਂਝ ਪਰਿਵਾਰ ਵੱਲੋਂ ਸਭਨਾਂ ਦਾ ਸਵਾਗਤ ਅਤੇ ਧੰਨਵਾਦ ਕੀਤਾ। ਪ੍ਰਧਾਨ ਬਲਬੀਰ ਸਿੰਘ ਜਵੰਦਾ ਦੇ ਨਾਲ ਬੀਬੀ ਪਰੇਮ ਕੌਰ ਦੁਸਾਂਝ ਅਤੇ ਉਹਨਾਂ ਦੇ ਪਰਿਵਾਰ ਨੂੰ ਜਨਮ ਦਿਨ ਦੀ ਹਾਰਦਿਕ ਵਧਾਈ ਦਿੱਤੀ। ਆਈਆਂ ਸੰਗਤਾਂ ਨੇ ਮਾਤਾ ਜੀ ਨੂੰ ਸ਼ੁਭ ਇਛਾਵਾਂ ਭੇਂਟ ਕੀਤੀਆਂ ਅਤੇ ਉਹਨਾਂ ਦੀ ਤੰਦਰੁਸਤੀ, ਲੰਮੀ ਉਮਰ ਅਤੇ ਚੜ੍ਹਦੀ ਕਲਾ ਲਈ ਅਰਦਾਸ ਕੀਤੀ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com