ਪੰਜਾਬ ਭਵਨ ਸਰੀ 'ਚ ਲੱਗਣਗੀਆਂ ਦਲੀਪ ਕੌਰ ਟਿਵਾਣਾ, ਜਸਵੰਤ ਸਿੰਘ ਕੰਵਲ ਤੇ ਗੁਰਚਰਨ ਰਾਮਪੁਰੀ ਦੀਆਂ ਤਸਵੀਰਾਂ
ਹਰਦਮ ਮਾਨ
ਸਰੀ, 14 ਫਰਵਰੀ 2020- ਪੰਜਾਬ ਭਵਨ ਸਰੀ, ਕੈਨੇਡਾ ਵਿਖੇ ਦਲੀਪ ਕੌਰ ਟਿਵਾਣਾ, ਜਸਵੰਤ ਸਿੰਘ ਕੰਵਲ ਤੇ ਗੁਰਚਰਨ ਰਾਮਪੁਰੀ ਦੀ ਯਾਦ ਵਿੱਚ 23 ਫਰਵਰੀ ਦਿਨ ਐਤਵਾਰ ਨੂੰ ਦੁਪਹਿਰ 12.30 ਵਜੇ ਵਿਸ਼ੇਸ਼ ਸਮਾਗਮ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਪੰਜਾਬ ਭਵਨ ਸਰੀ ਦੇ ਬਾਨੀ ਸੁੱਖੀ ਬਾਠ ਨੇ ਦੱਸਿਆ ਕਿ ਇਨ੍ਹਾਂ ਮਹਾਨ ਸਾਹਿਤਕਾਰਾਂ ਨੇ ਪੰਜਾਬੀ ਸਾਹਿਤ ਦੀ ਪ੍ਰਫੁੱਲਤਾ ਲਈ ਬਹੁਤ ਵੱਡਾ ਯੋਗਦਾਨ ਪਾਇਆ ਹੈ। ਉਨ੍ਹਾਂ ਵੱਲੋਂ ਰਚਿਆ ਸਾਹਿਤ ਹਮੇਸ਼ਾਂ ਸਾਡੇ ਲਈ ਪ੍ਰੇਰਨਾਦਾਇਕ ਅਤੇ ਮਾਰਗ ਦਰਸ਼ਕ ਬਣਿਆਂ ਰਹੇਗਾ।
ਸ੍ਰੀ ਬਾਠ ਨੇ ਕਿਹਾ ਕਿ ਇਸ ਸਮਾਗਮ ਵਿੱਚ ਇਨ੍ਹਾਂ ਸਾਹਿਤਕਾਰਾਂ ਦੇ ਜੀਵਨ ਅਤੇ ਰਚਨਾ ਬਾਰੇ ਸਥਾਨਕ ਲੇਖਕ ਅਤੇ ਵਿਦਵਾਨ ਜਾਣਕਾਰੀ ਸਾਂਝੀ ਕਰਨਗੇ। ਇਨ੍ਹਾਂ ਸਾਹਿਤਕਾਰਾਂ ਦੀਆਂ ਤਸਵੀਰਾਂ ਪੰਜਾਬ ਭਵਨ ਕੈਨੇਡਾ ਦੀ Hall of Fame ਦੀਵਾਰ ‘ਤੇ ਸੁਸ਼ੋਭਿਤ ਕੀਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਪੰਜਾਬ ਭਵਨ ਸਰੀ ਵਿੱਚ ਹੁਣ ਤੱਕ 153 ਸਾਹਿਤਕਾਰਾਂ, ਕਲਾਕਾਰਾਂ ਦੀਆਂ ਤਸਵੀਰਾਂ ਸਜਾਈਆਂ ਜਾ ਚੁੱਕੀਆਂ ਹਨ।