ਜ਼ਿਲ੍ਹਾ ਅਧਿਕਾਰੀਆਂ ਦੀ ਹੰਗਾਮੀ ਮੀਟਿੰਗ ਲੈਂਦੇ ਹੋਏ ਅਰਵਿੰਦ ਪਾਲ ਸਿੰਘ ਸੰਧੂ ਡਿਪਟੀ ਕਮਿਸ਼ਨਰ ਫਾਜ਼ਿਲਕਾ
ਜਗਦੀਸ਼ ਥਿੰਦ
ਫਾਜ਼ਿਲਕਾ, 16 ਫਰਵਰੀ:
ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਅੰਦਰ ਸਕੂਲੀ ਬੱਚਿਆ ਦੀ ਸੁਰੱਖਿਆ ਦੇ ਮੱਦੇਨਜ਼ਰ ਟਰਾਂਸਪੋਰਟ ਵਿਭਾਗ ਨੂੰ ਸਕੂਲੀ ਵਾਹਨਾਂ ਦੀ ਸਖ਼ਤੀ ਨਾਲ ਜਾਂਚ ਕਰਨ ਅਤੇ ਸੜਕੀ ਹਾਦਸਿਆਂ ਨੂੰ ਰੋਕਣ ਲਈ ਮੋਟਰ ਵਹੀਕਲ ਐਕਟ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨਾਂ ਚਾਲਕਾਂ ਨਾਲ ਸਖ਼ਤੀ ਨਾਲ ਨਜਿੱਠਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਮੁੱਖ ਮੰਤਰੀ ਪੰਜਾਬ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਜ਼ਿਲ੍ਹਾ ਫਾਜ਼ਿਲਕਾ ਅੰਦਰ ਆਵਾਜਾਈ ਨਿਯਮਾਂ ਅੰਦਰ ਉਣਤਾਈਆਂ ਕਰਨ ਵਾਲੇ ਵਾਹਨਾਂ ਚਾਲਕਾਂ ਤੇ ਸਖ਼ਤ ਕਾਰਵਾਈ ਕਰਨ ਦੇ ਮੰਤਵ ਤਹਿਤ ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ਼ ਦੇ ਮੀਟਿੰਗ ਹਾਲ ਵਿਖੇ ਸੜਕ ਸੁਰੱਖਿਆ ਕਮੇਟੀ ਦੀ ਅਹਿਮ ਮੀਟਿੰਗ ਕੀਤੀ।
ਸ. ਸੰਧੂ ਨੇ ਟੈ੍ਰਫਿਕ ਪੁਲਿਸ, ਟਰਾਂਸਪੋਰਟ ਵਿਭਾਗ ਅਤੇ ਜ਼ਿਲ੍ਰਾ ਬਾਲ ਸੁਰੱਖਿਆ ਅਫ਼ਸਰ ਨੂੰ ਸਾਂਝੇ ਤੌਰ ’ਤੇ ਸਕੂਲੀ ਵਾਹਨਾਂ ਦੀ ਸਮੇਂ ਸਮੇਂ ਜਾਂਚ ਕਰਨ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਸਕੂਲ ਪ੍ਰਬੰਧਕਾਂ ਅਤੇ ਵਾਹਨ ਚਾਲਕਾਂ ਦੇ ਖਿਲਾਫ਼ ਸਖ਼ਤ ਕਾਰਵਾਈ ਅਮਲ ’ਚ ਲਿਆਉਣ ਦੀ ਹਦਾਇਤ ਕੀਤੀ। ਉਨ੍ਹਾਂ ਸਕੂਲੀ ਵਾਹਨਾਂ ਅੰਦਰ ਅੱਗ ਬੁਝਾਊ ਯੰਤਰ, ਮੁਢਲੀ ਸਹਾਇਤਾ ਲਈ ਦਵਾਈਆਂ, (ਫਸਟ ਏਡ ਕਿੱਟ) ਸੀ.ਸੀ.ਟੀ.ਵੀ ਕੈਮਰੇ, ਵਾਹਨਾਂ ਵਿੱਚ ਬੱਚਿਆਂ ਨੰੂ ਲਿਜਾਉਣ ਸਮੇਂ ਲੇਡੀ ਅਟੈਂਡੈਂਟ ਦਾ ਲਾਜ਼ਮੀ ਹੋਣਾ, ਸਪੀਡ ਗਵਰਨਰ, ਬੱਚਿਆ ਦੀ ਸੁਰੱਖਿਆ ਲਈ ਸਾਈਡ ਗਰਿੱਲਾਂ ਦੀ ਫਿਟਿੰਗ, ਵਾਹਨਾਂ ਉਪਰ ਸਕੂਲ ਪਿ੍ਰੰਸੀਪਲ ਅਤੇ ਵਾਹਨ ਮਾਲਕ ਦਾ ਮੋਬਾਇਲ ਨੰਬਰ ਲਿਖਿਆ ਹੋਣਾ ਆਦਿ ਨਿਯਮਾਂ ਦੀ ਪਾਲਣਾ ਹਰ ਹਾਲਤ ਵਿੱਚ ਯਕੀਨੀ ਬਣਾਉਣ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਬੱਸ ਦੇ ਦਸਤਾਵੇਜ ਜਿਵੇਂ ਕਿ ਆਰ.ਸੀ., ਪਰਮਿਟ (50 ਕਿਲੋਮੀਟਰ ਦੀ ਹੱਦ), ਇੰਸ਼ੋਰੈਂਸ, ਡਰਾਈਵਰ ਕੋਲ ਆਪਣਾ ਕਮਰਸ਼ਿਅਲ ਲਾਇਸੈਂਸ, ਡਰਾਈਵਰ ਯੂਨੀਫਾਰਮ (ਗਰੇਅ ਰੰਗ), ਡਰਾਈਵਰ ਨੇਮ ਪਲੇਟ ਤੇ ਮੋਬਾਈਲ ਨੰਬਰ, ਬੱਸ ਦੇ ਪਿਛੇ ਸ਼ਿਕਾਇਤ ਨੰਬਰ, ਸਕੂਲ ਬੱਸ ਦਾ ਨਾਮ (ਅੱਗੇ ਤੇ ਪਿਛੇ), ਬੱਸ ’ਤੇ ਚੜ੍ਹਨ ਲਈ ਪਹਿਲਾ ਸਟੈਪ ਜਮੀਨ ਤੋਂ 9 ਇੰਚ ਤੱਕ, ਬੱਸ ਦੇ ਪਿਛੇ ਚਾਈਲਡ ਹੈਲਪਲਾਈਨ ਨੰਬਰ 1098, ਪੁਲਿਸ ਹੈਲਪਲਾਈਨ ਨੰਬਰ 112, ਬੱਸ ਅੰਦਰ ਬੱਚਿਆਂ ਦੀ ਗਿਣਤੀ ਆਰ.ਸੀ. ਮੁਤਾਬਕ ਹੋਣੀ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਬੱਸ ਇਹ ਸ਼ਰਤਾਂ ਪੂਰੀਆਂ ਨਹੀਂ ਕਰਦੀ ਤਾਂ ਸਕੂਲ ਮੁੱਖੀ ਖਿਲਾਫ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਨ੍ਹਾਂ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਪੁਰਾਣੀਆਂ ਖਸਤਾ ਹਾਲਤ ਵਾਲੀਆਂ ਬੱਸਾਂ ਤੇ ਗੈਰ ਮਨਜ਼ੂਰ ਸ਼ੁਦਾ ਗੈਸ ਕਿੱਟਾਂ ਵਾਲੀਆਂ ਗੱਡੀਆਂ ’ਤੇ ਚਲਾਨ ਕੀਤੇ ਜਾਣ ਦੀ ਹਦਾਇਤ ਕੀਤੀ।
ਡਿਪਟੀ ਕਮਿਸ਼ਨਰ ਨੇ ਇਹ ਵੀ ਹਦਾਇਤ ਕੀਤੀ ਕਿ ਸਕੂਲ ਮੁਖੀਆਂ ਵੱਲੋਂ ਬੱਚਿਆਂ ਦੇ ਮਾਪਿਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਜਾਣੂੰ ਕਰਵਾਇਆ ਜਾਵੇ ਕਿ ਨਵੇਂ ਮੋਟਰ ਵਹੀਕਲ ਐਕਟ ਮੁਤਾਬਕ ਜੇਕਰ ਕੋਈ ਨਾਬਾਲਗ ਬੱਚਾ ਵਹੀਕਲ ਚਲਾਉਂਦਾ ਹੈ ਤਾਂ ਉਸ ਦੇ ਮਾਪਿਆਂ ਨੂੰ 3 ਸਾਲ ਦੀ ਸਜ਼ਾ ਤੇ 25 ਹਜਾਰ ਰੁਪਏ ਦਾ ਜੁਰਮਾਨ ਹੋ ਸਕਦਾ ਹੈ। ਉਨ੍ਹਾਂ ਸਮੂਹ ਹਾਜ਼ਰੀਨ ਨੂੰ ਹਦਾਇਤ ਕਰਦਿਆਂ ਕਿਹਾ ਕਿ ਰੋਜ਼ਾਨਾ ਦੀ ਰੋਜ਼ਾਨਾ ਕਾਰਵਾਈ ਕਰਕੇ ਰਿਪੋਰਟ ਦਫ਼ਤਰ ਡਿਪਟੀ ਕਮਿਸ਼ਨਰ ਨੂੰ ਭੇਜਣੀ ਯਕੀਨੀ ਬਣਾਈ ਜਾਵੇ।
ਉਨ੍ਹਾਂ ਕਿਹਾ ਕਿ ਸਕੂਲੀ ਵਾਹਨਾਂ ਪ੍ਰਤੀ ਅਣਗਹਿਲੀ ਕਰਨ ਵਾਲੇ ਸਕੂਲ ਪ੍ਰਬੰਧਕਾਂ ਅਤੇ ਅਧੂਰੇ ਦਸਤਾਵੇਜ਼ ਰੱਖਣ ਵਾਲੇ ਹਰੇਕ ਵਾਹਨ ਚਾਲਕ ਨੂੰ ਸਖ਼ਤੀ ਨਾਲ ਨਜਿੱਠਿਆ ਜਾਵੇ, ਤਾਂ ਜੋ ਲਾਪਰਵਾਹੀ ਕਾਰਣ ਕੋਈ ਅਣਸੁਖਾਵੀਂ ਘਟਨਾਂ ਨਾ ਵਾਪਰ ਸਕੇ। ਉਨ੍ਹਾਂ ਟਰਾਂਸਪੋਰਟ ਵਿਭਾਗ ਤੋਂ ਆਏ ਅਧਿਕਾਰੀਆਂ ਅਤੇ ਟੈ੍ਰਫਿਕ ਪੁਲਿਸ ਦੇ ਅਧਿਕਾਰੀਆਂ ਨੂੰ ਸਮੇਂ ਸਮੇਂ ਤੇ ਆਵਾਜਾਈ ਨਿਯਮਾਂ ਪ੍ਰਤੀ ਜਾਗਰੂਕਤਾ ਕੈਂਪ ਲਗਾਉਣ ਦੇ ਆਦੇਸ਼ ਜਾਰੀ ਕੀਤੇ। ਉਨ੍ਹਾਂ ਕਿਹਾ ਕਿ ਵਾਹਨ ਚਾਲਕਾਂ ਨੂੰ ਅੱਖਾਂ ਦੀ ਜਾਂਚ ਅਤੇ ਨਸ਼ਾ ਨਾ ਕਰਕੇ ਗੱਡੀ ਚਲਾਉਣ ਲਈ ਵਿਸ਼ੇਸ ਤੌਰ ਤੇ ਪੇ੍ਰਰਿਤ ਕੀਤਾ ਜਾਵੇ ਤਾਂ ਜੋ ਕਿਸੇ ਦੀ ਕੀਮਤੀ ਜਾਨ ਦਾ ਨੁਕਸਾਨ ਨਾ ਹੋ ਸਕੇ।
ਇਸ ਮੌਕੇ ਐਸ.ਡੀ.ਐਮ. ਅਬੋਹਰ ਵਿਨੋਦ ਕੁਮਾਰ ਬਾਂਸਲ, ਜ਼ਿਲ੍ਹਾ ਸਿੱਖਿਆ ਅਫ਼ਸਰ ਸਤਿੰਦਰ ਬੀਰ ਸਿੰਘ, ਬਾਲ ਸੁਰੱਖਿਆ ਅਫ਼ਸਰ ਮੈਡਮ ਰੀਤੂ ਬਾਲਾ, ਆਰ.ਟੀ.ਏ. ਵਿਭਾਗ ਦੇ ਨੁਮਾਇੰਦੇ ਜਸਵਿੰਦਰ ਸਿੰਘ ਚਾਵਲਾ, ਨਵਦੀਪ ਅਸੀਜਾ ਤੋਂ ਇਲਾਵਾ ਟਰੈਫਿਕ ਪੁਲਿਸ ਅਤੇ ਸਿੱਖਿਆ ਵਿਭਾਗ ਦੇ ਨੁਮਾਇੰਦੇ ਮੌਜੂਦ ਸਨ।