ਹਰੀਸ਼ ਕਾਲੜਾ
ਰੂਪਨਗਰ, 13 ਫਰਵਰੀ 2020 - ਐਡੀਸ਼ਨਲ ਜ਼ਿਲ੍ਹਾ ਤੇ ਸੈਸ਼ਨ ਜੱਜ ਰੋਪੜ ਦੀ ਅਦਾਲਤ ਨੇ ਇਕ ਨੌਜਵਾਨ ਨੂੰ ਨਬਾਲਿਗਾ ਨਾਲ ਜਬਰ ਜਿਨਾਹ ਕਰਨ ਦੇ ਮਾਮਲੇ 'ਚ 20 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਨੰਗਲ ਥਾਣੇ 'ਚ ਨਬਾਲਿਗਾ ਦੇ ਬਿਆਨਾਂ ਦੇ ਆਧਾਰ 'ਤੇ 28 ਅਗਸਤ 2018 ਨੂੰ ਮਾਮਲਾ ਦਰਜ ਕੀਤਾ ਗਿਆ ਸੀ।
ਜਿਸ ਅਨੁਸਾਰ ਨੌਜਵਾਨ ਰੋਹਿਤ ਕੁਮਾਰ ਪੁੱਤਰ ਵਿਜੇ ਕੁਮਾਰ ਨੇ 19 ਅਗਸਤ 2018 ਨੂੰ ਦੁਪਹਿਰ 12 ਵਜੇ ਜਦੋਂ ਨਬਾਲਿਗਾ ਘਰ 'ਚ ਇਕੱਲੀ ਸੀ ਤਾਂ ਉਸ ਨੂੰ ਜਬਰਨ ਅਗਵਾਹ ਕਰ ਲਿਆ ਅਤੇ ਆਪਣੇ ਪਿੰਡ ਲੈ ਗਿਆ, ਜਿਥੇ ਉਸ ਨਾਲ ਜਬਰ ਜਿਨਾਹ ਕੀਤਾ ਅਤੇ ਉਸ ਨੂੰ ਵਾਪਸ ਛੱਡ ਗਿਆ।
ਨਬਾਲਿਗਾ ਨੇ ਇਹ ਗੱਲ ਆਪਣੀ ਮਾਤਾ ਅਤੇ ਭਾਬੀ ਨੂੰ ਦੱਸੀ। ਜਿਸ ਦੇ ਬਾਅਦ ਰੋਹਿਤ ਕੁਮਾਰ ਦੁਬਾਰਾ ਉਸ ਦੇ ਘਰ ਆ ਗਿਆ ਅਤੇ ਉਸ ਦੇ ਪਰਿਵਾਰ ਨੂੰ ਧਮਕਾਉਣ ਲੱਗਾ ਅਤੇ ਧਮਕੀਆਂ ਦੇ ਕੇ ਚਲਾ ਗਿਆ। ਨੰਗਲ ਪੁਲਿਸ ਨੇ ਨਬਾਲਿਗਾ ਦੇ ਬਿਆਨਾਂ 'ਤੇ ਰੋਹਿਤ ਕੁਮਾਰ ਦੇ ਖਿਲਾਫ ਧਾਰਾ 342, 452, 376, 506,341 ਅਤੇ ਪੋਕਸੋ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਸੀ। ਅੱਜ ਐਡੀਸ਼ਨਲ ਜ਼ਿਲ੍ਹਾ ਤੇ ਸ਼ੈਸ਼ਨ ਜੱਜ ਸੁਰਿੰਦਰਪਾਲ ਕੌਰ ਦੀ ਅਦਾਲਤ ਨੇ ਰੋਹਿਤ ਕੁਮਾਰ ਨੂੰ ਵੱਖ ਵੱਖ ਧਾਰਾਵਾਂ ਦੇ ਤਹਿਤ 20 ਸਾਲ ਦੀ ਕੈਦ ਅਤੇ 44 ਹਜ਼ਾਰ ਰੁਪਏ ਜੁਰਮਾਨਾ ਕੀਤਾ ਹੈ।