ਲੋਕੇਸ਼ ਰਿਸ਼ੀ
ਗੁਰਦਾਸਪੁਰ, 14 ਫਰਵਰੀ 2020 - ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੰਗੀ-ਸਾਥੀ ਭਾਈ ਮਰਦਾਨਾ ਜੀ ਦੇ ਵੰਸ਼ਜ ਰਬਾਬੀ ਭਾਈ ਇਨਾਮ ਅਲੀ ਸ਼ੁੱਕਰਵਾਰ ਨੂੰ ਬਟਾਲਾ ਵਿਖੇ ਪਹੁੰਚੇ। ਜਿੱਥੇ ਗੁਰੂ ਸਾਹਿਬ ਦੇ ਸਹੁਰਾ ਸ਼ਹਿਰ ਵਿਖੇ ਪਹੁੰਚਣ ਤੇ ਸਥਾਨਕ ਸੰਗਤਾਂ ਵੱਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਪਾਕਿਸਤਾਨੀ ਨਾਗਰਿਕ ਭਾਈ ਇਨਾਮ ਅਲੀ ਇਸ ਸਮੇਂ ਪਾਕਿਸਤਾਨ ਦੇ ਲਹੌਰ ਵਿਖੇ ਸਥਿਤ ਗੁਰਦੁਆਰਾ ਜਨਮ ਅਸਥਾਨ ਗੁਰੂ ਰਾਮਦਾਸ ਜੀ ਵਿਖੇ ਹਜ਼ੂਰੀ ਰਾਗੀ ਵਜੋਂ ਸੇਵਾ ਨਿਭਾ ਰਹੇ ਹਨ ਅਤੇ ਹਜ਼ੂਰਾ ਸਵੇਰੇ ਅੰਮ੍ਰਿਤਸਰ ਵਾਹਗਾ ਰਸਤੇ ਭਾਰਤ ਪਹੁੰਚੇ। ਭਾਈ ਇਨਾਮ ਅਲੀ ਅਗਲੇ 15 ਦਿਨਾਂ ਤੱਕ ਇੱਥੇ ਰਹਿ ਕੇ ਵੱਖ ਵੱਖ ਧਾਰਮਿਕ ਸਮਾਗਮਾਂ 'ਚ ਸ਼ਿਰਕਤ ਕਰਨਗੇ ਅਤੇ 28 ਫਰਵਰੀ ਨੂੰ ਮੁੜ ਪਾਕਿਸਤਾਨ ਪਰਤ ਜਾਣਗੇ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਮਰਦਾਨਾ ਜੀ ਦੀ 19 ਵੀਂ ਪੀੜ੍ਹੀ ਵਿੱਚੋਂ ਰਬਾਬੀ ਭਾਈ ਇਨਾਮ ਅਲੀ ਨੇ ਕਿਹਾ ਕਿ ਉਹ ਪੰਜਾਬ ਖ਼ਾਸਕਰ ਗੁਰੂ ਨਾਨਕ ਦੇਵ ਜੀ ਦੇ ਸਹੁਰਾ ਸ਼ਹਿਰ ਬਟਾਲਾ ਵਿਖੇ ਆਉਣ ਤੇ ਆਪਣੇ ਆਪ ਨੂੰ ਵਡਭਾਗਾ ਮਹਿਸੂਸ ਕਰ ਰਹੇ ਹਨ ਅਤੇ ਭਾਰਤ ਆਉਣ ਸਾਰ ਹੀ ਇੱਥੋਂ ਦੀਆਂ ਸੰਗਤਾਂ ਵੱਲੋਂ ਉਨ੍ਹਾਂ ਨੂੰ ਅਥਾਹ ਪਿਆਰ ਦਿੱਤਾ ਜਾ ਰਿਹਾ ਹੈ। ਨਾਲ ਹੀ ਉਨ੍ਹਾਂ ਕਰਤਾਰਪੁਰ ਕਾਰੀਡੋਰ ਖੋਲ੍ਹੇ ਜਾਣ ਤੇ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਦਾ ਧੰਨਵਾਦ ਕਰਦਿਆਂ ਕਿਹਾ। ਕਿ ਦੋਹਾਂ ਦੇਸ਼ਾਂ ਵੱਲੋਂ ਚੁੱਕੇ ਜਾਣ ਵਾਲੇ ਅਜਿਹੇ ਕਦਮਾਂ ਕਾਰਨ ਆਪਸੀ ਪਿਆਰ ਵਿੱਚ ਹੋਰ ਵਾਧਾ ਹੋਵੇਗਾ ਅਤੇ ਦੋਹਾਂ ਸਰਕਾਰਾਂ ਨੂੰ ਸਮੇਂ ਸਮੇਂ ਤੇ ਅਜਿਹੇ ਉਪਰਾਲਿਆਂ ਨੂੰ ਅਮਲ ਵਿੱਚ ਲਿਆਉਂਦੇ ਰਹਿਣਾ ਚਾਹੀਦਾ ਹੈ।ਨਾਲ ਹੀ ਭਾਈ ਇਨਾਮ ਅਲੀ ਨੇ ਦੱਸਿਆ ਕਿ ਉਹ ਗੁਰੂ ਪਿਆਰੀ ਸੰਗਤ ਦੇ ਸੱਦੇ ਤੇ ਪਾਕਿਸਤਾਨ ਤੋਂ ਭਾਰਤ ਆਏ ਹਨ ਅਤੇ ਅਗਲੇ 15 ਦਿਨਾਂ ਤੱਕ ਇੱਥੇ ਹੀ ਰਹਿ ਕੇ ਕੁੱਝ ਧਾਰਮਿਕ ਸਮਾਗਮਾਂ ਦੇ ਨਾਲ ਨਾਲ ਗੁਰੂ ਧਾਮਾਂ ਦੇ ਦਰਸ਼ਨ ਵੀ ਕਰਨਗੇ।
ਅਖੀਰ ਵਿੱਚ ਰਬਾਬੀ ਭਾਈ ਇਨਾਮ ਅਲੀ ਨੇ ਕਿਹਾ ਕਿ ਕੁਝ ਲੋਕ ਕੌੜੀ ਬਿਆਨਬਾਜ਼ੀ ਕਰ ਕੇ ਦੋਹਾਂ ਦੇਸ਼ਾਂ 'ਚ ਨਫ਼ਰਤ ਦਾ ਮਹੌਲ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਨੂੰ ਅਜਿਹਾ ਕਰਨ ਤੋਂ ਗੁਰੇਜ਼ ਕਰਨੀ ਚਾਹੀਦੀ ਹੈ। ਕਿਉਂ ਕਿ ਪੂਰੀ ਦੁਨੀਆ ਅਮਨ ਅਤੇ ਪਿਆਰ ਦੇ ਸਿਰ ਤੇ ਹੀ ਕਾਇਮ ਹੈ।