ਮਿੱਤਰ ਸੈਨ ਸ਼ਰਮਾ
ਮਾਨਸਾ, 15 ਫਰਵਰੀ 2020 - ਜ਼ਿਲ੍ਹਾ ਮਾਨਸਾ ਦੀ ਪੁਲਿਸ ਨੇ ਵੱਖ–ਵੱਖ ਮਾਮਲਿਆਂ ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤੇ ਦੋ ਵਿਅਕਤੀਆਂ ਨੂੰ ਕਾਬੂ ਕਰਨ 'ਚ ਸਫ਼ਲਤਾ ਹਾਸਿਲ ਕੀਤੀ ਹੈ। ਇਸ ਸਬੰਧੀ ਐੱਸ.ਐੱਸ.ਪੀ ਡਾ: ਨਰਿੰਦਰ ਭਾਰਗਵ ਵੱਲੋਂ ਦੱਸਿਆ ਗਿਆ ਕਿ ਥਾਣਾ ਸਦਰ ਮਾਨਸਾ ਦੀ ਪੁਲਿਸ ਨੇ 15 ਜਨਵਰੀ 2014 ਨੂੰ ਸੁਖਪਾਲ ਸਿੰਘ ਵਾਸੀ ਪੱਕਾ ਸ਼ਹੀਦਾਂ, ਜ਼ਿਲ੍ਹਾ ਸਿਰਸਾ (ਹਰਿਆਣਾ) ਖਿਲਾਫ਼ ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲਾ ਨੰ: 5 ਦਰਜ ਕਰਕੇ ਸੁਣਵਾਈ ਦੇ ਲਈ ਮਾਣਯੋਗ ਆਦਲਤ ਪੇਸ਼ ਕੀਤਾ ਸੀ।
ਅਦਾਲਤੀ ਸੁਣਵਾਈ ਦੌਰਾਨ ਗ਼ੈਰ ਹਾਜ਼ਰ ਹੋਣ 'ਤੇ ਮਾਣਯੋਗ ਐਡੀਸ਼ਨਲ ਸੈਸ਼ਨ ਜੱਜ ਮਾਨਸਾ ਜਗਦੀਪ ਸੂਦ ਦੀ ਅਦਾਲਤ ਵੱਲੋਂ ਇਸ ਨੂੰ 12 ਅਪ੍ਰੈਲ 2018 ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ। ਉਨ੍ਹਾਂ ਅੱਗੇ ਦੱਸਿਆ ਕਿ ਪੀ.ਓ. ਸਟਾਫ਼ ਮਾਨਸਾ ਦੇ ਇੰਚਾਰਜ ਜਸਵੰਤ ਸਿੰਘ ਨੇ ਆਪਣੀ ਪੁਲਿਸ ਪਾਰਟੀ ਸਮੇਤ ਉਕਤ ਭਗੌੜਾ ਹੋਏ ਵਿਅਕਤੀ ਨੂੰ ਮੁੜ ਗ੍ਰਿਫ਼ਤਾਰ ਕਰਨ 'ਚ ਸਫ਼ਲਤਾ ਪਾਈ ਹੈ।
ਡਾ: ਭਾਰਗਵ ਵੱਲੋਂ ਅੱਗੇ ਦੱਸਿਆ ਗਿਆ ਕਿ ਥਾਣਾ ਸਿਟੀ ਬੁਢਲਾਡਾ ਦੀ ਪੁਲਿਸ ਨੇ 3 ਨਵੰਬਰ 2016 ਨੂੰ ਰਾਣੀ ਕੌਰ ਪਤਨੀ ਕੁਲਦੀਪ ਸਿੰਘ ਵਾਸੀ ਸਹੂਵਾਲਾ, ਜ਼ਿਲ੍ਹਾ ਸਿਰਸਾ (ਹਰਿਆਣਾ) ਦੇ ਖਿਲਾਫ਼ ਧਾਰਾ 302,201,379,149 ਦੇ ਅਧੀਨ ਮਾਮਲਾ ਨੰ: 125 ਦਰਜ ਕਰਕੇ ਸੁਣਵਾਈ ਦੇ ਲਈ ਅਦਾਲਤ 'ਚ ਪੇਸ਼ ਕੀਤਾ ਸੀ। ਅਦਾਲਤੀ ਸੁਣਵਾਈ ਦੌਰਾਨ ਗ਼ੈਰ ਹਾਜ਼ਰ ਹੋਣ 'ਤੇ ਮਾਣਯੋਗ ਐਡੀਸ਼ਨਲ ਸੈਸ਼ਨ ਜੱਜ ਮਾਨਸਾ ਰਾਜੀਵ ਕੁਮਾਰ ਬੇਰੀ ਦੀ ਅਦਾਲਤ ਵੱਲੋਂ ਇਸ ਨੂੰ 18 ਜਨਵਰੀ 2020 ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ, ਜਿਸ ਨੂੰ ਥਾਣਾ ਸਿਟੀ ਬੁਢਲਾਡਾ ਦੀ ਪੁਲਿਸ ਨੇ ਮੁੜ ਗ੍ਰਿਫ਼ਤਾਰ ਕਰਕੇ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਜ਼ੇਲ੍ਹ ਭੇਜਿਆ ਗਿਆ ਹੈ।