ਹਰਦਮ ਮਾਨ
ਸਰੀ, 12 ਫਰਵਰੀ 2020 - ਪੰਜਾਬੀ ਦੇ ਬਾਬਾ-ਏ-ਗ਼ਜ਼ਲ ਅਤੇ ਉਸਤਾਦ ਸ਼ਾਇਰ ਮਰਹੂਮ ਦੀਪਕ ਜੈਤੋਈ ਪੰਜਾਬੀ ਸ਼ਾਇਰੀ ਅਤੇ ਪੰਜਾਬੀ ਜ਼ੁਬਾਨ ਦੀ ਇਕ ਮਾਣਯੋਗ ਸੰਸਥਾ ਸਨ। ਆਪਣੇ ਜੀਵਨ ਦੇ ਛੇ ਦਹਾਕੇ ਉਨ੍ਹਾਂ ਮਾਂ ਬੋਲੀ ਪੰਜਾਬੀ ਦਾ ਕਾਵਿਕ ਚਿਹਰਾ ਮੋਹਰਾ ਸੰਵਾਰਨ ਹਿਤ ਸਮਰਪਿਤ ਕੀਤੇ। ਜ਼ਿਲਾ ਫਰੀਦਕੋਟ ਦੇ ਇਤਿਹਾਸਕ ਕਸਬੇ ਜੈਤੋ ਵਿਚ ਇਕ ਸਾਧਾਰਨ ਪਰਿਵਾਰ ਵਿਚ ਉਨ੍ਹਾਂ ਦਾ ਜਨਮ ਪਿਤਾ ਇੰਦਰ ਸਿੰਘ ਦੇ ਘਰ ਮਾਤਾ ਵੀਰ ਕੌਰ ਦੀ ਕੁੱਖੋਂ 26 ਅਪ੍ਰੈਲ 1919 ਨੂੰ ਹੋਇਆ। ਮਾਪਿਆਂ ਨੇ ਉਨ੍ਹਾਂ ਦਾ ਗੁਰਚਰਨ ਸਿੰਘ ਰੱਖਿਆ। ਬੜੀ ਛੋਟੀ ਉਮਰ ਵਿਚ ਹੀ ਉਨ੍ਹਾਂ ਦੇ ਅੰਦਰ ਕਾਵਿਕ ਕਿਰਨ ਫੁੱਟੀ ਅਤੇ ਉਨ੍ਹਾਂ ਤੀਜੀ ਜਮਾਤ ਵਿਚ ਪੜ੍ਹਦਿਆਂ ਆਪਣੇ ਇਕ ਦੋਸਤ ਨੂੰ ਚਿੱਠੀ ਲਿਖੀ ਜੋ ਕਵਿਤਾ ਦੇ ਰੂਪ ਵਿਚ ਸੀ। ਇਹ ਚਿੱਠੀ ਹੀ ਉਨ੍ਹਾਂ ਦੀ ਸ਼ਾਇਰੀ ਦਾ ਆਗ਼ਾਜ਼ ਸੀ। ਬਾਅਦ ਵਿਚ ਉਨ੍ਹਾਂ ਮੁਜਰਮ ਦਸੂਹੀ ਨੂੰ ਆਪਣਾ ਉਸਤਾਦ ਧਾਰ ਕੇ ਉਨ੍ਹਾਂ ਪਾਸੋਂ ਗ਼ਜ਼ਲ ਸਿਨਫ਼ ਦੀਆਂ ਬਾਰੀਕੀਆਂ ਦਾ ਗਿਆਨ ਹਾਸਲ ਕੀਤਾ। ਪੰਜਾਬੀ ਕਾਵਿ-ਜਗਤ ਵਿਚ ਉਹ ‘ਦੀਪਕ ਜੈਤੋਈ‘ ਦੇ ਨਾਂ ਨਾਲ ਚਰਚਿਤ ਹੋਏ।
ਜਨਾਬ ਦੀਪਕ ਜੈਤੋਈ ਨੇ ਜਦੋਂ ਗ਼ਜ਼ਲ ਖੇਤਰ ਵਿਚ ਪੈਰ ਧਰਿਆ ਤਾਂ ਉਸ ਸਮੇਂ ਉਰਦੂ ਵਿਦਵਾਨ ਪੰਜਾਬੀ ਨੂੰ ‘ਗੰਵਾਰਾਂ ਦੀ ਭਾਸ਼ਾ’ ਦਸਦੇ ਸਨ ਅਤੇ ਆਖਦੇ ਸਨ ਕਿ ਪੰਜਾਬੀ ਵਿਚ ਗ਼ਜ਼ਲ ਲਿਖੀ ਹੀ ਨਹੀਂ ਜਾ ਸਕਦੀ। ਉਰਦੂ ਵਿਦਵਾਨਾਂ ਤੋਂ ਇਲਾਵਾ ਪੰਜਾਬੀ ਵਿਦਵਾਨਾਂ ਦਾ ਵੀ ਵਿਚਾਰ ਸੀ ਕਿ ਗ਼ਜ਼ਲ ਉਰਦੂ ਭਾਸ਼ਾ ਦੀ ਸਿਨਫ਼ ਹੈ, ਅਰਬੀ ਚੋਂ ਆਈ ਹੈ ਅਤੇ ਇਹ ਪੰਜਾਬੀ ਭਾਸ਼ਾ ਨਾਲ ਮੇਲ ਨਹੀਂ ਖਾ ਸਕਦੀ। ਅਜਿਹੇ ਮਾਹੌਲ ਵਿਚ ਜੈਤੋਈ ਸਾਹਿਬ ਨੇ ਪੰਜਾਬੀ ਗ਼ਜ਼ਲ ਰਚਨਾ ਦੇ ਕਾਰਜ ਨੂੰ ਇਕ ਚੁਣੌਤੀ ਵਜੋਂ ਕਬੂਲ ਕੀਤਾ। ਨਿਰਸੰਦੇਹ ਉਨ੍ਹਾਂ ਦੀ ਲਗਨ, ਮਿਹਨਤ, ਦ੍ਰਿੜਤਾ ਅਤੇ ਅਥਾਹ ਘਾਲਣਾ ਸਦਕਾ ਹੀ ਪੰਜਾਬੀ ਗ਼ਜ਼ਲ ਸਟੇਜਾਂ ਦੀ ਰਾਣੀ ਅਤੇ ਕਵੀ ਦਰਬਾਰਾਂ ਦਾ ਸ਼ਿੰਗਾਰ ਬਣੀ। ਉਨ੍ਹਾਂ ਦੇ ਸਮਕਾਲੀ ਉਸਤਾਦ ਸ਼ਾਇਰ ਡਾ. ਸਾਧੂ ਸਿੰਘ ਹਮਦਰਦ, ਪ੍ਰਿੰਸੀਪਲ ਤਖਤ ਸਿੰਘ ਅਤੇ ਠਾਕੁਰ ਭਾਰਤੀ ਨਾਲੋਂ ਉਨ੍ਹਾਂ ਦੀ ਵਿਲੱਖਣਤਾ ਇਹ ਸੀ ਕਿ ਉਨ੍ਹਾਂ ਗ਼ਜ਼ਲ ਦੇ ਪਾਸਾਰ ਲਈ ਬਕਾਇਦਾ ਤੌਰ ਤੇ ‘ਦੀਪਕ ਗ਼ਜ਼ਲ ਸਕੂਲ‘ ਦੀ ਸਥਾਪਨਾ ਕੀਤੀ ਅਤੇ ਇਸ ਸੰਸਥਾ ਰਾਹੀਂ ਉਹ ਹਰ ਰੋਜ਼ ਕਈ ਕਈ ਘੰਟੇ ਸਿਖਾਂਦਰੂ ਅਤੇ ਪੁੰਗਰਦੇ ਸ਼ਾਇਰਾਂ ਨੂੰ ਗ਼ਜ਼ਲ ਦੀ ਸੂਖਮਤਾ, ਰੂਪਕ ਪੱਖ, ਜ਼ੁਬਾਨ ਦੀ ਸੁਹਜਤਾ, ਕਵਿਤਾ ਵਿਚਲੀ ਸੰਗੀਤਾਮਿਕਤਾ ਅਤੇ ਭਾਸ਼ਾ ਦਾ ਗਿਆਨ ਵੰਡਣ ਲਈ ਲਾਉਂਦੇ ਰਹੇ। ਉਨ੍ਹਾਂ ਹਮੇਸ਼ਾ ਇਹ ਤੱਥ ਉਪਰ ਪਹਿਰਾ ਦਿੱਤਾ ਕਿ ਸੰਗੀਤਾਮਿਕਤਾ ਤੋਂ ਵਿਹੂਣੀ ਕੋਈ ਵੀ ਸਾਹਿਤਕ ਰਚਨਾ ਕਵਿਤਾ ਜਾਂ ਗ਼ਜ਼ਲ ਨਹੀਂ ਹੋ ਸਕਦੀ।
ਉਸਤਾਦ ਦੀਪਕ ਜੈਤੋਈ ਬਹੁਤ ਹੀ ਉਚਕੋਟੀ ਦੇ ਗੀਤਕਾਰ ਵੀ ਸਨ ਅਤੇ ਉਨ੍ਹਾਂ ਨੇ ਅਨੇਕਾਂ ਗੀਤ ਲਿਖੇ। ਪ੍ਰਸਿੱਧ ਗਾਇਕਾ ਨਰਿੰਦਰ ਬੀਬਾ ਦੀ ਸੁਰੀਲੀ ਆਵਾਜ਼ ਵਿਚ ਰਿਕਾਰਡ ਹੋਏ ਉਨ੍ਹਾਂ ਦੁਆਰਾ ਰਚਿਤ ਗੀਤ ‘ਆਹ ਲੈ ਮਾਏ ਸਾਂਭ ਕੁੰਜੀਆਂ ਧੀਆਂ ਕਰ ਚੱਲੀਆਂ ਸਰਦਾਰੀ‘, ‘ ਗੱਲ ਸੋਚ ਕੇ ਕਰੀਂ ਤੂੰ ਜ਼ੈਲਦਾਰਾ ਵੇ ਅਸਾਂ ਨੀਂ ਕਨੌੜ ਝੱਲਣੀ‘, ‘ਜੁੱਤੀ ਲਗਦੀ ਹਾਣੀਆਂ ਮੇਰੇ ਵੇ ਪੁੱਟ ਨਾ ਪੁਲਾਂਘਾਂ ਲੰਮੀਆਂ‘ ਲੋਕਾਂ ਦੀ ਜ਼ੁਬਾਨ ਤੇ ਅਜਿਹੇ ਚੜ੍ਹੇ ਕਿ ਲੋਕ ਗੀਤਾਂ ਦਾ ਦਰਜਾ ਹਾਸਲ ਕਰ ਗਏ। ਪ੍ਰਸਿੱਧ ਕੰਪਨੀ ਐਚ.ਐਮ.ਵੀ. ਵਿਚ ਰਿਕਾਰਡ ਹੋਏ ਉਨ੍ਹਾਂ ਦੇ ਧਾਰਮਿਕ ਗੀਤਾਂ ‘ਸਾਕਾ ਚਾਂਦਨੀ ਚੌਕ‘ ਅਤੇ ‘ਗੁਰੂ ਨਾਨਕ ਦੇਵ ਦੀਆਂ ਸਾਖੀਆਂ‘(ਦੋਵੇਂ ਐਲ.ਪੀ.) ਨੇ ਉਸ ਸਮੇਂ ਵਿਕਰੀ ਪੱਖੋਂ ਵੀ ਰਿਕਾਰਡ ਕਾਇਮ ਕੀਤਾ। ਬਤੌਰ ਗੀਤਕਾਰ ਦੀਪਕ ਜੈਤੋਈ ਹੁਰਾਂ ਦਾ ਮਨ ਉਦੋਂ ਉਚਾਟ ਹੋ ਗਿਆ ਜਦੋਂ ਬਹੁਤੇ ਗੀਤਕਾਰਾਂ ਤੇ ਗਾਇਕਾਂ ਨੇ ਗੀਤਕਾਰੀ ਅਤੇ ਗਾਇਕੀ ਨੂੰ ਪੈਸੇ ਕਮਾਉਣ ਦੇ ਧੰਦੇ ਤੱਕ ਸੀਮਤ ਕਰ ਲਿਆ।
ਪੰਜਾਬੀ ਗ਼ਜ਼ਲ ਨੂੰ ਮਕਬੂਲੀਅਤ ਦਾ ਰੁਤਬਾ ਹਾਸਲ ਕਰਵਾਉਣ ਵਾਲੇ ਉਸਤਾਦ ਸ਼ਾਇਰ ਦੀਪਕ ਜੈਤੋਈ ਦੀਆਂ ਇਕ ਦਰਜਨ ਤੋਂ ਵੱਧ ਪੁਸਤਕਾਂ ਪ੍ਰਕਾਸ਼ਿਤ ਹੋਈਆਂ। ਜਿਨ੍ਹਾਂ ਵਿਚੋਂ ‘ਮਾਲਾ ਕਿਉਂ ਤਲਵਾਰ ਬਣੀ‘ (ਮਹਾਂਕਾਵਿ), ਗ਼ਜ਼ਲ ਦੀ ਖੁਸ਼ਬੂ, ਗ਼ਜ਼ਲ ਦੀ ਅਦਾ, ਦੀਪਕ ਦੀ ਲੋਅ, ਮੇਰੀਆਂ ਚੋਣੀਆਂ ਗ਼ਜ਼ਲਾਂ, ਗ਼ਜ਼ਲ ਦਾ ਬਾਂਕਪਨ, ਆਹ ਲੈ ਮਾਏ ਸਾਂਭ ਕੁੰਜੀਆਂ, ਗ਼ਜ਼ਲ ਕੀ ਹੈ, ਮਾਡਰਨ ਗ਼ਜ਼ਲ ਸੰਗ੍ਰਹਿ, ਭਰਥਰੀ ਹਰੀ (ਕਾਵਿ ਨਾਟ), ਭੁਲੇਖਾ ਪੈ ਗਿਆ (ਕਹਾਣੀ ਸੰਗ੍ਰਹਿ), ਸਮਾਂ ਜ਼ਰੂਰ ਆਵੇਗਾ (ਨਾਟਕ ਸੰਗ੍ਰਹਿ), ਸਿਕੰਦ ਗੁਪਤ (ਸੰਸਕਿਤ ਤੋਂ ਅਨੁਵਾਦਿਤ) ਆਦਿ ਰਚਨਾਵਾਂ ਕਾਬਲਿ-ਜ਼ਿਕਰ ਹਨ। ਪੰਜਾਬੀ ਵਿਚ ਪਹਿਲਾ ਦੀਵਾਨ ‘ਦੀਵਾਨੇ-ਦੀਪਕ‘ ਲਿਖਣ ਦਾ ਫ਼ਖਰ ਵੀ ਉਨ੍ਹਾਂ ਦੇ ਹਿੱਸੇ ਹੀ ਆਇਆ ਹੈ। ਸਰਕਾਰੀ ਦਰਬਾਰੋਂ ਭਾਵੇਂ ਉਨ੍ਹਾਂ ਨੂੰ ਉਹ ਮਾਨ ਸਨਮਾਨ ਨਹੀਂ ਮਿਲਿਆ ਜਿਸ ਦੇ ਉਹ ਹੱਕਦਾਰ ਸਨ ਪਰ ਪੰਜਾਬ ਅਤੇ ਹਰਿਆਣਾ ਦੀ ਹਰ ਇਕ ਵੱਡੀ ਸਾਹਿਤਕ ਸੰਸਥਾ ਨੇ ਗ਼ਜ਼ਲ ਦੇ ਇਸ ਬਾਬਾ ਬੋਹੜ ਨੂੰ ਬਣਦਾ ਮਾਣ ਸਨਮਾਨ ਦਿੰਦਿਆਂ ਉਨ੍ਹਾਂ ਨੂੰ ਸ਼ਰੋਮਣੀ ਪੰਜਾਬੀ ਕਵੀ ਸਨਮਾਨ, ਡਾ. ਸਾਧੂ ਸਿੰਘ ਹਮਦਰਦ ਐਵਾਰਡ, ਕਰਤਾਰ ਸਿੰਘ ਧਾਲੀਵਾਲ ਐਵਾਰਡ, ਬਾਬਾ-ਏ- ਗ਼ਜ਼ਲ ਐਵਾਰਡ, ਮੀਰ ਤਕੀ ਮੀਰ ਐਵਾਰਡ ਅਤੇ ਹੋਰ ਅਨੇਕਾਂ ਸਾਹਿਤਕ ਐਵਾਰਡਾਂ ਨਾਲ ਨਿਵਾਜਿਆ।
ਇਸ ਮਹਾਨ ਸ਼ਾਇਰ ਨੇ ਆਪਣੀ ਸਾਰੀ ਜ਼ਿੰਦਗੀ ਫੱਕਰਾਂ ਵਾਂਗ ਬਿਤਾਈ। ਤੰਗੀਆਂ ਤੁਰਸ਼ੀਆਂ ਉਨ੍ਹਾਂ ਦੀ ਜ਼ਿੰਦਗੀ ਦੇ ਹਰ ਪਲ ਅੰਗ ਸੰਗ ਰਹੀਆਂ, ਕਈ ਵਾਰ ਫਾਕੇ ਕੱਟਣ ਤੱਕ ਵੀ ਨੌਬਤ ਆਈ ਪਰ ਅਜਿਹੇ ਹਾਲਾਤ ਵਿਚ ਵੀ ਉਨ੍ਹਾਂ ਆਪਣੀ ਅਣਖ, ਗ਼ੈਰਤ ਅਤੇ ਸਵੈਮਾਣ ਨੂੰ ਠੇਸ ਨਹੀਂ ਲੱਗਣ ਦਿੱਤੀ। 12 ਫਰਵਰੀ 2005 ਨੂੰ ਪੰਜਾਬੀ ਗ਼ਜ਼ਲ ਦੇ ਇਸ ਸੂਰਜ ਦੇ ਹਮੇਸ਼ਾ ਲਈ ਅਸਤ ਹੋਣ ਨਾਲ ਪੰਜਾਬੀ ਸ਼ਾਇਰੀ ਦੇ ਇਕ ਸੁਨਹਿਰੇ ਅਧਿਆਇ ਦਾ ਅੰਤ ਹੋ ਗਿਆ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com