ਹਰਜਿੰਦਰ ਸਿੰਘ ਭੱਟੀ
ਚੰਡੀਗੜ੍ਹ, 14 ਫਰਵਰੀ 2020 - ਕਲਗੀਧਰ ਟਰੱਸਟ ਗੁਰਦੁਆਰਾ ਬੜੂ ਸਾਹਿਬ ਅਧੀਨ ਅਕਾਲ ਅਕੈਡਮੀ ਬੇਨੜਾ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ, ਜਿਸ ’ਚ ਮੁੱਖ ਮਹਿਮਾਨ ਵਜੋਂ ਵਿਧਾਨ ਸਭਾ ਹਲਕਾ ਧੂਰੀ ਦੇ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ।
ਜਾਣਕਾਰੀ ਦਿੰਦਿਆਂ ਬੜੂ ਸਾਹਿਬ ਟਰੱਸਟ ਦੇ ਮੀਡੀਆ ਸਲਾਹਕਾਰ ਗੁਰਜੀਤ ਸਿੰਘ ਚਹਿਲ ਨੇ ਦੱਸਿਆ ਕਿ ਇਸ ਸਮਾਰੋਹ ਦੀ ਸ਼ੁਰੂਆਤ ਅਕਾਲ ਅਕੈਡਮੀ ਦੇ ਵਿਦਿਆਰਥੀਆਂ ਵਲੋਂ ਸ਼ਬਦ ਗਾਇਣ ਰਾਂਹੀ ਕੀਤੀ ਗਈ ਅਤੇ ਉਪਰੰਤ ਬੱਚਿਆਂ ਨੇ ਢਾਡੀ ਵਾਰਾਂ, ਧਾਰਮਿਕ ਕਵਿਤਾਵਾਂ ਅਤੇ ਹੋਰ ਵੰਨਗੀਆਂ ਦੀ ਖੂਬਸੂਰਤ ਪੇਸ਼ਕਾਰੀ ਕੀਤੀ ।
ਅਕਾਲ ਅਕੈਡਮੀ ਦੇ ਸੂਬਾ ਪੱਧਰ ’ਤੇ ਹਾਕੀ ’ਚ ਮੱਲਾਂ ਮਾਰਨ ਵਾਲੇ ਖਿਡਾਰੀਆਂ ਅਤੇ ਹੋਰਨਾਂ ਵੱਖ-ਵੱਖ ਖੇਤਰਾਂ ’ਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਵਿਧਾਇਕ ਗੋਲਡੀ ਖੰਗੂੜਾ, ਬਾਬਾ ਟੇਕ ਸਿੰਘ ਬੇਨੜਾ, ਭਾਈ ਗੁਰਮੇਲ ਸਿੰਘ ਬੜੂ ਸਾਹਿਬ, ਬੀਬੀ ਰਾਜ ਕੌਰ ਖਾਲਸਾ, ਅਜੈਬ ਸਿੰਘ ਸਰਪੰਚ ਬੇਨੜਾ, ਜਸਵੀਰ ਕੌਰ ਪ੍ਰਿੰਸੀਪਲ ਅਕਾਲ ਅਕੈਡਮੀ ਅਤੇ ਅਕੈਡਮੀ ਸਟਾਫ ਨੇ ਉਚੇਚੇ ਤੌਰ ’ਤੇ ਸਨਮਾਨਿਤ ਕੀਤਾ ।ਸਮਾਗਮ ਦੇ ਅੰਤ ’ਚ ਪ੍ਰਿੰਸੀਪਲ ਜਸਵੀਰ ਕੌਰ ਨੇ ਅਕੈਡਮੀ ਸਟਾਫ ਦੀ ਤਰਫੋਂ ਪੁੱਜੇ ਮਹਿਮਾਨਾਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਦਾ ਧੰਨਵਾਦ ਕੀਤਾ ।