ਅਸ਼ੋਕ ਵਰਮਾ
ਬਠਿੰਡਾ, 16 ਫਰਵਰੀ 2020 - ਮੋਟੀਆਂ ਫੀਸਾਂ ਵਸੂਲ ਕੇ ਬੱਚਿਆਂ ਅਤੇ ਉਨਾਂ ਦੇ ਮਾਪਿਆਂ ਨੂੰ ਸਿੱਖਿਆ ਸਬੰਧੀ ਸੁਨਿਹਰੀ ਸੁਪਨੇ ਦਿਖਾਉਣ ਵਾਲੇ ਬਠਿੰਡਾ ਪੱਟੀ ਦੇ ਕਾਫੀ ਗਿਣਤੀ ਪ੍ਰਾਈਵੇਟ ਸਕੂਲਾਂ ਦੀ ‘ਬੱਸ ਸੇਵਾ’ ਅਧਿਕਾਰੀਆਂ ਵੱਲੋਂ ਕੀਤੇ ਜਾਂਦੇ ਸੁਧਾਰਾਂ ਦੇ ਦਾਅਵਿਆਂ ਦੇ ਬਾਵਜੂਦ ਪ੍ਰੇਸ਼ਾਨੀ ਦਾ ਸਬੱਬ ਬਣੀ ਹੋਈ ਹੈ। ਚਾਲਕਾਂ ਅਤੇ ਮਾਲਕਾਂ ਵੱਲੋਂ ਟ੍ਰਾਂਸਪੋਰਟ ਵਿਭਾਗ ਦੇ ਨਿਯਮਾਂ ਨੂੰ ਛਿੱਕੇ ਟੰਗ ਕੇ ਬੱਸਾਂ ਅਤੇ ਆਟੋਆਂ ਵਿੱਚ ਤੂੜੇ ਜਾਂਦੇ ਬੱਚਿਆਂ ਤੇ ਹਰ ਵੇਲੇ ਮੌਤ ਦਾ ਸਾਇਆ ਮੰਡਰਾਉਂਦਾ ਰਹਿੰਦਾ ਹੈ।
ਹੈਰਾਨਕੁੰਨ ਹੈ ਕਿ ਸਕੂਲ ਪ੍ਰਬੰਧਕ ਇਸ ਵਰਤਾਰੇ ਵੱਲੋਂ ਅੱਖਾਂ ਮੀਟੀ ਬੈਠੇ ਹਨ। ਸੰਗਰੂਰ ਜ਼ਿਲੇ ’ਚ 4 ਬੱਚਿਆਂ ਦੀ ਜਾਨ ਦਾ ਖੌਅ ਬਣੀ ਇੱਕ ਸਕੂਲ ਵੈਨ ਦੇ ਮਾਮਲੇਾ ’ਚ ਮਾਪਿਆਂ ਦੀ ਜੁਬਾਨ ’ਤੇ ਇਹੋ ਸਵਾਲ ਹੈ ਕਿ ਸ਼ਾਇਦ ‘ਪ੍ਰਸ਼ਾਸ਼ਨ’ ਨੂੰ ਇੱਥੇ ਵੀ ਕਿਸੇ ਵੱਡੇ ਹਾਦਸੇ ਦਾ ਇੰਤਜਾਰ ਹੈ। ਗੌਰਤਲਬ ਹੈ ਕਿ ਬਠਿੰਡਾ ਅਤੇ ਖੇਤਰ ਦੇ ਸੈਂਕੜੇ ਪਿੰਡਾਂ ’ਚੋਂ ਵਿਦਿਆਰਥੀਆਂ ਨੂੰ ਰੋਜ਼ਾਨਾ ਇਕੱਠੇ ਕਰਕੇ ਸਕੂਲਾਂ ’ਚ ਲਿਆਉਣ ਅਤੇ ਵਾਪਿਸ ਘਰ ਪਹੁੰਚਾਉਣ ਲਈ ਪ੍ਰਾਈਵੇਟ ਸਕੂਲਾਂ ਵੱਲੋਂ ਆਪੋ ਆਪਣੇ ਢੰਗਾਂ ਨਾਲ ਟਰਾਂਸਪੋਰਟ ਸੇਵਾ ਸ਼ੁਰੂ ਕੀਤੀ ਹੋਈ ਹੈ। ਇਸ ਸਹੂਲਤ ਦੇ ਇਵਜ਼ ’ਚ ਬੱਚਿਆਂ ਦੇ ਮਾਪਿਆਂ ਤੋਂ ਹਰੇਕ ਮਹੀਨੇ ਮੋਟੇ ਪੈਸੇ ਵਸੂਲੇ ਜਾਂਦੇ ਹਲ।
ਸਵੇਰੇ ਬੱਚਿਆਂ ਨੂੰ ਲਿਆਉਣ ਅਤੇ ਛੁੱਟੀ ਤੋਂ ਬਾਅਦ ਛੱਡਣ ਜਾਣ ਵੇਲੇ ਘੁੰਮਦੀਆਂ ਸਕੂਲ ਬੱਸਾਂ ਆਪਣੀ ਮਿਸਾਲ ਖੁਦ ਬਿਆਨ ਕਰਦੀਆਂ ਹਨ। ‘ ਬਾਬੂਸ਼ਾਹੀ ’ ਵੱਲੋਂ ਕੀਤੀ ਪੜਤਾਲ ਮੁਤਾਬਕ ਸਕੂਲੀ ਗੱਡੀਆਂ ’ਚ ਨਾ ਕੇਵਲ ਸਮਰੱਥਾ ਤੋਂ ਵੱਧ ਬੱਚੇ ਬਿਠਾਏ ਜਾਂਦੇ ਹਨ ਬਲਕਿ ਸੁਰੱਖਿਆ ਸਬੰਧੀ ਮਾਪਦੰਡਾਂ ਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ। ਦੇਖਣ ’ਚ ਆਇਆ ਹੈ ਕਿ 4-5 ਸਵਾਰੀਆਂ ਲਈ ਮਨਜੂਰ ਆਟੋ ਵਿੱਚ 8 ਤੋਂ 10 ਬੱਚੇ ਬੈਠੇ ਹੁੰਦੇ ਹਨ ਜਦੋਂਕਿ 7 ਸੀਟਾਂ ਵਾਲੀ ਵੈਨ ਵਿੱਚ 12 ਤੋਂ 15 ਅਤੇ 50 ਸੀਟਾਂ ਵਾਲੀ ਬੱਸ ਵਿੱਚ 60 ਤੋਂ 70 ਤੱਕ ਬੱਚੇ ਚੜਾਏ ਜਾਂਦੇ ਹਨ। ਕਈ ਬੱਸਾਂ ਤਾਂ ਅਜਿਹੀਆਂ ਵੀ ਦੇਖੀਆਂ ਗਈਆਂ ਜਿੰਨਾਂ ’ਚ ਬੱਚੇ ਖੜਕੇ ਮੰਜਿਲ ਤੈਅ ਕਰਦੇ ਹਨ ਅਤੇ ਕਈਆਂ ਵਿੱਚ ਤਾਂ ਬਸਤਿਆਂ ਸਮੇਤ ਲਟਕਦੇ ਦੇਖਿਆ ਜਾ ਸਕਦਾ ਹੈ। ਇਸ ਤਰਾਂ ਹੀ ਵਿਦਿਆਰਥੀਆਂ ਨੂੰ ਢੋਹਣ ਲਈ ਵਰਤੇ ਜਾ ਰਹੀਆਂ ਹੋਰ ਗੱਡੀਆਂ ਵਿੱਚ ਵੀ ਸਮਰੱਥਾ ਨਾਲੋਂ ਵੱਧ ਬੱਚੇ ਬਿਠਾ ਕੇ ਉਨਾਂ ਦੀ ਜਾਨ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ।
ਕੁੱਝ ਮਾਪਿਆਂ ਨੇ ਦੱਸਿਆ ਕਿ ਕੰਡਕਟਰ ਵੀ ਕਈ ਬੱਸਾਂ ’ਚ ਗਾਇਬ ਹਨ ਅਤੇ ਮਹਿਲਾ ਅਟੈਂਡੈਂਟ ਵੀ ਘੱਟ ਵੱਧ ਹਨ। ਉਨਾਂ ਆਖਿਆ ਕਿ ਏਦਾਂ ਦੀਆਂ ਕਥਿਤ ਲਾਪਰਵਾਹੀਆਂ ਕਾਰਨ ਬੱਚਿਆਂ ਦੀ ਜਿੰਦਗੀ ਨੂੰ ਖਤਰਾ ਹੈ। ਉਨਾਂ ਦੱਸਿਆ ਕਿ ਕਈ ਨਾਮੀ ਗਿਰਾਮੀ ਸਕੂਲ ਵੀ ਕਾਨੂੰਨ ਦੀ ਪਾਲਣਾ ਨਹੀਂ ਕਰ ਰਹੇ ਹਨ। ਟ੍ਰਾਂਸਪੋਰਟ ਵਿਭਾਗ ਦੇ ਨਿਯਮਾਂ ਅਨੁਸਾਰ ਸਕੂਲ ਦੀ ਹਰੇਕ ਬੱਸ ਅੱਗੇ ਰੂਟ ਨੰਬਰ ਅਤੇ ਪਿੰਡ ਦਾ ਨਾਂ ਲਿਖਣਾ ਲਾਜਮੀ ਹੈ। ਇਵੇਂ ਹੀ ਡਰਾਈਵਰ ਲਈ ਵਰਦੀ ਪਹਿਨਣਾ ਅਤੇ ਕਮੀਜ ਤੇ ਉਸਦੇ ਨਾਂ ਦੀ ਪਲੇਟ ਲੱਗੀ ਹੋਣੀ ਚਾਂਹੀਦੀ ਹੈ। ਦੇਖਿਆ ਗਿਆ ਕਿ ਇੰਨਾਂ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ।
ਮਿਆਦੀ ਪੁੱਗੀਆਂ ਗੱਡੀਆਂ ਖਤਰੇ ਦਾ ਸਬੱਬ....
ਪਤਾ ਲੱਗਾ ਹੈ ਕਿ ਸਕੂਲਾਂ ਦੇ ਬੱਚਿਆਂ ਨੂੰ ਲਿਜਾਣ ਲਈ ਵਰਤੀਆਂ ਜਾਂਦੀਆਂ ਇਹ ਗੱਡੀਆਂ ਉਨਾਂ ਸੂਬਿਆਂ ’ਚੋਂ ਖਰੀਦੀਆਂ ਜਾਂਦੀਆਂ ਹਨ ਜਿੰਨਾਂ ’ਚ ਮਿਆਦ ਪੁੱਗਣ ਤੋਂ ਬਾਅਦ ਚਲਾਉਣ ਦੀ ਮਨਾਹੀ ਹੈ। ਉੱਥੇ ਸਰਕਾਰਾਂ ਨੇ ਸਖਤੀ ਕੀਤੀ ਹੋਈ ਹੈ ਜਿਸ ਕਰਕੇ ਇਹ ਗੱਡੀਆਂ ਪੰਜਾਬ ਦੇ ਲੋਕ ਲੈ ਆਉਂਦੇ ਹਨ। ਖਾਸ ਤੌਰ ਤੇ ਮਹਿੰਗੀ ਗੱਡੀ ਖਰੀਦਣ ਦੀ ਪਹੁੰਚ ਨਾ ਹੋਣ ਕਰਕੇ ਇਹ ਲੋਕ ਅਜਿਹੇ ਰਾਂਜਾਂ ਚੋਂ ਖਰੀਦ ਲੈਂਦੇ ਹਨ। ਇਹ ਵਾਹਨ ਉੱਧਰ ਮਿਥੀ ਸਮਾਂ ਹੱਦ ਤੋਂ ਬਾਅਦ ਸੜਕਾਂ ਤੇ ਨਹੀਂ ਚਲਾਏ ਜਾ ਸਕਦੇ ਜਿਸ ਕਰਕੇ ਇਹ ਸਸਤੇ ਮਿਲ ਜਾਂਦੇ ਹਨ।
ਕਾਨੂੰਨ ਤੋੜਨ ਵਾਲਿਆਂ ਖਿਲਾਫ ਸਖਤੀ: ਐਸਐਸਪੀ....
ਸੀਨੀਅਰ ਪੁਲਿਸ ਕਪਤਾਨ ਬਠਿੰਡਾ ਡਾ ਨਾਨਕ ਸਿੰਘ ਦਾ ਕਹਿਣਾ ਸੀ ਕਿ ਜਿਲਾ ਪੁਲਿਸ ਪਹਿਲਾਂ ਹੀ ਨਿਯਮ ਤੋੜਨ ਵਾਲੀਆਂ ਸਕੂਲ ਬੱਸਾਂ ਆਦਿ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਆਵਾਜਾਈ ਕਾਨੂੰਨਾਂ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਖਤੀ ਨਾਲ ਪੇਸ਼ ਆਇਆ ਜਾਏਗਾ ਜਿਸ ਲਈ ਹੁਕਮ ਦੇ ਦਿੱਤੇ ਗਏ ਹਨ।
ਬੱਚਿਆਂ ਦੀ ਜਾਨ ਨਾਂਲ ਖੇਡਣ ਦੀ ਇਜਾਜਤ ਨਹੀਂ....
ਡਿਪਟੀ ਕਮਿਸ਼ਨਰ ਬਠਿੰਡਾ ਬੀ ਸ਼੍ਰੀਨਿਵਾਸਨ ਦਾ ਕਹਿਣਾ ਸੀ ਕਿ ਸਕੂਲ ਪ੍ਰਬੰਧਕਾਂ ਨੂੰ ਸਕੂਲੀ ਬੱਸ ਸੇਵਾ ’ਚ ਸੁਧਾਰ ਲਿਆਉਣ ਅਤੇ ਨਿਯਮਾਂ ਦੀ ਪਾਲਣਾ ਕਰਨ ਲਈ ਆਦੇਸ਼ ਜਾਰੀ ਕੀਤੇ ਜਾ ਰਹੇ ਹਨ। ਉਨਾਂ ਕਿਹਾ ਕਿ ਬੱਚਿਆਂ ਦੀ ਜਾਨ ਨਾਂਨ ਖੇਡਣ ਦੀ ਕਿਸੇ ਨੂੰ ਇਜਾਜਤ ਨਹੀਂ ਦਿੱਤੀ ਜਾਏਗੀ।
ਨਿਯਮਾਂ ਨੂੰ ਟਿੱਚ ਜਾਣਦੇ ਹਨ ਚਾਲਕ....
ਪੇਰੈਂਟਸ ਰਾਈਟ ਐਸੋਸੀਏਸ਼ਨ ਦੇ ਜਰਨਲ ਸਕੱਤਰ ਸੰਜੀਵ ਜਿੰਦਲ ਦਾ ਕਹਿਣਾ ਸੀ ਕਿ ਸਕੂਲਾਂ ’ਚ ਬੱਚੇ ਲਿਜਾਣ ਵਾਲੀਆਂ ਗੱਡੀਆਂ ਦਾ ਕਾਫੀ ਚਾਲਕ ਨਿਯਮਾਂ ਨੂੰ ਟਿੱਚ ਜਾਣਦੇ ਹਨ। ਉਨਾਂ ਆਖਿਆ ਕਿ ਪ੍ਰਸ਼ਾਸ਼ਨ ਨੂੰ ਅਜਿਹੇ ਵਾਹਨ ਚਾਲਕਾਂ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਉਨਾਂ ਆਖਿਆ ਕਿ ਜਿਲਾ ਪ੍ਰਸ਼ਾਸ਼ਨ ਸ਼ਾਇਦ ਕਿਸੇ ਭਿਆਨਕ ਹਾਦਸੇ ਦੀ ਉਡੀਕ ’ਚ ਹੈ। ਉਨਾਂ ਇਸ ਮਾਮਲੇ ’ਚ ਮਾਪਿਆਂ ਨੂੰ ਵੀ ਚੌਕਸੀ ਵਰਤਣ ਦੀ ਅਪੀਲ ਕੀਤੀ ਹੈ।