ਲੋਕੇਸ਼ ਰਿਸ਼ੀ
ਗੁਰਦਾਸਪੁਰ, 13 ਫਰਵਰੀ 2020 - ਜਿਸ ਕਿਸੇ ਨੂੰ ਵੀ ਡਾਕਟਰ ਰਤਨ ਸਿੰਘ ਅਜਨਾਲਾ ਅਤੇ ਉਨ੍ਹਾਂ ਦੇ ਬੇਟੇ ਅਮਰਪਾਲ ਸਿੰਘ ਬੋਨੀ ਦੇ ਮੁੜ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ ਹੋਣ ਸਬੰਧੀ ਕੋਈ ਸ਼ੱਕ ਹੋਵੇ। ਉਹ ਅੱਜ ਦੀ ਅੰਮ੍ਰਿਤਸਰ ਰੈਲੀ ਵਿਖੇ ਡਾਕਟਰ ਰਤਨ ਸਿੰਘ ਅਜਨਾਲਾ ਦਾ ਭਾਸ਼ਣ ਸੁਣ ਲਵੇ ਸਾਰੀ ਤਸਵੀਰ ਸਾਫ਼ ਹੋ ਜਾਵੇਗੀ। ਇਹ ਸ਼ਬਦ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਉਸ ਵੇਲੇ ਕਹੇ ਜਦੋਂ ਉਹ ਬਟਾਲਾ ਦੇ ਪਿੰਡ ਮਲਕ ਪੁਰ ਵਿਖੇ ਇੱਕ ਧਾਰਮਿਕ ਸਮਾਗਮ ਵਿਖੇ ਸ਼ਿਰਕਤ ਕਰਨ ਪਹੁੰਚੇ।
ਇਸ ਤੋਂ ਪਹਿਲਾਂ ਡਾ. ਅਜਨਾਲਾ ਵੱਲੋਂ ਕਿਹਾ ਜਾ ਰਿਹਾ ਸੀ ਕਿ ਸੁਖਬੀਰ ਬਾਦਲ ਸਿਰਫ਼ ਉਨ੍ਹਾਂ ਦਾ ਹਾਲ ਪੁੱਛਣ ਆਏ ਸਨ ਅਤੇ ਇਸ ਦੌਰਾਨ ਦੋਹਾਂ ਦਰਮਿਆਨ ਕਿਸੇ ਵੀ ਸਿਆਸੀ ਵਿਸ਼ੇ ਤੇ ਗੱਲ ਨਹੀਂ ਹੋਈ। ਪਰ ਸੁਖਬੀਰ ਬਾਦਲ ਦੇ ਬਟਾਲਾ ਪਹੁੰਚਣ ਤੇ ਜਦੋਂ ਡਾ.ਅਜਨਾਲਾ ਵੱਲੋਂ ਦਿੱਤੇ ਗਏ ਬਿਆਨ ਬਾਰੇ ਪੁੱਛਿਆ ਗਿਆ ਤਾਂ। ਉਨ੍ਹਾਂ ਨੇ ਕਿਹਾ ਕਿ ਡਾ. ਰਤਨ ਸਿੰਘ ਅਜਨਾਲਾ ਅਤੇ ਉਨ੍ਹਾਂ ਦੇ ਬੇਟੇ ਬੋਨੀ ਅਜਨਾਲਾ ਸ਼੍ਰੋਮਣੀ ਅਕਾਲੀ ਦਲ ਦਾ ਅਨਿੱਖੜਵਾਂ ਅੰਗ ਹਨ ਅਤੇ ਉਹ ਕਿਸੇ ਕਾਰਨ ਅਕਾਲੀ ਦਲ ਟਕਸਾਲੀ ਵਿਖੇ ਸ਼ਾਮਿਲ ਹੋ ਗਏ ਸਨ।
ਪਰ ਹੁਣ ਉਨ੍ਹਾਂ ਦੀ ਵਾਪਸੀ ਹੋ ਚੁੱਕੀ ਹੈ। ਪਰ ਜੇਕਰ ਫੇਰ ਵੀ ਕਿਸੇ ਨੂੰ ਸ਼ੱਕ ਹੈ ਤਾਂ ਉਹ ਵਿਅਕਤੀ ਵੀਰਵਾਰ ਨੂੰ ਅੰਮ੍ਰਿਤਸਰ ਦੇ ਰਾਜਾ ਸਾਂਸੀ ਵਿਖੇ ਅਕਾਲੀ ਦਲ ਦੀ ਰੈਲੀ ਦੌਰਾਨ ਡਾਕਟਰ ਅਜਨਾਲਾ ਦਾ ਭਾਸ਼ਣ ਸੁਣ ਲੈਣ। ਨਾਲ ਹੀ ਬਾਦਲ ਨੇ ਕਿਹਾ ਕਿ ਜੇਕਰ ਬਾਕੀ ਟਕਸਾਲੀ ਆਗੂ ਵੀ ਅਕਾਲੀ ਦਲ ਦੀ ਲੀਡਰਸ਼ਿਪ ਅਤੇ ਸੋਚ ਨੂੰ ਮੰਨਦੇ ਹਨ। ਤਾਂ ਉਹ ਬਿਨਾ ਝਿਜਕ ਪਾਰਟੀ ਵਿੱਚ ਵਾਪਸ ਆ ਸਕਦੇ ਹਨ। ਉਨ੍ਹਾਂ ਦਾ ਪੂਰਾ ਮਾਨ ਸਤਿਕਾਰ ਕੀਤਾ ਜਾਵੇਗਾ।
ਉੱਥੇ ਦੂਜੇ ਪਾਸੇ ਦਿੱਲੀ ਚੋਣਾਂ ਨਤੀਜਿਆਂ ਸਬੰਧੀ ਗੱਲ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਚੋਣਾਂ ਨੂੰ ਲੈ ਕੇ ਹਰ ਸੂਬੇ ਦੇ ਆਪਣੇ ਸਮੀਕਰਨ ਹੁੰਦੇ ਹਨ। ਪਰ ਸ਼੍ਰੋਮਣੀ ਅਕਾਲੀ ਦਲ ਆਉਂਦੀਆਂ ਚੋਣਾਂ ਦੌਰਾਨ ਪੰਜਾਬ ਦੀਆਂ 117 ਵਿਧਾ ਸਭਾ ਸੀਟਾਂ ਵਿਚੋਂ 111 ਸੀਟਾਂ ਤੇ ਪੱਕੀ ਜਿੱਤ ਪ੍ਰਾਪਤ ਕਰੇਗੀ।