ਜਾਣਕਾਰੀ ਦਿੰਦੇ ਹੋਏ ਵਿਧਾਇਕ ਸ. ਕੁਲਜੀਤ ਸਿੰਘ ਨਾਗਰਾ
ਗੁਰਦੁਆਰਾ ਸ਼੍ਰੀ ਫ਼ਤਹਿਗੜ੍ਹ ਸਾਹਿਬ ਨੂੰ ਲਿੰਕ ਕਰਦੀਆਂ ਸਾਰੀਆਂ ਸੜਕਾਂ ਨੂੰ ਚੌੜਾ ਤੇ ਮਜਬੂਤ ਕੀਤਾ
ਹਲਕੇ ਦੇ ਵਿਕਾਸ ਲਈ ਖਰਚੇ ਗਏ 200 ਕਰੋੜ ਤੋਂ ਵੱਧ ਰੁਪਏ
ਦੀਦਾਰ ਗੁਰਨਾ
ਫ਼ਤਹਿਗੜ੍ਹ ਸਾਹਿਬ, 15 ਫਰਵਰੀ : ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਬਿਹਤਰ ਸੜਕ ਸਹੂਲਤਾਂ ਦੇਣ ਲਈ ਵਚਨਬੱਧ ਹੈ ਅਤੇ ਇਸੇ ਲੜੀ ਤਹਿਤ ਸਰਕਾਰ ਵੱਲੋਂ ਸਰਹਿੰਦ-ਚੁੰਨੀ-ਲਾਂਡਰਾ-ਚੰਡੀਗੜ੍ਹ ਰੋਡ ਦੀ ਸਪੈਸ਼ਲ ਮੁਰੰਮਤ ਨੂੰ ਮਨਜੂਰੀ ਦਿੱਤੀ ਹੈ ਜਿਸ ’ਤੇ 12 ਕਰੋੜ 50 ਲੱਖ 80 ਹਜ਼ਾਰ ਰੁਪਏ ਖਰਚ ਕੀਤੇ ਜਾਣਗੇ। ਇਹ ਜਾਣਕਾਰੀ ਮੁੱਖ ਮੰਤਰੀ ਪੰਜਾਬ ਦੇ ਸਲਾਹਕਾਰ ਤੇ ਸਥਾਨਕ ਵਿਧਾਇਕ ਸ. ਕੁਲਜੀਤ ਸਿੰਘ ਨਾਗਰਾ ਨੇ ਮੀਡੀਆ ਨਾਲ ਗੈਰ ਰਸਮੀ ਗੱਲਬਾਤ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ 28.30 ਕਿਲੋਮੀਟਰ ਲੰਮੀ ਇਸ ਸੜਕ ਦੀ ਸਪੈਸ਼ਲ ਮੁਰੰਮਤ ਨਾਲ ਹਲਕੇ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਲੋਕਾਂ ਨੂੰ ਆਵਾਜਾਈ ਦੀਆਂ ਬਿਹਤਰ ਸਹੂਲਤਾਂ ਮੁਹੱਈਆ ਹੋਣਗੀਆਂ।
ਵਿਧਾਇਕ ਨਾਗਰਾ ਨੇ ਦੱਸਿਆ ਕਿ ਫ਼ਤਹਿਗੜ੍ਹ ਸਾਹਿਬ ਹਲਕੇ ਦੀਆਂ ਲਿੰਕ ਸੜਕਾਂ ਦੀ ਮੁਰੰਮਤ ’ਤੇ 190 ਕਰੋੜ ਰੁਪਏ ਖਰਚ ਕੀਤੇ ਗਏ ਹਨ ਅਤੇ ਹਲਕੇ ਦੇ ਵੱਖ-ਵੱਖ ਵਿਕਾਸ ਕਾਰਜਾਂ ’ਤੇ 200 ਕਰੋੜ ਤੋਂ ਵੱਧ ਰਕਮ ਖਰਚ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸ਼੍ਰੀ ਫ਼ਤਹਿਗੜ੍ਹ ਸਾਹਿਬ ਨੂੰ ਲਿੰਕ ਕਰਦੀਆਂ ਸਾਰੀਆਂ ਸੜਕਾਂ ਨੂੰ ਚੌੜਾ ਤੇ ਮਜਬੂਤ ਕੀਤਾ ਗਿਆ ਹੈ ਤਾਂ ਜੋ ਸ਼ਹੀਦੀ ਸਭਾ ਦੌਰਾਨ ਆਉਣ ਵਾਲੀ ਸੰਗਤ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਸ. ਨਾਗਰਾ ਨੇ ਦੱਸਿਆ ਕਿ ਫ਼ਤਹਿਗੜ੍ਹ ਸਾਹਿਬ ਹਲਕੇ ਦਾ ਸਰਵਪੱਖੀ ਵਿਕਾਸ ਕਰਵਾ ਕੇ ਇਸ ਨੂੰ ਸੂਬੇ ਦਾ ਨਮੂਨੇ ਦਾ ਹਲਕਾ ਬਣਾਇਆ ਜਾਵੇਗਾ। ਉਨ੍ਹਾਂ ਅਕਾਲੀਆਂ ’ਤੇ ਵਰ੍ਹਦਿਆਂ ਕਿਹਾ ਕਿ ਪਿਛਲੇ 10 ਸਾਲ ਰਾਜ ਕਰਨ ਵਾਲੀ ਅਕਾਲੀ-ਭਾਜਪਾ ਸਰਕਾਰ ਨੇ ਹਮੇਸ਼ਾਂ ਪੰਥ ਦੇ ਨਾਮ ’ਤੇ ਵੋਟਾਂ ਮੰਗੀਆਂ ਜਦੋਂ ਕਿ ਮਹਾਨ ਸ਼ਹੀਦਾਂ ਦੀ ਧਰਤੀ ਫ਼ਤਹਿਗੜ੍ਹ ਸਾਹਿਬ ਦੇ ਵਿਕਾਸ ਲਈ ਕੁਝ ਵੀ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਅਕਾਲੀਆਂ ਨੇ ਇਸ ਹਲਕੇ ਦਾ ਵਿਕਾਸ ਕਰਵਾਇਆ ਹੁੰਦਾ ਤਾਂ ਇਸ ਹਲਕੇ ਦੀ ਨੁਹਾਰ ਹੀ ਬਦਲੀ ਹੋਈ ਹੋਣੀ ਸੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਫ਼ਤਹਿਗੜ੍ਹ ਸਾਹਿਬ ਹਲਕੇ ਦੇ ਵਿਕਾਸ ਲਈ ਕਈ ਵੱਡੇ ਪ੍ਰੋਜੈਕਟਾਂ ਨੂੰ ਮਨਜੂਰੀ ਦਿੱਤੀ ਹੈ ਜਿਸ ਨਾਲ ਹਲਕੇ ਦੀ ਨੁਹਾਰ ਬਦਲ ਜਾਵੇਗੀ । ਵਿਧਾਇਕ ਨਾਗਰਾ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਨੇ ਫੈਸਲਾ ਕੀਤਾ ਹੈ ਕਿ 5 ਏਕੜ ਜ਼ਮੀਨ ਦੇ ਮਾਲਕ ਕਿਸਾਨਾਂ ਅਤੇ ਖੇਤ ਮਜਦੂਰਾ ਦਾ ਕਰਜ਼ਾ ਮੁਆਫ ਕਰਨ ਦਾ ਫੈਸਲਾ ਕੀਤਾ ਹੈ ਜੋ ਕਿ ਛੇਤੀ ਹੀ ਮੁਆਫ ਕਰ ਦਿੱਤਾ ਜਾਵੇਗਾ।