ਬਜਟ ਨੂੰ ਕਿਸਾਨ ਵਿਰੋਧੀ ਅਤੇ ਕਾਰਪੋਰੇਟ ਪੱਖੀ ਦੱਸਿਆ
ਗੁਰੂਹਰਸਹਾਏ 13 ਫਰਵਰੀ, 2020: ਅੱਜ ਗੁਰੂਹਰਸਹਾਏ ਤਹਿਸੀਲ ਵਿਖੇ ਕਿਸਾਨਾਂ ਨੇ ਆਲ ਇੰਡੀਆ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੀ ਅਗਵਾਈ ਵਿੱਚ ਇਕੱਠੇ ਹੋ ਕੇ ਕੇਂਦਰੀ ਬਜਟ ਦੀਆਂ ਕਾਪੀਆਂ ਸਾੜੀਆਂ ਅਤੇ ਕੇਂਦਰ ਅਤੇ ਪੰਜਾਬ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ।
ਬਜਟ ਬਾਰੇ ਬੋਲਦਿਆਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾਈ ਆਗੂ ਅਵਤਾਰ ਸਿੰਘ ਮਹਿਮਾ ਨੇ ਕਿਹਾ ਕਿ ਇਹ ਬਜਟ ਕਿਸਾਨ ਵਿਰੋਧੀ ਹੈ ਅਤੇ ਦੇਸੀ ਤੇ ਵਿਦੇਸ਼ੀ ਕਾਰਪੋਰੇਟਾਂ ਦੇ ਪੱਖੀ ਹੈ । ਇਹ ਬਜਟ ਕਿਸਾਨਾਂ ਨੂੰ ਖੁਦਕੁਸ਼ੀਆਂ ਅਤੇ ਆਰਥਿਕ ਸੰਕਟ ਵਿੱਚੋਂ ਕੱਢਣ ਲਈ ਕੁਝ ਵੀ ਨਹੀਂ ਕਰੇਗਾ ਸਗੋਂ ਹੋਰ ਬਰਬਾਦ ਕਰੇਗਾ । ਇਸ ਰਾਹੀਂ ਸਰਕਾਰ ਨੇ ਕਿਸਾਨਾਂ ਦੀਆਂ ਜ਼ਮੀਨਾਂ ਕੰਪਨੀਆਂ ਨੂੰ ਦੇਣ ਦਾ ਰਾਹ ਖੋਲ੍ਹ ਦਿੱਤਾ ਹੈ । ਮਨਰੇਗਾ ਲਈ ਸਲਾਨਾ ਰਕਮ 71,001 ਕਰੋੜ ਤੋਂ ਘਟਾ ਕੇ 61500 ਕਰੋੜ ਕਰ ਦਿੱਤੀ ਹੈ ਜਦਕਿ ਸਾਲਾਨਾ 1 ਲੱਖ ਕਰੋੜ ਦੀ ਜ਼ਰੂਰਤ ਹੈ । ਸਰਕਾਰ ਨੇ ਖੇਤੀ ਸਿੰਜਾਈ ਅਤੇ ਪੇਂਡੂ ਵਿਕਾਸ ਲਈ ਖ਼ਰਚੇ ਵਿੱਚ ਸਿਰਫ਼ 5.6 ਫ਼ੀਸਦੀ ਵਾਧਾ ਕੀਤਾ ਹੈ ਜੋ ਮਹਿੰਗਾਈ ਦਰ ਤੋਂ ਵੀ ਘੱਟ ਹੈ । ਵਿੱਤ ਮੰਤਰੀ ਵੱਲੋਂ ਕਿਸਾਨ ਕਰਜ਼ ਮੁਕਤੀ, ਫਸਲਾਂ ਦੇ ਲਾਹੇਵੰਦ ਭਾਅ, ਬੇਰੁਜ਼ਗਾਰੀ ਆਦਿ ਮੁੱਦਿਆਂ ਤੇ ਇੱਕ ਸ਼ਬਦ ਵੀ ਨਹੀਂ ਕਿਹਾ ਸਗੋਂ ਤਰ੍ਹਾਂ ਤਰ੍ਹਾਂ ਦੇ ਟੈਕਸਾਂ ਵਿੱਚ ਵਾਧਾ ਕਰਕੇ ਕਿਸਾਨਾਂ ਤੇ ਆਮ ਲੋਕਾਂ ਤੇ ਹੋਰ ਬੋਝ ਪਾਇਆ ਹੈ । ਇਸ ਨਾਲ ਕਿਸਾਨੀ ਹੋਰ ਗਹਿਰੇ ਸੰਕਟ ਵਿੱਚ ਜਾਵੇਗੀ , ਅਸੀਂ ਕਿਸਾਨਾਂ ਨੂੰ ਲਾਮਬੰਦ ਕਰਕੇ ਇਸ ਦੇ ਖਿਲਾਫ ਤਿੱਖਾ ਸੰਘਰਸ਼ ਕਰਾਂਗੇ ।
ਇਸ ਮੌਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਆਗੂ ਮਾਸਟਰ ਦੇਸ ਰਾਜ, ਬਲਾਕ ਆਗੂ ਮਲਕ ਦੱਤਾ , ਵੀਰ ਦਵਿੰਦਰ ਸ਼ਰੀਹ ਵਾਲਾ ਬਰਾੜ, ਸੁਖਜੀਤ ਸ਼ਰੀਹ ਵਾਲਾ , ਸਰਬ ਭਾਰਤ ਨੌਜਵਾਨ ਸਭਾ ਦੇ ਆਗੂ ਚਰਨਜੀਤ ਸ਼ਾਗਾਂ ਰਾਏ, ਭਗਵਾਨ ਚੰਦ ਬਹਾਦਰ ਕੇ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਹਾਜਰ ਸਨ।