ਜਗਦੀਸ਼ ਥਿੰਦ
ਜਲਾਲਾਬਾਦ / ਫਾਜ਼ਿਲਕਾ 13 ਫਰਵਰੀ ; ਗੈਂਗਸਟਰਾਂ ਨੂੰ ਨਜਾਇਜ਼ ਤੌਰ ਤੇ ਹਥਿਆਰ ਵੇਚਣ ਦੇ ਦੋਸ਼ ਅਧੀਨ ਦਰਜ ਹੋਏ ਮੁਕੱਦਮੇ ਦੇ ਸਬੰਧ ਵਿੱਚ ਮੁਹਾਲੀ ਦੀ ਪੁਲਸ ਟੀਮ ਨੇ ਅੱਜ ਇੱਕ ਵਾਰ ਫਿਰ ਕਪਿਲ ਗੰਨ ਹਾਊਸ ਜਲਾਲਾਬਾਦ ਤੇ ਪੁੱਜ ਕੇ ਦਸਤਾਵੇਜ਼ ਪ੍ਰਾਪਤ ਕੀਤੇ ।
ਇਸ ਸਬੰਧੀ ਗ੍ਰਿਫਤਾਰ ਕੀਤੇ ਗਏ ਜਲਾਲਾਬਾਦ ਸਥਿੱਤ ਕਪਿਲ ਗੰਨ ਹਾਊਸ ਦੇ ਸੰਚਾਲਕ ਕਪਿਲ ਕੁਮਾਰ ਦੇ ਪੁਲਿਸ ਵੱਲੋਂ ਪ੍ਰਾਪਤ ਕੀਤੇ ਪੁਲਸ ਰਿਮਾਂਡ ਦੌਰਾਨ ਕਥਿਤ ਤੌਰ ਤੇ ਕਪਿਲ ਕੁਮਾਰ ਨੇ ਮੰਨਿਆ ਸੀ ਕਿ ਉਹ ਤੈਅ ਮਾਪਦੰਡਾਂ ਦੀ ਉਲੰਘਣਾ ਕਰਕੇ ਹਥਿਆਰਾਂ ਦੀ ਵੇਚ ਵੱਟ ਕਰਦਾ ਰਿਹਾ ਹੈ ।
ਇਸ ਸਬੰਧੀ ਜਾਂਚ ਅਧਿਕਾਰੀਆਂ ਨੇ ਪਾਇਆ ਸੀ ਕਿ ਇਹ ਗੰਨ ਹਾਊਸ ਕਪਿਲ ਦੀ ਮਾਂ ਸੀਤਾ ਰਾਣੀ ਦੇ ਨਾਮ ਤੇ ਹੈ ।
ਕਪਿਲ ਖੁਦ ਕਥਿਤ ਤੌਰ ਤੇ ਆਪਣੀ ਮਾਂ ਦੇ ਦਸਤਖਤ ਕਰਕੇ ਹਥਿਆਰਾਂ ਦਾ ਕਾਰੋਬਾਰ ਕਰ ਰਿਹਾ ਸੀ ।
ਜਾਂਚ ਅਧਿਕਾਰੀਆਂ ਨੇ ਪੜਤਾਲ ਵਿੱਚ ਦੇਖਿਆ ਹੈ ਕਿ ਇਹਨਾਂ ਵਿਅਕਤੀਆਂ ਖਿਲਾਫ਼ ਪਹਿਲਾਂ ਹੀ ਪਠਾਨਕੋਟ , ਖਰੜ , ਖੰਨਾ, ਸਿਟੀ ਸਿਰਸਾ ਪੁਲਿਸ ਥਾਣਿਆਂ ਅੰਦਰ ਹਥਿਆਰਾਂ ਦੇ ਨਾਜਾਇਜ਼ ਖਰੀਦੋ ਫਰੋਖਤ ਦੇ ਦੋਸ਼ ਅਧੀਨ ਮੁਕੱਦਮੇ ਦਰਜ ਹਨ ।
ਗੈਂਗਸਟਰ ਨੂੰ ਹਥਿਆਰ ਸਪਲਾਈ ਕਰਨ ਦੇ ਦੋਸ਼ ਅਧੀਨ ਮੁਕੱਦਮਾ ਦਰਜ ਹੋਇਆ ਹੈ ।
ਮਸ਼ਹੂਰ ਪੰਜਾਬੀ ਗਾਇਕ ਅਤੇ ਐਕਟਰ ਗਿਪੀ ਗਰੇਵਾਲ ਨੂੰ ਗੈਂਗਸਟਰ ਸੁਖਪ੍ਰੀਤ ਬਾਬਾ ਵੱਲੋਂ ਧਮਕੀ ਦੇਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਗੈਂਗਸਟਰ ਸੁਖਪ੍ਰੀਤ ਬਾਬਾ ਨੇ ਪੁਲਸ ਕੋਲ ਇਹ ਮੰਨਿਆ ਕਿ ਉਨ੍ਹਾਂ ਨੂੰ ਹਥਿਆਰਾਂ ਦੀ ਸਪਲਾਈ ਕਪਿਲ ਗੰਨ ਹਾਊਸ ਜਲਾਲਾਬਾਦ ਤੋਂ ਸਪਲਾਈ ਹੋ ਰਹੀ ਸੀ ।
ਜਲਾਲਾਬਾਦ ਵਿਖੇ ਰੇਡ ਕਰਨ ਵਾਲੀ ਟੀਮ ਦੀ ਅਗਵਾਈ ਮਲਕੀਤ ਸਿੰਘ ਸਬ ਇੰਸਪੈਕਟਰ ਕਰ ਰਹੇ ਸਨ ।