ਸੰਜੀਵ ਸੂਦ
ਲੁਧਿਆਣਾ, 17 ਫਰਵਰੀ 2020 - ਖਬਰ ਲੁਧਿਆਣਾ ਦੇ ਗਿੱਲ ਰੋਡ ਤੋਂ ਹੈ ਜਿੱਥੇ ਚਾਰ ਨਕਾਬਪੋਸ਼ ਲੁਟੇਰਿਆਂ ਨੇ ਆਈ.ਆਈ.ਐੱਫ.ਐੱਲ. ਗੋਲਡ ਲੋਨ ਨਾਂਅ ਦੇ ਸ਼ੋਅਰੂਮ ਦੇ ਵਿੱਚ 30 ਕਿੱਲੋ ਸੋਨੇ 'ਤੇ ਹੱਥ ਸਾਫ ਕਰ ਦਿੱਤਾ ਹੈ। ਬੰਦੂਕ ਦੀ ਨੋਕ 'ਤੇ ਇਹ ਪੂਰੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਚੋਰੀ ਕੀਤੇ ਗਏ ਸੋਨੇ ਦੀ ਕੀਮਤ ਕਰੋੜਾਂ ਰੁਪਏ ਦੱਸੀ ਜਾ ਰਹੀ ਹੈ। ਮੌਕੇ 'ਤੇ ਪਹੁੰਚੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੇ ਕਿਹਾ ਹੈ ਕਿ ਮੁਲਜ਼ਮਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕੰਪਨੀ ਦੀ ਮੁਲਾਜ਼ਮ ਨੇ ਦੱਸਿਆ ਕਿ ਚਾਰ ਨਕਾਬਪੋਸ਼ ਲੁਟੇਰਿਆਂ ਵੱਲੋਂ ਬੰਦੂਕਾਂ ਕੱਢ ਕੇ ਉਨ੍ਹਾਂ 'ਤੇ ਤਾਣ ਦਿੱਤੀਆਂ ਗਈਆਂ ਅਤੇ ਉਸ ਤੋਂ ਬਾਅਦ ਇਸ ਪੂਰੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਲੁਟੇਰੇ ਐਨੇ ਸ਼ਾਤਰ ਸੀ ਕਿ ਉਨ੍ਹਾਂ ਨੇ ਪਹਿਲਾਂ ਸੀ.ਸੀ.ਟੀ.ਵੀ. ਕੈਮਰਿਆਂ ਨੂੰ ਤੋੜਿਆ ਅਤੇ ਫਿਰ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ। ਉਧਰ ਲੁੱਟ ਦੀ ਖ਼ਬਰ ਸੁਣਦਿਆਂ ਹੀ ਲੋਕ ਵੀ ਪਹੁੰਚਣ ਲੱਗੇ ਜਿਨ੍ਹਾਂ ਦਾ ਸੋਨਾ ਕੰਪਨੀ ਵਿੱਚ ਪਿਆ ਸੀ।
ਉੱਧਰ ਦੂਜੇ ਪਾਸੇ ਮੌਕੇ 'ਤੇ ਪਹੁੰਚੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਕਿਹਾ ਹੈ ਕਿ 30 ਕਿੱਲੋ ਦੇ ਕਰੀਬ ਸੋਨੇ ਦੀ ਲੁੱਟ ਹੋਈ ਹੈ ਅਤੇ ਸੀਸੀਟੀਵੀ ਖੰਗਾਲ ਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਜ਼ਿਕਰਯੋਗ ਹੈ ਕਿ ਲੁਧਿਆਣਾ ਦੇ ਵਿੱਚ ਇੱਕ ਤੋਂ ਬਾਅਦ ਇੱਕ ਲਗਾਤਾਰ ਲੁੱਟ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਨੇ ਅਤੇ ਪੁਲਿਸ ਹੱਥ ਤੇ ਹੱਥ ਧਰ ਕੇ ਬੈਠੀ ਹੈ।