ਵਾਸ਼ਿੰਗਟਨ, 13 ਫਰਵਰੀ 2020 - ਅਮਰੀਕੀ ਏਅਰ ਫੋਰਸ ਦੁਆਰਾ ਧਾਰਮਿਕ ਅਜ਼ਾਦੀ ਨੂੰ ਲੈ ਕੇ ਨਵੇਂ ਮਾਪਦੰਡ ਤੈਅ ਕੀਤੇ ਗਏ ਹਨ। ਜਿਸ ਨਾਲ ਹੁਣ ਸਿੱਖਾਂ ਨੂੰ ਆਪਣੀ ਡਿਊਟੀ ਦੌਰਾਨ ਦਾੜ੍ਹੀ ਰੱਖਣ ਦੀ ਇਜਾਜ਼ਤ ਮਿਲੀ ਹੈ। ਉਕਤ ਪਾਲਿਸੀ ਅਨੁਸਾਰ ਏਅਰਮੈੱਨ ਨੂੰ ਦਾੜ੍ਹੀ ਰੱਖਣ ਲਈ ਧਾਰਮਿਕ ਜਾਂ ਡਾਕਟਰੀ ਛੋਟਾਂ ਹੋਣੀਆਂ ਚਾਹੀਦੀਆਂ ਹਨ।
ਅਮਰੀਕੀ ਮੀਡੀਆ ਅਨੁਸਾਰ ਇੱਕ ਮੁਸਲਮਾਨ ਏਅਰਮੈਨ ਨੂੰ ਸਭ ਤੋਂ ਪਹਿਲਾਂ 2018 ਵਿੱਚ ਦਾੜ੍ਹੀ ਰੱਖਣ ਦੀ ਇਜਾਜ਼ਤ ਦਿੱਤੀ ਗਈ ਸੀ। ਮੀਡੀਆ ਰਿਪੋਰਟਾਂ ਮੁਤਾਬਕ ਅਗਲੇ ਹੀ ਸਾਲ ਇੱਕ ਸਿੱਖ ਨੂੰ ਵੀ ਦਾੜ੍ਹੀ ਰੱਖਣ ਦੀ ਇਜਾਜ਼ਤ ਦੇ ਦਿੱਤੀ ਗਈ।
ਨਵੀਂ ਨੀਤੀ ਅਨੁਸਾਰ ਇਸ ਗੱਲ 'ਤੇ ਕੋਈ ਪਾਬੰਦੀ ਨਹੀਂ ਹੈ ਕਿ ਧਾਰਮਿਕ ਤੌਰ 'ਤੇ ਕੋਈ ਆਪਣੀ ਦਾੜ੍ਹੀ ਕਿੰਨੀ ਵਧਾਉਂਦਾ ਹੈ, ਪਰ ਇਹ ਜਰੂਰ ਪਾਬੰਦ ਕਰਦੀ ਹੈ ਕਿ ਦਾੜ੍ਹੀ ਖੁੱਲ੍ਹੀ ਹੋਣ ਦੀ ਥਾਂ 'ਤੇ ਬੰਨ੍ਹੀ ਹੋਈ ਹੋਵੇ ਅਤੇ ਠੋਡੀ ਤੋਂ 2 ਇੰਚ ਤੋਂ ਵੱਧ ਲੰਬੀ ਨਾਲ ਵਧੇ। ਉਥੇ ਹੀ ਮੁੱਛਾਂ ਬਾਰੇ ਵੀ ਨਵੀਂ ਨੀਤੀ ਹੈ ਜਿਸ ਅਨੁਸਾਰ ਉੱਪਰਲੇ ਬੁੱਲ੍ਹ ਤੋਂ ਮੁੱਛ ਬਾਹਰ ਨਾ ਨਿੱਕਲੇ।
ਨਵੀਂ ਗਾਈਡਲਾਈਨ ਵਿਚ ਲਿਖਿਆ ਗਿਆ ਹੈ ਕਿ ਪੱਗਾਂ, ਅਤੇ ਹਿਜਾਬ ਮਿਲਟਰੀ ਦੀ ਵਰਦੀ ਦੇ ਹਿਸਾਬ ਨਾਲ ਮੇਲ ਖਾਂਦੇ ਹੋਣ ਨਾ ਕਿ ਰੰਗ ਬਿਰੰਗੇ। ਵਰਦੀ ਦੇ ਨਾਲ ਮੇਲ ਖਾਂਦੇ ਪੈਟਰਨ ਤੋਂ ਇਲਾਵਾ ਹੋਰ ਕੋਈ ਵੀ ਡਿਜਾਈਨ ਵਰਜਿਤ ਹਨ। ਇਹ ਵੀ ਕਿਹਾ ਗਿਆ ਹੈ ਕਿ ਪੱਗਾਂ ਅਤੇ ਹਿਜ਼ਾਬ ਫਾਇਰ ਰਜ਼ਿਸਟੈਂਸ ਮਟੀਰੀਅਲ ਨਾਲ ਬਣੇ ਹੋਣੇ ਜਰੂਰੀ ਹਨ। ਹਮਲੇ ਦੀ ਸਥਿਤੀ ਵਿੱਚ ਗੈਸ ਮਾਸਕ ਫਿੱਟ ਨੂੰ ਯਕੀਨੀ ਬਣਾਉਣ ਲਈ ਤੁਰੰਤ ਸ਼ੇਵ ਕਰਨ ਜਾਂ ਪੱਗ ਜਾਂ ਹਿਜਾਬ ਨੂੰ ਹਟਾਉਣ ਦੀ ਮੰਗ ਕਰ ਸਕਦੀਆਂ ਹਨ।