- ਪੁਲਿਸ ਪਾਰਟੀ 'ਤੇ ਹਮਲਾ ਕਰਕੇ ਛੁਡਾ ਕੇ ਲੈ ਗਏ ਪੀਓ
- ਪੁਲਿਸ ਨੇ ਪਰਚਾ ਦਰਜ ਕਰਕੇ ਇਕ ਮੁਲਜ਼ਮ ਨੂੰ ਕਾਬੂ ਕਰਨ ਦਾ ਕੀਤਾ ਦਾਅਵਾ
ਫਿਰੋਜ਼ਪੁਰ, 15 ਫਰਵਰੀ 2020 - ਲੰਘੀ ਸ਼ਾਮ ਫਿਰੋਜ਼ਪੁਰ ਜ਼ਿਲ੍ਹੇ ਦੇ ਇਕ ਕਾਂਗਰਸੀ ਵਿਧਾਇਕ ਦੇ ਹਲਕੇ ਵਿਚ ਉਸ ਵੇਲੇ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ, ਜਦੋਂ ਕੁਝ ਗੁੰਡਿਆਂ ਨੇ ਪੁਲਿਸ ਪਾਰਟੀ 'ਤੇ ਹਮਲਾ ਕਰਕੇ ਦੋ ਪੀਓ ਨੂੰ ਪੁਲਿਸ ਦੀ ਹਿਰਾਸਤ ਦੇ ਵਿਚੋਂ ਛੁਡਾ ਲਿਆ। ਜਾਣਕਾਰੀ ਦੇ ਮੁਤਾਬਿਕ ਪੁਲਿਸ ਦੀ ਗੱਡੀ ਉਪਰ ਗੁੰਡਿਆਂ ਦੇ ਵਲੋਂ ਹਮਲਾ ਵੀ ਕੀਤਾ ਗਿਆ ਅਤੇ ਉਸ ਦੇ ਨਾਲ ਧੱਕਾ ਮੁੱਕੀ ਵੀ ਕੀਤੀ ਗਈ। ਪੁਲਿਸ ਦੇ ਅਨੁਸਾਰ ਜਿਨ੍ਹਾਂ ਦੋ ਪੀਓ ਨੂੰ ਗੁੰਡੇ ਪੁਲਿਸ ਹਿਰਾਸਤ ਦੇ ਵਿਚੋਂ ਛੁਡਾ ਕੇ ਲੈ ਗਏ, ਉਨ੍ਹਾਂ ਦੇ ਉਪਰ ਕਾਤਲਾਨਾ ਹਮਲਾ ਕਰਨ ਦੇ ਦੋਸ਼ਾਂ ਤਹਿਤ ਪੁਲਿਸ ਥਾਣਾ ਲੱਖੋ ਕੇ ਬਹਿਰਾਮ (ਫਿਰੋਜ਼ਪੁਰ) ਵਿਖੇ ਮੁਕੱਦਮਾ ਦਰਜ ਹੈ।
ਇਸ ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਥਾਣਾ ਲੱਖੋ ਕੇ ਬਹਿਰਾਮ ਦੇ ਏਐੱਸਆਈ ਸੁਖਦੇਵ ਰਾਜ ਨੇ ਦੱਸਿਆ ਕਿ ਬੀਤੀ ਸ਼ਾਮ ਉਹ ਆਪਣੀ ਪੁਲਿਸ ਪਾਰਟੀ ਸਮੇਤ ਮੁਕੱਦਮਾ ਨੰਬਰ 76/17 ਥਾਣਾ ਲੱਖੋ ਕੇ ਬਹਿਰਾਮ ਦੇ ਮੁਲਜ਼ਮ ਜਰਮਨ ਸਿੰਘ ਅਤੇ ਹਰਪ੍ਰੀਤ ਸਿੰਘ ਨੂੰ ਪੁੱਛਗਿੱਛ ਸਬੰਧੀ ਸੀਆਈਏ ਸਟਾਫ਼ ਫਿਰੋਜ਼ਪੁਰ ਤੋਂ ਲੈ ਕੇ ਆ ਰਹੇ ਸੀ ਤਾਂ ਇਸੇ ਦੌਰਾਨ ਜਦੋਂ ਉਹ ਫਿਰੋਜ਼ਪੁਰ-ਫਾਜ਼ਿਲਕਾ ਰੋਡ 'ਤੇ ਪੈਂਦੇ ਬੀਐੱਸਐੱਡ ਹੈੱਡਕੁਆਟਰ 136 ਬਟਾਲੀਅਨ ਬਾਹੱਦ ਰਕਬਾ ਮਹਿਲ ਸਿੰਘ ਵਾਲਾ ਦੇ ਮੇਨ ਗੇਟ ਸਾਹਮਣੇ ਪਹੁੰਚੇ ਤਾਂ ਅੰਗਰੇਜ਼ ਸਿੰਘ ਅਤੇ ਉਸ ਦੇ 6-7 ਸਾਥੀਆਂ ਨੇ ਪੁਲਿਸ ਪਾਰਟੀ ਦੀ ਗੱਡੀ ਰੋਕ ਕੇ ਜਬਰਦਸਤੀ ਜਰਮਨ ਸਿੰਘ ਅਤੇ ਹਰਮੀਤ ਸਿੰਘ ਨੂੰ ਪੁਲਿਸ ਹਿਰਾਸਤ ਵਿਚੋਂ ਛੁਡਾ ਲਿਆ।
ਏਐੱਸਆਈ ਸੁਖਦੇਵ ਰਾਜ ਦੇ ਮੁਤਾਬਿਕ ਉਕਤ ਵਿਅਕਤੀਆਂ ਨੇ ਪੁਲਿਸ ਦੀ ਗੱਡੀ ਦੀ ਭੰਨਤੋੜ ਵੀ ਕੀਤੀ ਅਤੇ ਪੁਲਿਸ ਮੁਲਾਜ਼ਮਾਂ ਦੇ ਨਾਲ ਧੱਕਾ ਮੁੱਕੀ ਕੀਤੀ। ਏਐੱਸਆਈ ਨੇ ਇਹ ਵੀ ਦੱਸਿਆ ਕਿ ਪੁਲਿਸ ਨੇ ਘੇਰਾਬੰਦੀ ਕਰਕੇ ਅੰਗਰੇਜ਼ ਸਿੰਘ ਨੂੰ ਤਾਂ ਗ੍ਰਿਫਤਾਰ ਕਰ ਲਿਆ, ਪਰ ਜਰਮਨ ਸਿੰਘ ਅਤੇ ਹਰਮੀਤ ਸਿੰਘ ਤੋਂ ਇਲਾਵਾ 6-7 ਹਮਲਾਵਰ ਭੱਜਣ ਵਿਚ ਸਫ਼ਲ ਹੋ ਗਏ। ਏਐੱਸਆਈ ਸੁਖਦੇਵ ਰਾਜ ਉਨ੍ਹਾਂ ਦੀ ਟੀਮ ਦੇ ਵਲੋਂ ਉਕਤ ਘਟਨਾ ਦੇ ਸਬੰਧ ਵਿਚ ਜ਼ਿਲ੍ਹਾ ਪੁਲਿਸ ਮੁਖੀ ਫਿਰੋਜ਼ਪੁਰ ਤੋਂ ਇਲਾਵਾ ਸਬੰਧਤ ਥਾਣਾ ਮਮਦੋਟ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਦੂਜੇ ਪਾਸੇ ਇਸ ਕੇਸ ਦੀ ਜਾਂਚ ਕਰ ਰਹੇ ਥਾਣਾ ਮਮਦੋਟ ਦੇ ਸਬ ਇੰਸਪੈਕਟਰ ਵਜੀਰ ਚੰਦ ਨੇ ਦੱਸਿਆ ਕਿ ਸ਼ਿਕਾਇਤਕਰਤਾ ਏਐੱਸਆਈ ਸੁਖਦੇਵ ਰਾਜ ਦੇ ਬਿਆਨਾਂ ਦੇ ਆਧਾਰ 'ਤੇ ਅੰਗਰੇਜ਼ ਸਿੰਘ ਪੁੱਤਰ ਬਲਕਾਰ ਸਿੰਘ, ਜਰਮਨ ਸਿੰਘ ਉਰਫ ਦਰਸ਼ਨ ਸਿੰਘ ਪੁੱਤਰ ਸਾਹਿਬ ਸਿੰਘ ਅਤੇ ਹਰਮੀਤ ਸਿੰਘ ਪੁੱਤਰ ਸੋਹਣ ਸਿੰਘ ਵਾਸੀਅਨ ਪਿੰਡ ਚੱਕ ਹਰਾਜ ਬੈਰਕਾਂ ਅਤੇ 6-7 ਅਣਪਛਾਤੇ ਵਿਅਕਤੀਆਂ ਦੇ ਵਿਰੁੱਧ ਧਾਰਾ 341, 353, 186, 225, 427, 148, 149 ਆਈਪੀਸੀ ਐਕਟ ਤਹਿਤ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। ਸਬ ਇੰਸਪੈਕਟਰ ਵਜੀਰ ਚੰਦ ਨੇ ਦਾਅਵਾ ਕਰਦਿਆ ਹੋਇਆ ਦੱਸਿਆ ਕਿ ਫਰਾਰ ਹੋਏ ਮੁਲਜ਼ਮਾਂ ਦੀ ਗ੍ਰਿਫਤਾਰੀ ਸਬੰਧੀ ਪੁਲਿਸ ਦੇ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।