ਲੌਂਗੋਵਾਲ, 16 ਫ਼ਰਵਰੀ 2020 - ਬੀਤੇ ਦਿਨ ਸ਼ਨੀਵਾਰ ਨੂੰ ਸਕੂਲ ਤੋਂ ਛੁੱਟੀ ਤੋਂ ਬਾਅਦ ਲੌਂਗੋਵਾਲ 'ਚ ਵਾਪਰੇ ਭਿਆਨਕ ਸਕੂਲ ਵੈਨ ਹਾਦਸੇ 'ਚ ਮਾਰੇ ਗਏ ਚਾਰਾਂ ਮਾਸੂਮ ਬੱਚਿਆਂ ਦਾ ਅੱਜ ਇੱਥੋਂ ਦੇ ਰਾਮ ਬਾਗ 'ਚ ਵਿਖੇ ਇਕੱਠਿਆਂ ਦਾ ਹੀ ਅੰਤਿਮ ਸਸਕਾਰ ਕੀਤਾ ਗਿਆ। ਸਸਕਾਰ ਮੌਕੇ ਇਸ ਹਾਦਸੇ ਦਾ ਸ਼ਿਕਾਰ ਹੋਏ ਬੱਚਿਆਂ ਦੇ ਪਰਿਵਾਰਾਂ ਦਾ ਰੋ-ਰੋ ਬੁਰਾ ਹਾਲ ਸੀ। ਤੁਹਾਨੂੰ ਦੱਸ ਦੇਈਏ ਕਿ ਇਸ ਹਾਦਸੇ 'ਚ ਸੁਖਜੀਤ ਕੌਰ, ਪੁੱਤਰੀ ਜਗਸੀਰ ਸਿੰਘ, ਨਵਜੋਤ ਕੌਰ, ਪੁੱਤਰੀ ਜਸਵੀਰ ਸਿੰਘ, ਸਿਮਰਜੀਤ ਸਿੰਘ, ਪੁੱਤਰ ਕੁਲਵੰਤ ਸਿੰਘ ਅਤੇ ਆਰਾਧਿਆ, ਪੁੱਤਰੀ ਸਤਪਾਲ ਦੀ ਮੌਤ ਹੋ ਗਈ ਸੀ।
ਬੀਤੇ ਦਿਨ ਹੋਏ ਹਾਦਸੇ ਤੋਂ ਬਾਅਦ ਬੱਚਿਆਂ ਦੀਆਂ ਮ੍ਰਿਤਕ ਦੇਹਾਂ ਨੂੰ ਸੰਗਰੂਰ ਸਿਵਲ ਹਸਪਤਾਲ 'ਚ ਪੋਸਟਮਾਰਟਮ ਲਈ ਭੇਜਿਆ ਗਿਆ ਸੀ। ਅੱਜ ਐਤਵਾਰ ਸਵੇਰੇ ਪੋਸਟਮਾਰਟਮ ਤੋਂ ਬਾਅਦ 9.30 ਵਜੇ ਜਦੋਂ ਐਂਬੂਲੈਂਸ ਬੱਚਿਆਂ ਦੀਆਂ ਮ੍ਰਿਤਕ ਦੇਹਾਂ ਨੂੰ ਲੈ ਕੇ ਰਾਮ ਬਾਗ ਲੌਂਗੋਵਾਲ ਵਿਖੇ ਪੁੱਜੀ ਤਾਂ ਸਮੁੱਚਾ ਮਾਹੌਲ ਗ਼ਮਗੀਨ ਹੋ ਗਿਆ। ਮ੍ਰਿਤਕ ਬੱਚਿਆਂ ਦੇ ਪਰਿਵਾਰਕ ਮੈਂਬਰ ਤੇ ਨੇੜਲੇ ਰਿਸ਼ਤੇਦਾਰ ਧਾਹਾਂ ਮਾਰ-ਮਾਰ ਕੇ ਰੋ ਰਹੇ ਸਨ ਅਤੇ ਮੌਕੇ 'ਤੇ ਮੌਜੂਦ ਹਰ ਵਿਅਕਤੀ ਦੀ ਅੱਖ ਨਮ ਸੀ। ਚਾਰੇ ਬੱਚਿਆਂ ਦਾ ਵੱਖ-ਵੱਖ ਚਿਤਾਵਾਂ 'ਚ ਧਾਰਮਿਕ ਰਹੁਰੀਤਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ।
ਇਸ ਮੌਕੇ ਇਲਾਕੇ ਦੇ ਲੋਕ ਵੱਡੀ ਗਿਣਤੀ 'ਚ ਮਾਸੂਮਾਂ ਨੂੰ ਸ਼ਰਧਾਂਜਲੀ ਦੇਣ ਆਏ ਹੋਏ ਸਨ।